ਬਰਨਾਲਾ,(ਜੀਵਨ ਰਾਮਗੜ੍ਹ)-ਸਥਾਨਕ ਇੱਕ ਪ੍ਰਾਈਵੇਟ ਕਲੋਨੀ ਵਾਸੀ ਦੇ ਘਰ ਅੱਗੇ ਭੇਤਭਰੀ ਹਾਲਤ ’ਚ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਨੇ ਕੂੜੇ ਦਾ ਵੱਡਾ ਢੇਰ ਲਗਾ ਦਿੱਤਾ। ਜਿਸ ਉਪਰੰਤ ਪੀੜਤ ਨੇ ਪੁਲਿਸ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਅੱਗੇ ਇਨਸਾਫ਼ ਦੀ ਗੁਹਾਰ ਲਾਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਾਈਵੇਟ ਕਲੋਨੀ ਵਾਸੀ ਤਰਸੇਮ ਲਾਲ ਨੇ ਦੱਸਿਆ ਕਿ ਉਸ ਨੂੰ ਸ਼ੱਕ ਸੀ ਕਿ ਨਗਰ ਕੌਂਸਲ ਬਰਨਾਲਾ ਵਿਖੇ ਵੱਡਾ ਘਪਲਾ ਹੋਇਆ ਹੈ ਜਿਸ ਦੇ ਤਹਿਤ ਉਸ ਨੇ ਨਗਰ ਕੌਂਸਲ ਨੂੰ ਆਰ.ਟੀ.ਆਈ. ਤਹਿਤ ਉਸ ਨੇ ਸੂਚਨਾ ਮੰਗੀ ਸੀ। ਪ੍ਰੰਤੂ ਇਥੋਂ ਦੇ ਇੱਕ ਅਧਿਕਾਰੀ ਵੱਲੋਂ ਉਸਨੂੰ ਉਕਤ ਆਰ.ਟੀ.ਆਈ. ਵਾਪਿਸ ਲੈਣ ਸਬੰਧੀ ਬੀਤੇ ਦਿਨਾਂ ਤੋਂ ਦਬਾਅ ਪਾਇਆ ਜਾ ਰਿਹਾ ਸੀ ਤੇ ਧਮਕੀਆਂ ਵੀ ਦਿੱਤੀਆਂ ਜਾ ਰਹੀਆ ਸਨ। ਜਿਸ ਦੀ ਲਿਖਤ ਸ਼ਿਕਾਇਤ ਇੰਡਸਟਰੀ ਚੌਂਕੀ ਵਿੱਚ ਦਿੱਤੀ ਗਈ। ਤਰਸੇਮ ਨੇ ਦੱਸਿਆ ਕਿ ਅੱਜ ਉਹ ਲੁਧਿਆਣੇ ਵਿਖੇ ਅਪਣਾ ਮੈਡੀਕਲ ਟੈਸਟ ਕਰਵਾਉਣ ਲਈ ਗਿਆ ਹੋਇਆ ਸੀ ਤਾਂ ਪਰਿਵਾਰਕ ਮੈਂਬਰਾਂ ਨੇ ਫੋਨ ਤੇ ਦੱਸਿਆ ਕਿ ਕੋਈ ਅਣਪਛਾਤੇ ਟਰਾਲੀ ਵਾਲੇ ਉਨ੍ਹਾਂ ਦੇ ਘਰ ਅੱਗੇ ਗੰਦਗੀ ਦੇ ਢੇਰ ਲਗਾ ਗਏ ਹਨ। ਉਹਨਾਂ ਕਿਹਾ ਕਿ ਉਸਨੇ ਕਿਸੇ ਵੀ ਰੰਜਿਸ਼ ਤਹਿਤ ਆਰ.ਟੀ.ਆਈ. ਤਹਿਤ ਸੂਚਨਾ ਨਹੀਂ ਮੰਗੀ ਸਗੋਂ ਘਪਲੇ ਦਾ ਪਰਦਾਫਾਸ਼ ਕਰਨ ਹਿੱਤ ਹੀ ਮਿਉਂਸਪਲ ਕਮੇਟੀ ਤੋਂ ਸੂਚਨਾਂ ਮੰਗੀ ਹੈ । ਪੀੜਿਤ ਵਿਅਕਤੀ ਨੇ ਪੁਲਿਸ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਉਸਦੇ ਘਰ ਅੱਗੇ ਕੂੜਾ ਸੁਟਣ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਜਦੋਂ ਥਾਣਾ ਸਿਟੀ ਦੇ ਇੰਚਾਰਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।