ਅੰਮ੍ਰਿਤਸਰ- ਨਾਮਧਾਰੀ ਸੰਪਰਦਾਇ ਦੇ ਦੋ ਧੜਿਆਂ ਵਿੱਚ ਸੋਮਵਾਰ ਨੂੰ ਕੰਪਨੀ ਬਾਗ ਵਿੱਚ ਕੀਤੇ ਗਏ ਸਮਾਗਮ ਦੋਰਾਨ ਜਮ ਕੇ ਲੜਾਈ ਹੋਈ।ਇਸ ਆਪਸੀ ਲੜਾਈ ਵਿੱਚ ਹੋਏ ਪਥਰਾਅ ਅਤੇ ਫਾਇਰਿੰਗ ਦੌਰਾਨ 10 ਦੇ ਕਰੀਬ ਲੋਕ ਜਖਮੀ ਹੋਏ। ਭਾਰੀ ਪੁਲਿਸ ਫੋਰਸ ਮੌਜੂਦ ਹੋਣ ਦੇ ਬਾਵਜੂਦ ਇਹ ਹਿੰਸਕ ਘਟਨਾ ਵਾਪਰੀ।
ਇਸ ਸਮਾਗਮ ਵਿੱਚ ਪੂਰੇ ਪੰਜਾਬ ਤੋਂ ਨਾਮਧਾਰੀ ਪਹੁੰਚੇ ਹੋਏ ਸਨ।ਮੰਚ ਤੇ ਮਾਤਾ ਚੰਦ ਕੌਰ ਅਤੇ ਗਦੀ ਨਸ਼ੀਨ ਨਵੇਂ ਮੁੱਖੀ ਉਦੈ ਸਿੰਘ ਵਿਰਾਜਮਾਨ ਸਨ।ਇਸ ਦੌਰਾਨ 20-25 ਹੱਥਿਆਰਬੰਦ ਵਿਅਕਤੀਆਂ ਨੇ ਆ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਉਹ ਫਾਇਰਿੰਗ ਕਰਦੇ ਹੋਏ ਸਮਾਗਮ ਵਾਲੇ ਸਥਾਨ ਤੋਂ ਬਾਹਰ ਚਲੇ ਗਏ। ਬਾਅਦ ਵਿੱਚ ਪਥਰਾਅ ਸ਼ੁਰੂ ਕਰ ਦਿੱਤਾ।ਉਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਇਸ ਨੂੰ ਰੋਕਣ ਦੀ ਬਜਾਏ ਉਥੋਂ ਖਿਸਕਣਾ ਮੁਨਾਸਿਬ ਸਮਝਿਆ।
ਨਾਮਧਾਰੀ ਗੁਰੂ ਦੀ ਮੌਤ ਤੋਂ ਬਾਅਦ ਗਦੀ ਨੂੰ ਲੈ ਕੇ ਉਨ੍ਹਾਂ ਦੇ ਪਰਿਵਾਰ ਵਿੱਚ ਝਗੜਾ ਚੱਲ ਰਿਹਾ ਹੈ।ਮਾਤਾ ਚੰਦ ਕੌਰ ਨੇ ਗਦੀ ਉਨ੍ਹਾਂ ਦੇ ਛੋਟੇ ਭਤੀਜੇ ਨੂੰ ਸੌਂਪ ਦਿੱਤੀ ਹੈ।ਵੱਡਾ ਭਤੀਜਾ ਠਾਕੁਰ ਦਲੀਪ ਸਿੰਘ ਇਸ ਤੋਂ ਖਫ਼ਾ ਹੈ ਅਤੇ ਉਹ ਇਸ ਗਦੀ ਤੇ ਆਪਣਾ ਹੱਕ ਸਮਝਦਾ ਹੈ।ਇਸ ਲਈ ਠਾਕੁਰ ਦਲੀਪ ਸਿੰਘ ਅਤੇ ਉਨ੍ਹਾਂ ਦੇ ਸਮਰਥੱਕਾਂ ਤੇ ਸਮਾਗਮ ਵਿੱਚ ਗੜਬੜ ਕਰਨ ਦਾ ਆਰੋਪ ਲਗਾਇਆ ਜਾ ਰਿਹਾ ਹੈ।ਹਮਲਾਵਰਾਂ ਤੇ ਡੇਢ ਲੱਖ ਰੁਪੈ ਖੋਹਣ ਦਾ ਵੀ ਆਰੋਪ ਲਗ ਰਿਹਾ ਹੈ। ਠਾਕੁਰ ਦਲੀਪ ਸਿੰਘ ਦੇ ਸਮਰਥੱਕਾਂ ਨੇ ਇਸ ਨੂੰ ਸਿਰੇ ਤੋਂ ਖਾਰਿਜ ਕਰਦੇ ਹੋਏ ਕਿਹਾ ਕਿ ਉਹ ਉਸ ਸਮੇਂ ਉਥੇ ਮੌਜੂਦ ਨਹੀਂ ਸਨ।