ਨਵੀਂ ਦਿੱਲੀ-ਸਰਨਾ ਭਰਾਵਾਂ ਅਤੇ ਉਨ੍ਹਾਂ ਦੇ ਝੋਲੀ ਚੁੱਕਾਂ ਵਲੋਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸੋਸਾਇਟੀ ਦੇ ਨਾਮ ‘ਤੇ ਕਮੇਟੀ ਦੇ ਸਕੂਲਾਂ ਉਪਰ ਸਥਾਈ ਕਬਜ਼ਾ ਜਮਾਉਣ ਦੀ ਕੋਝੀ ਕੋਸ਼ਿਸ਼ ਨੇ ਕਮੇਟੀ ਕਾਰਜਾਂ ਵਿਚ ਦਖ਼ਲਅੰਦਾਜ਼ੀ ਦੀਆਂ ਸਾਰੀਆਂ ਹੱਦਾਂ ਤੋੜ ਦਿੱਤੀਆਂ ਹਨ। ਇਹ ਵਿਚਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ: ਗੁਰਮੀਤ ਸਿੰਘ ਸ਼ੰਟੀ ਨੇ ਜਾਰੀ ਕੀਤੇ ਗਏ ਇਕ ਬਿਆਨ ਰਾਹੀਂ ਪ੍ਰਗਟਾਏ।
ਸ: ਸ਼ੰਟੀ ਨੇ ਕਿਹਾ ਕਿ ਉਕਤ ਸੁਸਾਇਟੀ ਦਿੱਲੀ ਗੁਰਦੁਆਰਾ ਕਮੇਟੀ ਵਲੋਂ 18 ਫਰਵਰੀ 1970 ਨੂੰ ਬਣਾਈ ਗਈ ਸੀ ਅਤੇ ਇਸਦੇ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਾਮਜ਼ਦ ਕੀਤੇ ਜਾਂਦੇ ਹਨ। 1981 ਤੱਕ ਦਿੱਲੀ ਗੁਰਦੁਆਰਾ ਕਮੇਟੀ ਦੀ ਗਵਰਨਿੰਗ ਬਾਡੀ ਸਕੂਲਾਂ ਦੇ ਸਬੰਧ ਵਿੱਚ ਇਸ ਸੋਸਾਇਟੀ ਨੂੰ ਨਿਰਦੇਸ਼ ਦਿੰਦੀ ਰਹੀ ਜਦਕਿ ਇਸਦੇ ਉਪਰੰਤ 2009 ਤੱਕ ਇਸ ਸੁਸਾਇਟੀ ਨੇ ਕੋਈ ਵੀ ਕੰਮ ਨਾ ਕੀਤਾ ਅਤੇ ਸਕੂਲਾਂ ਦਾ ਪ੍ਰਬੰਧ ਸਿੱਧੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤਾ ਜਾਂਦਾ ਰਿਹਾ। 14 ਅਕਤੂਬਰ ਨੂੰ ਦਿੱਲੀ ਸਕੂਲ ਟ੍ਰਿਬੀਊਨਲ ਨੇ ਅਪੀਲ ਨੰ: 31-35/2009 ‘ਤੇ ਸੁਣਵਾਈ ਦੌਰਾਨ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸੁਸਾਇਟੀ ਨੂੰ ਆਪਣੀ ਪ੍ਰਬੰਧਕੀ ਪ੍ਰਣਾਲੀ ਦੀ ਫਾਈਲ ਪੇਸ਼ ਕਰਨ ਦਾ ਆਦੇਸ਼ ਦਿੱਤਾ। ਇਸ ਮੌਕੇ ਸਰਨਾ ਭਰਾਵਾਂ ਨੇ ਆਪਣੇ ਚਹੇਤੇ ਦਿੱਲੀ ਕਮੇਟੀ ਦੇ ਤੱਤਕਾਲੀ ਜਾਇੰਟ ਸਕੱਤਰ ਕਰਤਾਰ ਸਿੰਘ ਕੋਛੜ ਰਾਹੀਂ ਕਮੇਟੀ ਦੇ ਸਕੂਲਾਂ ‘ਤੇ ਕਬਜ਼ਾ ਕਰਨ ਦੀ ਸਾਜ਼ਿਸ਼ ਰਚੀ। ਕਰਤਾਰ ਸਿੰਘ ਕੋਛੜ ਨੇ ਇਸੇ ਵਰ੍ਹੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਪੰਜਾਬੀ ਬਾਗ ਦੇ ਕੇਅਰ ਟੇਕਰ ਅੰਮ੍ਰਿਤਪਾਲ ਸਿੰਘ ਕੋਲੋਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸੁਸਾਇਟੀ ਦੇ ਸਮੂਹ ਦਸਤਾਵੇਜ਼ ਗੁੰਮ ਹੋਣ ਦੀ ਝੂਠੀ ਐਫਆਈਆਰ ਦਰਜ ਕਰਵਾ ਦਿੱਤੀ ਅਤੇ ਸਕੂਲ ‘ਤੇ ਕਬਜ਼ਾ ਕਰਨ ਦੀ ਆਪਣੀ ਸਾਜ਼ਿਸ਼ ਨੂੰ ਅੰਜ਼ਾਮ ਦੇਣਾ ਆਰੰਭ ਕਰ ਦਿੱਤਾ। ਇਸੇ ਕੜੀ ਵਿਚ ਗੁਰਦੁਆਰਾ ਚੋਣਾਂ ਹਾਰਨ ਦੇ ਬਾਅਦ, ਕਰਤਾਰ ਸਿੰਘ ਕੋਛੜ ਮਾਰਫ਼ਤ ਅਦਾਲਤ ਵਿਚ ਸਕੂਲਾਂ ਦੀ ਪ੍ਰਬੰਧਕੀ ਪ੍ਰਣਾਲੀ ਬਾਰੇ ਮੁਕਦਮਾ ਪਵਾ ਕੇ, ਸਰਨਾ ਭਰਾ ਦਿੱਲੀ ਕਮੇਟੀ ਦੇ ਨਵੇਂ ਪ੍ਰਬੰਧਕਾਂ ਨੂੰ ਕਾਨੂੰਨੀ ਦਾਅ-ਪੇਚਾਂ ਵਿਚ ਉਲਝਾਉਣਾ ਚਾਹੁੰਦੇ ਹਨ।
ਸ: ਸ਼ੰਟੀ ਨੇ ਜਾਣਕਾਰੀ ਦਿੱਤੀ ਕਿ ਕਰਤਾਰ ਸਿੰਘ ਕੋਛੜ ਦੇ ਦਬਾਅ ਵਿਚ ਝੂਠੀ ਐਫਆਈਆਰ ਦਰਜ ਕਰਵਾਉਣ ਵਾਲਾ ਸਕੂਲ ਮੁਲਾਜ਼ਮ, ਚੋਣਾਂ ਉਪਰੰਤ ਸਰਨਾ ਭਰਾਵਾਂ ਦੇ ਸ਼ਿਕੰਜਾ ਤੋਂ ਮਿਲੀ ਆਜ਼ਾਦੀ ਕਾਰਨ ਹੁਣ ਸੱਚਾਈ ਬਿਆਨ ਕਰ ਰਿਹਾ ਹੈ ਕਿ ਕਰਤਾਰ ਸਿੰਘ ਕੋਛੜ ਵਲੋਂ ਇਹ ਕਾਰਾ ਕਰਵਾਉਣ ਲਈ ਉਸ ‘ਤੇ ਕਿਸ ਤਰ੍ਹਾਂ ਦਬਾਅ ਪਾਇਆ ਗਿਆ ਸੀ। ਸ: ਸ਼ੰਟੀ ਨੇ ਮੰਗ ਕੀਤੀ ਕੇ ਗੁਰੂ ਘਰ ਦੇ ਸਕੂਲਾਂ ਨੂੰ ਹੜੱਪਣ ਲਈ ਤਰਲੋ-ਮੱਛੀ ਹੋ ਰਹੇ ਕਰਤਾਰ ਸਿੰਘ ਕੋਛੜ ਨੂੰ ਆਪਣੀਆਂ ਇਨ੍ਹਾਂ ਕਰਤੂਤਾਂ ਬਾਰੇ ਸੰਗਤਾਂ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਹੈ, ਉਸਦੇ ਮੋਢੇ ਤੋਂ ਰੱਖ ਕੇ ਬੰਦੂਕਾਂ ਚਲਾ ਰਹੇ ਸਰਨਾ ਭਰਾਵਾਂ ਨੂੰ ਵੀ ਇਸ ਮਾਮਲੇ ਵਿਚ ਆਪਣੀ ਭੂਮਿਕਾ ਸਪਸ਼ਟ ਕਰਨੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਨਰਲ ਸਕੱਤਰ ਸ: ਹਰਵਿੰਦਰ ਸਿੰਘ ਸਰਨਾ ਨੇ ਇਕ ਬਿਆਨ ਰਾਹੀਂ ਕਿਹਾ ਸੀ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਬੰਧਕਾਂ ਵਲੋਂ ਕਮੇਟੀ ਦੇ ਕੰਮਕਾਰ ਵਿਚ ਕਿਸੇ ਪ੍ਰਕਾਰ ਦਾ ਵਿਘਨ ਪਾਉਣ ਦੇ ਮਕਸਦ ਨਾਲ ਕਿਸੇ ਪ੍ਰਕਾਰ ਦੀ ਕੋਈ ਦਖ਼ਲਅੰਦਾਜ਼ੀ ਨਹੀਂ ਕੀਤੀ ਜਾ ਰਹੀ।