ਚੇਨਈ: ਭਾਰਤ ਨੇ ਆਸਟ੍ਰੇਲੀਆ ਦੇ ਖਿਲਾਫ਼ ਖੇਡਿਆ ਗਿਆ ਪਹਿਲਾ ਕ੍ਰਿਕਟ ਟੈਸਟ ਮੈਚ 8 ਵਿਕਟਾਂ ਨਾਲ ਜਿੱਤ ਲਿਆ ਹੈ। ਇਸ ਮੈਚ ਦੀ ਦੂਜੀ ਇਨਿੰਗ ਵਿਚ ਭਾਰਤ ਨੂੰ ਜਿੱਤਣ ਲਈ ਸਿਰਫ਼ 50 ਦੌੜਾਂ ਦੀ ਲੋੜ ਸੀ, ਜੋ ਉਸਨੇ 2 ਵਿਕਟਾਂ ਗੁਆਕੇ ਬਣਾ ਲਈਆਂ। ਇਸ ਮੈਚ ਦੀ ਪਹਿਲੀ ਇਨਿੰਗ ਵਿਚ ਸ਼ਾਨਦਾਰ 224 ਦੌੜਾਂ ਬਨਾਉਣ ਕਰਕੇ ਭਾਰਤੀ ਟੀਮ ਦੇ ਕਪਤਾਨ ਐਮ ਐਸ ਧੋਨੀ ਨੂੰ ‘ਮੈਨ ਆਫ ਦ ਮੈਚ’ ਐਲਾਨਿਆ ਗਿਆ।
ਇਸ ਮੈਚ ਨੂੰ ਜਿੱਤਣ ਲਈ ਭਾਰਤੀ ਟੀਮ ਨੂੰ ਸਿਰਫ਼ 50 ਦੌੜਾਂ ਦਾ ਮਿਲਿਆ ਟੀਚਾ ਉਨ੍ਹਾਂ ਨੇ ਸਹਿਵਾਗ (19 ਦੌੜਾਂ) ਅਤੇ ਮੁਰਲੀ ਵਿਜੈ (6 ਦੌੜਾਂ) ਦੀਆਂ ਦੋ ਵਿਕਟਾਂ ਗੁਆਕੇ 11.3 ਓਵਰਾਂ ਵਿਚ ਹਾਸਲ ਕਰ ਲਿਆ। ਸਚਿਨ ਤੇਂਦੁਲਕਰ (13 ਦੌੜਾਂ) ਅਤੇ ਚੇਤੇਸ਼ਵਰ ਪੁਜਾਰਾ (8ਦੌੜਾਂ) ਨੇ ਬਿਨਾਂ ਆਊਟ ਹੋਇਆਂ ਇਹ ਟੀਚਾ ਪੂਰਾ ਕਰ ਲਿਆ। ਇਸ ਮੈਚ ਦੀ ਪਹਿਲੀ ਇਨਿੰਗ ਵਿਚ ਆਸਟ੍ਰੇਲੀਆਈ ਟੀਮ ਦੇ ਕਪਤਾਨ ਨੇ ਸ਼ਾਨਦਾਰ 130 ਦੌੜਾਂ ਬਣਾਕੇ ਆਪਣੀ ਟੀਮ ਦੇ ਸਕੋਰ ਨੂੰ 380 ਤੱਕ ਪਹੁੰਚਾਇਆ। ਭਾਰਤੀ ਗੇਂਦਬਾਜ਼ਾਂ ਆਰ ਅਸ਼ਵਿਨ, ਰਵਿੰਦਰ ਜਡੇਜਾ ਅਤੇ ਹਰਭਜਨ ਸਿੰਘ ਵਲੋਂ ਪਹਿਲੀ ਅਤੇ ਦੂਜੀ ਇਨਿੰਗ ਦੌਰਾਨ ਸ਼ਾਨਦਾਰ ਗੇਂਦਬਾਜ਼ੀ ਕੀਤੀ ਗਈ ਜਿਸ ਕਰਕੇ ਆਸਟ੍ਰੇਲੀਆਈ ਟੀਮ ਨੇ ਜਿੱਥੇ ਪਹਿਲੀ ਇੰਨਿੰਗ ਵਿਚ 380 ਦੌੜਾਂ ਬਣਾਈਆਂ ਉਥੇ ਦੂਜੀ ਇੰਨਿੰਗ ਵਿਚ 241 ਦੌੜਾਂ ਹੀ ਬਣਾ ਸਕੀ।
ਭਾਰਤੀ ਟੀਮ ਵਲੋਂ ਵਿਰਾਟ ਕੋਹਲੀ( 107ਦੌੜਾਂ) ਅਤੇ ਮਹਿੰਦਰ ਸਿੰਘ ਧੋਨੀ (224ਦੌੜਾਂ) ਵਲੋਂ ਸ਼ਾਨਦਾਰ ਪਾਰੀ ਖੇਡੀ ਗਈ। ਇਸਦੇ ਨਾਲ ਹੀ ਦੋਵੇਂ ਪਾਰੀਆਂ ਵਿਚ ਆਰ ਅਸ਼ਵਿਨ 198 ਦੌੜਾਂ ਦੇ ਕੇ 12 ਵਿਕਟਾਂ, ਰਵਿੰਦਰ ਜਡੇਜਾ 5ਵਿਕਟਾਂ ਅਤੇ ਹਰਭਜਨ ਸਿੰਘ 3 ਵਿਕਟਾਂ ਲਈਆਂ ਗਈਆਂ। ਆਰ ਅਸ਼ਵਿਨ ਵਲੋਂ 12 ਵਿਕਟਾਂ ਲੈਣ ਦਾ ਇਹ ਸ਼ਾਨਦਾਰ ਰਿਕਾਰਡ ਰਿਹਾ।
ਇਸ ਮੈਚ ਵਿਚ ਦੋਹਰੇ ਸੈਂਕੜੇ ਦੀ 224 ਦੌੜਾਂ ਦੀ ਸ਼ਾਨਦਾਰ ਪਾਰੀ ਖੇਡਣ ਲਈ ਮਹਿੰਦਰ ਸਿੰਘ ਧੋਨੀ ਨੂੰ ‘ਮੈਨ ਆਫ ਦ ਮੈਚ’ ਐਲਾਨਿਆ ਗਿਆ।