ਬਰਨਾਲਾ, (ਜੀਵਨ ਰਾਮਗੜ੍ਹ)- ਸਥਾਨਕ ਸੇਖਾ ਰੋਡ ’ਤੇ ਪੈਂਦੇ ਵਾਰਡ ਨੰਬਰ 9,10 ਅਤੇ 11 ਵਾਸੀਆਂ ਤੇ ਦੁਕਾਨਦਾਰਾਂ ਤੇ ਰਾਹਗੀਰਾਂ ਨੇ ਅੱਜ ਸੀਵਰੇਜ਼ ਦੇ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਸੀਵਰੇਜ਼ ਬੋਰਡ,ਨਗਰ ਕੌਂਸਲ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਰੋਹ ਆਏ ਲੋਕਾਂ ਨੇ ਬਰਨਾਲਾ ਲੁਧਿਆਣਾਂ ਨੈਸ਼ਨਲ ਹਾਈਵੇ ’ਤੇ ਸਥਿੱਤ ਸੇਖਾ ਕੈਂਚੀਆਂ ਵਿਖੇ ਜਾਮ ਲਗਾ ਦਿੱਤਾ।
ਘਟਨਾ ਸਥਾਨ ’ਤੇ ਧਰਨਾਕਾਰੀਆਂ ’ਚ ਸ਼ਾਮਲ ਚਰਨਜੀਤ ਸਿੰਘ, ਗੁਰਚਰਨ ਸਿੰਘ, ਮੇਜ਼ਰ ਸਿੰਘ, ਸੁਰੇਸ ਸਿੰਗਲਾ, ਯਾਦਵਿੰਦਰ ਸੰਟੀ, ਰਜਿੰਦਰ ਕੌਰ ਰਿੰਪੀ, ਚੇਤਨ ਜਿੰਦਲ, ਮੇਜ਼ਰ ਭੱਠਲ, ਭਾਨ ਕੌਰ, ਰਾਮ ਪਿਆਰੀ, ਮਨਜੀਤ ਕੌਰ ਆਦਿ ਨੇ ਦੱਸਿਆ ਕਿ ਸੇਖਾ ਰੋਡ ’ਤੇ ਪੈਂਦੇ ਵਾਰਡ ਨੰਬਰ 9,10, ਅਤੇ 11 ਦੇ ਵਾਸੀ ਸੀਵਰੇਜ਼ ਦੀ ਨਿਕਾਸੀ ਦਰੁਸਤ ਨਾ ਹੋਣ ਕਰਕੇ ਨਰਕ ਭਰੀ ਜਿੰਦਗੀ ਜਿਉਣ ਲਈ ਮਜ਼ਬੂਰ ਹਨ। ਉਨ੍ਹਾਂ ਦੱਸਿਆ ਕਿ ਸੇਖਾ ਰੋਡ ਤੋਂ ਸ਼ਹਿਰ ਅੰਦਰ ਦਾਖਲ ਹੋਣ ਦਾ ਇੱਕੋ-ਇੱਕ ਰਸਤਾ ਹੈ ਜਿਸ ਰਾਹੀਂ ਗਾਂਧੀ ਆਰੀਆ ਸਕੂਲ ਦੇ ਬੱਚੇ, ਦਿਆਨੰਦ ਸਕੂਲ ਦੇ ਬੱਚੇ, ਸ਼ਹੀਦ ਭਗਤ ਸਿੰਘ ਸਕੂਲ , ਸਰਕਾਰੀ ਕੰਨ੍ਹਿਆ ਹਾਈ ਸਕੂਲ ਜੰਡਾਵਾਲਾ ਰੋਡ, ਤੇ ਇਸ ਰੋਡ ਤੇ ਵੱਖ ਵੱਖ ਧਾਰਮਿਕ ਅਸਥਾਨ ਹਨ, ਜਿੰਨ੍ਹਾਂ ਵੱਲ ਸਾਰੇ ਰਾਹਗੀਰ ਇਸ ਰੋਡ ਤੇ ਖੜੇ ਗੰਦੇ ਪਾਣੀ ਬਦੌਲਤ ਬਣੇ ਛੱਪੜ ਵਿੱਚੋਂ ਗੁਜ਼ਰਨਾਂ ਪੈਂਦਾ ਹੈ ਜਿਸ ’ਚ ਔਰਤਾਂ ਬੱਚੇ ਅਤੇ ਬਜੁਰਗ ਅਤੇ ਵਿਦਿਆਰਥੀ ਆਮ ਤੌਰ ਤੇ ਹੀ ਡਿੱਗ ਕੇ ਸੱਟਾਂ ਫੇਟਾਂ ਖਾਂਦੇ ਰਹਿੰਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਦੀਵੀਂ ਸਮੱਸਿਆ ਤੋਂ ਬਹੁਤ ਵਾਰ ਜਿਲ੍ਹੇ ਦੇ ਅਤੇ ਸਬੰਧਤ ਵਿਭਾਗਾਂ ਦੇ ਸਮੂਹ ਅਧਿਕਾਰੀਆਂ ਨੂੰ ਵਾਰ ਵਾਰ ਸੂਚਿਤ ਕੀਤਾ ਜਾ ਚੁੱਕਿਆ ਹੈ ਪ੍ਰੰਤੂ ਕਈ ਸਾਲ ਬੀਤਣ ’ਤੇ ਵੀ ਇਲਾਕਾ ਨਿਵਾਸੀਆਂ ਨੂੰ ਇਸ ਸਮੱਸਿਆ ਤੋਂ ਅਜੇ ਤੱਕ ਨਿਜਾਤ ਨਹੀਂ ਦਿਵਾਈ ਗਈ। ਇਸ ਤੋਂ ਇਲਾਵਾ ਉਕਤ ਵਾਰਡਾਂ ਵਿੱਚ ਪਹੁੰਚਦਾ ਪੀਣ ਵਾਲਾ ਪਾਣੀ ਵੀ ਇਸ ਗੰਦਗੀ ਭਰਪੂਰ ਪਾਣੀ ਵਿਚਲੀਆਂ ਪਾਇਪਾਂ ਰਾਹੀਂ ਦੂਸ਼ਿਤ ਹੋ ਕੇ ਇਲਾਕਾ ਨਿਵਾਸੀਆਂ ਲਈ ਮਹਾਂਮਾਰੀਆਂ ਨੂੰ ਸੱਦਾ ਦਿੰਦਾ ਰਹਿੰਦਾ ਹੈ। ਧਰਨਾਂਕਾਰੀਆਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਇਸ ਸਮੱਸਿਆ ਤੋਂ ਤੁਰੰਤ ਨਿਜਾਤ ਦਿਵਾਈ ਜਾਵੇ। ਜੇਕਰ ਹੁਣ ਵੀ ਉਨ੍ਹਾਂ ਦੀਆਂ ਉਕਤ ਮੰਗ ਵੱਲ ਗੌਰ ਨਾ ਕੀਤੀ ਗਈ ਤਾਂ ਸਘੰਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ । ਇਸ ਮੌਕੇ ਮੀਨੂੰ ਰਾਣੀ, ਮੁਖਤਿਆਰ ਕੌਰ, ਸਤਵਿੰਦਰ ਸਿੰਘ, ਵਿੱਕੀ ਧਾਲੀਵਾਲ, ਬਿੱਲੂ ਸਿੰਘ, ਦਰਸ਼ਨ ਸਿੰਘ, ਲੱਕੀ, ਜਗਰਾਜ ਸਿੰਘ ਆਦਿ ਵੀ ਮੌਜ਼ੂਦ ਸਨ।
ਨਗਰ ਕੌਂਸਲ ਅਤੇ ਸੀਵਰੇਜ਼ ਬੋਰਡ ਖਿਲਾਫ਼ ਕੀਤੀ ਨਾਅਰੇਬਾਜ਼ੀ
This entry was posted in ਪੰਜਾਬ.