ਅੰਮ੍ਰਿਤਸਰ – ਬੀਤੇ ਦਿਨੀ ਸਿੱਖ ਨੌਜਵਾਨਾਂ ਦਾ ਘਾਣ ਕਰਨ ਵਾਲੇ ਪੁਲਿਸ ਅਫ਼ਸਰ ਦੀ ਅੰਤਮ ਅਰਦਾਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਜਥਿਆਂ ਵੱਲੋਂ ਆਪਣੀ ਜਮੀਰ ਦੀ ਅਵਾਜ ਮੁਤਾਬਿਕ ਕੀਰਤਨ ਨਾ ਕਰਨ ਬਾਰੇ ਲਏ ਸਟੈਂਡ ਬਾਰੇ ਗੈਰ ਸਿੱਖ ਜਥੇਬੰਦੀ ਸ਼ਿਵਸੈਨਾ ਬਾਲ ਠਾਕਰੇ ਦੇ ਨਾਮ ਹੇਠ ਅਸਮਾਜਿਕ ਤੱਤਾਂ ਵੱਲੋਂ ਫੋਕੀ ਸ਼ੋਹਰਤ ਹਾਂਸਲ ਕਰਨ ਤੇ ਅਖਬਾਰੀ ਸੁਰਖੀਆਂ ਬਟੋਰਨ ਖਾਤਰ ਪੰਜਾਬ ਦੀ ਸ਼ਾਤੀ ਮਈ ਮਾਹੌਲ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਖਿਲਾਫ ਨਿਤਾ ਪ੍ਰਤੀ ਫੋਕੀ ਬਿਆਨਬਾਜੀ ਤੇ ਪੁਤਲੇ ਸਾੜਨ ਵਾਲੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਨੂੰ ਜਥੇਦਾਰ ਕਰਨੈਲ ਸਿੰਘ ਪੰਜੋਲੀ ਅੰਤ੍ਰਿੰਗ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਸਰਾਸਰ ਗਲਤ ਤੇ ਸ਼ਾਤਮਈ ਮਾਹੌਲ ਨੂੰ ਖਰਾਬ ਕਰਨ ਵਾਲੀਆਂ ਕਾਰਵਾਈਆਂ ਦੱਸਿਆ।
ਦਫਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਪ੍ਰੈਸ ਰਲੀਜ਼ ,ਚ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਅਜਿਹੇ ਗੈਰ ਜਿੰਮੇਦਾਰ ਲੋਕਾਂ ਜੋ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ,ਚ ਰੁੱਝੇ ਹਨ ਨੂੰ ਸਮੇਂ ਸਿਰ ਨੱਥ ਪਾਵੇ। ਜਥੇਦਾਰ ਪੰਜੋਲੀ ਨੇ ਕਿਹਾ ਕਿ ਸਿੱਖਾਂ ਦੇ ਕਾਤਲ ਜੇਕਰ ਸ਼ਿਵ ਸੈਨਿਕਾਂ ਨੂੰ ਬਹਾਦਰ ਲਗਦੇ ਹਨ ਤਾਂ ਬੇ-ਸ਼ੱਕ ਲੱਗਣ ਪਰ ਸੰਸਥਾ ਦੇ ਮੁਖੀ ਜਥੇਦਾਰ ਅਵਤਾਰ ਸਿੰਘ ਖਿਲਾਫ ਜੇਕਰ ਕਿਸੇ ਨੇ ਕੋਈ ਭਵਕਾਊ ਕਾਰਵਾਈ ਕੀਤੀ ਤਾਂ ਸੰਸਥਾ ਹਿਤੈਸ਼ੀ ਮੂਕ ਦਰਸ਼ਨ ਬਣਕੇ ਸ਼ਿਵ ਸੈਨਾ ਦੇ ਨਾਮ ਹੇਠ ਪਲ ਰਹੇ ਇਹਨਾਂ ਅਖੌਤੀ ਗੁੰਡਿਆਂ ਦੀਆਂ ਕਾਰਵਾਈਆਂ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਕਦੇ ਵੀ ਕਿਸੇ ਹੋਰ ਧਰਮ ,ਚ ਦਖਲ ਅੰਦਾਜੀ ਨਹੀਂ ਕੀਤੀ ਤੇ ਨਾ ਹੀ ਸਿੱਖ ਮਾਮਲਿਆਂ ,ਚ ਕਿਸੇ ਹੋਰ ਦੀ ਦਖਲ ਅੰਦਾਜੀ ਬਰਦਾਸ਼ਤ ਕਰਨਗੇ।
ਉਨ੍ਹਾਂ ਕਿਹਾ ਕਿ ਸਿੱਖ ਏਕਤਾ, ਇਤਫਾਕ ਤੇ ਆਪਸੀ ਭਾਈਚਾਰਕ ਸਾਂਝ ਦਾ ਹਾਮੀ ਹੈ, ਪਰ ਇਹ ਇਕਤਰਫਾ ਨਹੀਂ ਹੋ ਸਕਦੀ। ਸਿੱਖ ਹਮੇਸ਼ਾਂ ਹੀ ਹਰ ਧਰਮ ਦਾ ਦਿਲੋਂ ਸਤਿਕਾਰ ਕਰਦੇ ਹਨ ਤੇ ਦੂਸਰੇ ਧਰਮ ਦੇ ਲੋਕਾਂ ਤੋਂ ਵੀ ਇਹੋ ਉਮੀਦ ਕਰਦੇ ਹਨ।