ਯਾਰੋ ਲੜਕੀ ਪਟਾਨਾ ਹੈ ਤੋ……
ਕਿਸੇ ਦੇਸ਼ ਨੂੰ ਤਰੱਕੀ, ਕਾਮਯਾਬੀ ਦਿਵਾਉਣੀ ਹੋਵੇ ਤਾਂ ਦੇਸ਼ ਦੀਆਂ ਸਾਰੀਆਂ ਸਹੂਲਤਾਂ ਨੂੰ ਇੱਕਦਮ ਵਧੀਆ ਅਤੇ ਉੱਚਪਾਏ ਦੀਆਂ ਕਰਕੇ, ਹਰ ਚੰਗੇ ਮੰਦੇ ਦੀ ਪਹਿਚਾਣ ਆਮ ਨਾਗਰੀਕਾਂ ਨੂੰ ਕਰਵਾ ਕੇ ਉਹਨਾਂ ਦੇ ਸਹਿਯੋਗ ਨਾਲ ਆਪਣੇ ਦੇਸ਼, ਕੌਮ ਜਾਂ ਧਰਮ ਨੂੰ ਬੁਲੰਦੀਆਂ ਤੇ ਪਹੁੰਚਾਇਆ ਜਾ ਸਕਦਾ ਹੈ। ਇਹ ਸੱਭ ਕੁੱਝ ਕਰਦਿਆਂ ਸੱਭ ਤੋਂ ਵੱਧ ਅਹਿਮ ਅਤੇ ਜ਼ਰੂਰੀ ਗੱਲ ਹੁੰਦੀ ਹੈ ਕਿ ਦੇਸ਼ ਵਾਸੀਆਂ/ਨਾਗਰਿਕਾਂ ਨੂੰ ਨੈਤਿਕਤਾ ਦੀ ਸਿੱਖਿਆ ਪਹਿਲ ਦੇ ਆਧਾਰ ਤੇ ਦਿੱਤੀ ਜਾਵੇ ਤਾਂ ਕਿ ਇਸ ਦੀ ਯੋਗ ਵਰਤੋਂ ਕਰਕੇ ਇੱਕ ਨਰੋਆ ਸਮਾਜ ਸਿਰਜਣ ਵਿੱਚ ਉਹ ਇਕੱ-ਦੂਜੇ ਦੀ ਮੱਦਦ ਬਿਨ੍ਹਾਂ ਕਿਸੇ ਭੇਦ-ਭਾਵ, ਊਚ-ਨੀਚ ਦੇ ਵਿਤਕਰੇ ਨੂੰ ਇਨਸਾਨੀ ਫਰਜ਼ ਸਮਝਦੇ ਹੋਏ ਕਰਨ ਲਈ ਹਰ ਦਮ ਤਿਆਰ ਰਹਿਣ ।
ਹੁਣ ਆਪਣੇ ਦੇਸ਼ ਬਾਰੇ ਬਹੁਤੀਆਂ ਗੱਲਾਂ ਨਾ ਵੀ ਕਰਾਂ ਤਾਂ ਪਿਛਲੇ ਕੁੱਝ ਮਹੀਨਿਆਂ ਤੋਂ ਬਲਾਤਕਾਰ ਦੀਆਂ ਘਟਨਾਵਾਂ ਦੇ ਬੇਰੋਕ ਵਾਧੇ ਨੇ ਜਿਵੇਂ ਇਹ ਸਾਬਤ ਹੀ ਕਰ ਦਿੱਤਾ ਹੋਵੇ ਕਿ, ‘ਅਜ਼ਾਦ ਭਾਰਤ ਵਿੱਚ ਭਾਰਤ ਦੀ ਇੱਜ਼ਤ ਅਜ਼ਾਦ ਨਹੀਂ ਹੈ, ਕਿਸੇ ਵਕਤ ਵੀ ਕਿਸੇ ਦੀ ਵੀ ਲੜਕੀ ਨਾਲ ਕਿਤੇ ਵੀ ਜ਼ਬਰ-ਜਿਨਾਹ ਹੋ ਸਕਦੈ’। ਅਫਸੋਸ! ਕਿ ਸਖਤ ਕਾਨੂੰਨ ਬਣੇ ਹੋ ਜਾਣ ਦੇ ਬਾਵਜੂਦ ਢਿੱਲੀ ਜਹੀ ਕਾਰਜੁਗਾਰੀ ਕਰਕੇ ਮਿਲੀਭੁਗਤ ਨਾਲ ਹੀ ਕੇਸ ਕਮਜ਼ੋਰ ਕਰਕੇ ਕੇਸ ਦੀਆਂ ਫਾਈਲਾਂ ਨੂੰ ਘੱਟਾ ਫੱਕਣ ਲਈ ਪਹਿਲਾਂ ਘੱਟਾ ਫੱਕ ਰਹੀਆਂ ਫਾਈਲਾਂ ਦੇ ਹੇਠਾਂ ਦੱਬ ਦਿੱਤਾ ਜਾਂਦਾ ਹੈ । ਖੈਰ! ਮੈਂ ਸ਼ੁਰੂ ਵਿੱਚ ਗੱਲ ਕੀਤੀ ਸੀ, ਦੇਸ਼ ਦੀ ਤਰੱਕੀ, ਕਾਮਯਾਬੀ ਬਾਰੇ ਤੇ ਫਿਰ ਨੈਤਿਕ ਸਿੱਖਿਆ ਬਾਰੇ। ਸਵਾਲ ਇਹ ਹੈ ਕਿ ਇਹ ਮਿਲਣੀ ਕਿਥੋਂ ਹੈ? ਤੇ ਦੇਣੀ ਕੀਹਨੇ ਹੈ? ਤਾਂ ਸਾਫ ਜਿਹਾ ਜੁਆਬ ਹੈ ਕਿ ਇਸਦੀ ਜਿੰਮੇਵਾਰੀ ਮਾਂ-ਬਾਪ ਤੇ ਫਿਰ ਸਕੂਲ ਤੋਂ, ਫਿਰ ਕਾਲਜ/ਯੂਨੀਵਰਸਿਟੀ ਪਹੁੰਚ ਕੇ, ਇਲਾਕਟ੍ਰਾਨਿਕ ਤੇ ਪ੍ਰਿੰਟ ਮੀਡੀਏ ਦੀ ਬਣਦੀ ਹੈ, ਇਹ ਚਾਰ ਕੁ ਅਦਾਰੇ ਹੀ ਆਪਣੀ ਜਿੰਮੇਵਾਰੀ ਨੂੰ ਸਮਝ ਲੈਣ ਤਾਂ ਕਾਫੀ ਹੱਦ ਤੱਕ ਲੋਕਾਂ ਵਿੱਚ ਚੰਗੀ ਸਿੱਖਿਆ ਭਰੀ ਜਾ ਸਕਦੀ ਹੈ । ਪਰ ਸਕੂਲਾਂ ਦੀ ਗੱਲ ਕਰੀਏ ਤਾਂ ਸਕੂਲਾਂ ਵਿੱਚ ਗਲੈਮਰ ਨੂੰ ਹਵਾ ਦੇਣ ਵਿੱਚ ਅਧਿਆਪਕ ਆਪ ਹੀ ਸ਼ਾਮਲ ਹੁੰਦੇ ਹਨ, ਕਾਲਜ/ਯੂਨੀਵਰਸਿਟੀਆਂ ਬਾਰੇ ਕੌਣ ਨਹੀਂ ਜਾਣਦਾ? ਪਰ ਫਿਰ ਵੀ ਕੁੱਝ ਆਖਾਂ ਤਾਂ ਪਾਠਕ ਆਪ ਹੀ ਦੱਸਣ ਕਿ, ‘ਸਾਡੇ ਵਿੱਦਿਅਕ ਅਦਾਰਿਆਂ ਵਿੱਚ ਫਿਲਮਾਂ ਦੇ ਪ੍ਰੋਮੋਸ਼ਣ ਕਰਵਾਉਣੇ (ਫਿਲਮਾਂ ਵੀ ਉਹ ਜਿਸ ਵਿੱਚ ਅਸਲੀਲ ਫਿਕਰੇ, ਨੰਗੇਜ਼ਪੁਣਾ ਤੇ ਹੋਰ ਕਈ ਕੁੱਝ), ਤੇ ਫਿਲਮੀ ਐਕਟਰਾਂ/ਐਕਟਰਸਾਂ ਵੱਲੋਂ ਵਿਦਿਆਰਥੀਆਂ ਨੂੰ ਫਿਲਮ ਜ਼ਰੂਰ ਵੇਖਣ ਲਈ ਉਕਸਾਉਣਾ ਕਿੱਥੋਂ ਤੱਕ ਜਾਇਜ਼ ਹੈ?? ਇਲੈਕਟ੍ਰਾਨਿਕ ਮੀਡੀਏ ਰਾਹੀਂ ਬਾਲੀਵੁੱਡ ਵਿੱਚ ਜੋ ਗੰਦ ਪਾਇਆ ਜਾ ਰਿਹੈ, ਕਿਸੇ ਤੋਂ ਲੁਕਿਆ ਨਹੀਂ, ਪੰਜਾਬੀ ਗਾਈਕੀ ਦੀ ਗੱਲ ਤਾਂ ਹੁਣ ਮੈਂ ਕਰਨੋਂ ਹੀ ਰਿਹਾ ।
ਇਹ ਉਪਰੋਕਤ ਤਾਂ ਉਹ ਮੋਟੇ-ਮੋਟੇ ਵਸੀਲੇ ਹਨ, ਜਿਹਨਾਂ ਰਾਹੀਂ ਨੌਜਵਾਨਾਂ ਨੂੰ ਨੈਤਿਕਤਾ ਦਾ ਘੱਟ ਤੇ ਵਹਿਸ਼ੀਪੁਣੇ ਦਾ ਪਾਠ ਜਿਆਦਾ ਪੜਾਇਆ ਜਾ ਰਿਹਾ ਹੈ । ਪਰ ਇੱਕ ਹੋਰ ਬੜਾ ਅਹਿਮ ਵਸੀਲਾ ਜੋ ਲੁਕਿਆ ਪਿਆ ਹੈ ਔਰ ਇਸਦਾ ਜ਼ਿਕਰ ਕਰਨਾ ਹੀ ਮੇਰੇ ਅੱਜ ਦੇ ਇਸ ਲੇਖ ਦ ਮੁੱਖ ਮੰਤਵ ਸੀ, ਉਹ ਹੈ ਮੋਬਾਇਲ ਵਿੱਚ ਵਰਤੀਆਂ ਜਾਣ ਵਾਲੀਆਂ ਸਿਮਾਂ । ਤੁਸੀਂ ਸਿੱਮ ਕਿਸ ਕੰਪਨੀ ਦੀ ਵਰਤਦੇ ਹੋ ਅਤੇ ਉਹ ਕੰਪਨੀ ਤੁਹਾਨੂੰ ਕਿਹੜੈ ਮੈਸਜ਼ ਭੇਜਦੀ ਹੈ, ਇਹ ਵਿਸ਼ਾ ਵੀ ਧਿਆਨ ਮੰਗਦਾ ਹੈ। ਆਪਣੀ ਹੀ ਗੱਲ ਕਰਾਂ ਤਾਂ ਮੈਂ ਜਿਹੜਾ ਨੰਬਰ ਵਰਤ ਰਿਹਾ ਹਾਂ, ਕੰਪਨੀ ਦੇ ਫਾਲਤੂ ਮੈਸਜ ਤੇ ਕਾਲਾਂ ਨਾ ਆਉਣ ਇਸ ਲਈ ਡੀ.ਐੱਨ.ਡੀ ਦੀ ਸਰਵਿਸ ਵੀ ਐਕਟੀਵੇਟ ਕਰਵਾਈ ਹੋਈ ਹੈ । ਕੰਪਨੀ ਕੋਈ ਵੀ ਕਿਸੇ ਤਰ੍ਹਾਂ ਦਾ ਮੈਸਜ ਭੇਜੇ, ਇਹੋ ਜਿਹੀ ਕੋਈ ਵੀ ਸਕੀਮ ਨਹੀਂ ਲਗਵਾਈ ਹੋਈ ਪਰ ਫਿਰ ਵੀ ਬਿਨਾਂ ਕਿਸੇ ਸ਼ੁਲਕ ਤੋਂ, ਅਤੇ ਕਸਟਮਰ ਕੇਅਰ ਤੇ ਕਾਲ ਕਰਕੇ ਮਨ੍ਹਾ ਕਰਨ ਦੇ ਬਵਾਜੂਦ ਵੀ, ਮੈਨੂੰ ਕੰਪਨੀ ਜਬਰਦਸਤੀ ਸਿਖਾਉਣਾ ਚਾਹੁੰਦੀ ਹੈ ਕਿ ਮੈਂ ਆਪਣੀ ਗਰਲਫ੍ਰੈਂਡ ਕਿਵੇਂ ਬਣਾਵਾਂ? ਰੋਜ਼ਾਨਾ ਸਵੇਰੇ 10 ਵਜੇ ਤੋਂ 10:30 ਵਜੇ ਦੇ ਵਿੱਚ-ਵਿੱਚ ਇਕ ਮੈਸਜ ਇਸ ਤਰ੍ਹਾਂ ਦਾ ਆਉਣਾ ਹੀ ਹੁੰਦਾ ਹੈ, ਪਾਠਕਾਂ ਤੋਂ ਮੁਆਫੀ ਚਾਹਾਂਗਾ ਮਿਸਾਲ ਵੱਜੋਂ 5-6 ਮੈਸਜ ਆਪ ਹੀ ਪੜ੍ਹ ਲੈਣ:
‘ਅਗਰ ਲੜਕੀਉਂ ਕੇ ਕਰੀਬ ਆਨਾ ਹੈ ਤੋ ਉਨਕੇ ਛੋਟੇ-ਮੋਟੇ ਕਾਮੋਂ ਮੇਂ ਮਦਦ ਕਰਤੇ ਰਹੇਂ, ਵੋਹ ਜਲਦ ਹੀ ਪਟ ਜਾਏਂਗੀ।’
‘ਯਾਰੋ ਲੜਕੀ ਪਟਾਨਾ ਹੈ ਤੋ ਕੁੱਝ ਬਾਤੇਂ ਹਮੇਸ਼ਾਂ ਯਾਦ ਰਖੋ, ਜੈਸੇ ਉਸਕਾ ਐਡਰੈੱਸ, ਉਸਕਾ ਨੰਬਰ ਔਰ ਮੇਨ ਚੀਜ਼ ਉਸਕਾ ਡੇਟ ਆਫ ਬਰਥ ।’
‘ਲੜਕੀਆਂ ਅਗਰ ਗਰੁੱਪ ਮੇਂ ਹੋਂ ਤੋ ਆਪ ਉਸਕੋ ਦੇਖਤੇ ਰਹੋ, ਜਿਸ ਕੋ ਆਪਨੇ ਪਟਾਨਾ ਹੈ, ਐਸਾ ਕਰਨੇ ਸੇ ਵੋਹ ਭੀ ਆਪ ਕੀ ਤਰਫ ਐਟਰਿਕਟ ਹੋ ਜਾਏਗੀ ।’
‘ਲੜਕੀ ਕੋ ਪਟਾਨੇ ਕੇ ਲੀਏ ਉਸ ਸੇ ਜਿਆਦਾ ਸੇ ਜਿਆਦਾ ਐੱਸ.ਐੱਮ.ਐੱਸ. ਸੇ ਬਾਤ ਕਰੋ ਔਰ ਉਸ ਸੇ ਵਹੁ ਬਾਤੇਂ ਕਰੋ, ਜੋ ਉਸਕੋ ਪਸੰਦ ਹੋ, ਦੇਖਣਾ ਲੜਕੀ ਆਪ ਕੀ ਤਰਫ ਖੀਚੀ ਚਲੀ ਆਏਗੀ।’
‘ਕਿਸੀ ਭੀ ਲੜਕੀ ਸੇ ਬਾਤ ਸ਼ੁਰੂ ਕਰਨੇ ਸੇ ਪਹਲੇ ਉਸਕਾ ਇੰਟਰਸਟ ਅਗਰ ਪਤਾ ਲੱਗ ਜਾਏ ਤੋਨ ਆਪ ਉਨਸੇ ਉਨਹੀਂ ਟੋਪਿਕ ਪੇ ਬਾਤ ਕਰੇਂ, ਵਹੁ ਇੰਪਰੈੱਸ ਹੋ ਜਾਇਗੀ।’
‘ਪਿਆਰ ਕੀ ਸ਼ੁਰੂਆਤ ਧੀਰੇ-ਧੀਰੇ ਹੋਤੀ ਹੈ, ਪਹਿਲੇ ਅਪਣੀ ਦੋਸਤੀ ਬੜਾਏਂ ਫਿਰ ਆਪਣੀ ਗਰਲਫ੍ਰੈਂਡ ਯਾ ਬੁਆਂਏਫ੍ਰੈਂਡ ਕੋ ਪਰਪੋਜ਼ ਕਰੇਂ।’
ਕੀ ਇਹਨਾਂ ਮੋਬਾਈਲ ਕੰਪਨੀਆਂ ਨੂੰ ਹੱਕ ਹੈ ਕਿ ਉਹ ਦੇਸ਼ ਦੀ ਜਵਾਨੀ ਨੂੰ ਇਹੋ ਜਿਹੇ ਭੱਦੇ ਮੈਸਜਾਂ ਰਾਹੀਂ ਗੁੰਮਰਾਹ ਕਰਨ? ਕੀ ਇਹਨਾਂ ਸਬੰਧੀ ਕੋਈ ਕਾਨੂੰਨ ਨਾਮ ਦੀ ਚੀਜ਼ ਹੌਂਦ ਵਿੱਚ ਹੈ? ਕੀ ਇਹ ਕੰਪਨੀਆਂ ਦੇਸ਼-ਭਗਤੀ, ਜਨਰਲ ਨਾਲੇਜ ਨਾਲ ਭਰਪੁਰ, ਪੜ੍ਹਾਈ ਸਬੰਧੀ ਟਿੱਪਸ ਆਦਿਕ ਦੀ ਜਾਣਕਾਰੀ ਨੌਜਵਾਨਾਂ ਤੱਕ ਨਹੀਂ ਪਹੁੰਚਾ ਸਕਦੀਆਂ? ਨੌਜਵਾਨਾਂ ਨੂੰ ਵਹਿਸ਼ੀਪੁਣੇ ਵੱਲ ਉਕਸਾਉਣ ਵਿੱਚ ਕੀ ਇਹ ਵੀ ਜਿੰਮੇਵਾਰ ਨਹੀਂ? ਇਹੋ ਜਿਹੇ ਹੋਰ ਬੜੇ ਸੁਆਲ ਜੁਆਬ ਮੰਗਦੇ ਹਨ ।
ਕਿਸੇ ਦਾ ਪਤਾ ਨਹੀਂ, ਪਰ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਨੌਜਵਾਨਾਂ ਨੂੰ ਨੈਤਕਿਤਾ ਦ ਪਾਠ ਪੜਾਇਆ ਜਾਵੇ ਅਤੇ ਸਮਾਜਿਕ, ਧਾਰਮਿਕ, ਰਾਜਨੀਤਿਕ ਸੰਸਥਾਵਾਂ ਇਸ ਲਈ ਅੱਗੇ ਹੋਣ ਅਤੇ ਇੰਨਫੋਰਮੇਸ਼ਨ ਤਕਨੌਲਜੀ ਵੀ ਆਪਣੀ ਜਿੰਮੇਵਾਰੀ ਪਹਿਚਾਣੇ । ਦੇਸ਼ ਦੇ ਖੁਬਸੂਰਤ ਭਵਿੱਖ ਦਾ ਕਾਮਨਾ ਕਰਦਾ ਹੋਇਆ, ਕਲਮ ਰੋਕਦਾ ਹਾਂ। ਆਮੀਨ!