ਕਿੰਨਾਂ ਕੁ ਚਿਰ ਐ
ਅਜੇ ਰੋਟੀ ’ਚ
ਮਾਂ
ਬਾਹਲ਼ੀ ਭੁੱਖ ਐ
ਕੋਈ ਦੇਰ ਨਹੀਂ
ਤਵੀ ਤਾਂ ਗਰਮ ਹੋਣਦੇ
ਲਾਹੁੰਦੀ ਆਂ
ਤਵੀ ਤਾਂ ਮਘਦੀ ਐ
ਕਦੋਂ ਦੀ ਵਿਚਾਰੀ
ਹੁਣ ਤਾਂ ਭੁੱਜ ਰਹੀ ਐ
ਤੂੰ ਭੁੱਲ ਗਈ
ਥੱਲੇ ਗੋਹੇ ਬਾਲ਼ ਕੇ
ਹੌਲ਼ੀ ਬੋਲ
ਅੱਜ ਅਜੇ ਘਰੇ ਐ
ਤੇਰਾ ਬਾਪੂ
ਕਦੇ ਨਾਂ ਲਾਹੀਆਂ
ਟੈਮ ਸਿਰ
ਤੈਂ ਵੀ ਦੋ ਮੰਨੀਆਂ
ਕਾਕੇ ਲਈ
ਆਹੋ
ਟਿਕਿਆ ਬੈਠਾ ਰਹੁ
ਕੰਮ ਨਾ ਕਾਰ
ਆਹ ਸੁੱਟੀ
ਪਹਿਲੀ ਰੋਟੀ
ਸਿੱਧੀ ਤਵੀ ’ਤੇ
ਅਪਣੇ ਪੁੱਤ ਲਈ
ਭੁੱਖੜ ਟੱਬਰ
ਮਰਗੀ ਫੂਕਾਂ ਮਾਰਦੀ
ਗੋਹਾ ਪੱਥਦੀ
ਗੋਹਟੇ ਫੂਕਦੀ
ਜਿੱਦਣ ਦੀ ਆਈ ਆਂ
ਪੁੱਛ ਨਾ ਪਰਤੀਤ
ਰੋਟੀ ਸੜ ਚਲੀ, ਮਾਂ
ਧੂੰਆਂ ਛੱਡਦੀ ਐ
ਛੇਤੀ ਸਾਂਭ
ਤਵੀ ਬਾਹਲ਼ੀ ਭਖਦੀ ਐ
ਵੇ ਚੁੱਪ
ਸੁਣ ਲਊ
ਤੇਰਾ ਬਾਪ
ਅੰਡ ਛੰਡ ਬੋਲੂ
ਲੜੂਗਾ, ਬਲ੍ਹਦ ਜਿਹਾ
ਸ਼ਕਲ ਨਾਂ ਸੂਰਤ
ਪੁੱਤਰ ਆਹ ਫੜ
ਉੱਤਰਦੀ ਉੱਤਰਦੀ
ਪਹਿਲੀ ਰੋਟੀ
ਮੈਂ ਧੁਆਂਖੀ ਰੋਟੀ
ਨਹੀਂ ਖਾਣੀ ਮਾਂ
ਨਹੀਂ, ਨਹੀਂ
ਵੇ ਫੜ
ਜਾ ਸੁੱਟ ਆ
ਝੋਟੀ ਦੇ ਕਾਹੜੇ ’ਚ
ਦੂਜੀ ਲਾਹੁੰਦੀਆਂ
ਸੜਿਆ ਟੱਬਰ
ਕਰੀ ਜਾਂਦਾ ਐ
ਵੇਲੇ, ਕੁਵੇਲੇ, ਹਰ ਵੇਲੇ
ਖਾਊਂ ਖਾਊਂ
ਤੂੰ ਵੀ ਲੈ ਆ ਥਾਲ਼ੀ
ਕਿ ਨਿਓਂਦਾ ਭੇਜਾਂ
ਬਕੀ ਜਾ
ਜਿੱਦਣ ਦੀ ਆਈ ਐਂ
ਆਹੀ ਰੰਡੀ ਰੋਣਾ ਐਂ
ਵੇ ਸ਼ੁਭ ਸ਼ੁਭ ਬੋਲ
ਅਜੇ ਨਿਆਣੇ ਪੜ੍ਹਦੇ ਐਂ
ਰਹਿਮ ਕਰ, ਚੰਦਰਿਆ
ਰਹਿਮ!