ਅੰਮ੍ਰਿਤਸਰ – ਸਿੱਖ ਪੰਥ ਦੀ ਸਿਰਮੌਰ ਧਾਰਮਿਕ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਹਰ ਸਾਲ ਪੂਰੇ ਭਾਰਤ ਵਿੱਚੋਂ ਵੱਖ-ਵੱਖ ਸਕੂਲਾਂ/ ਕਾਲਜਾਂ ਦੇ ਵਿੱਦਿਆਰਥੀਆਂ ਦੀ ਧਾਰਮਿਕ ਪ੍ਰੀਖਿਆ ਲਈ ਜਾਂਦੀ ਹੈ, ਇਸ ਵਾਰ ਸਾਲ 2012 ਵਾਸਤੇ ਲਈ ਗਈ ਧਾਰਮਿਕ ਪ੍ਰੀਖਿਆ ਦਾ ਨਤੀਜਾ ਧਰਮ ਪ੍ਰਚਾਰ ਕਮੇਟੀ ਦੇ ਦਫਤਰ ਵਿਖੇ ਸ. ਸਤਿਬੀਰ ਸਿੰਘ ਸਕੱਤਰ ਧਰਮ ਪ੍ਰਚਾਰ ਕਮੇਟੀ ਤੇ ਸ. ਦਿਲਜੀਤ ਸਿੰਘ ਬੇਦੀ ਐਡੀਸ਼ਨਲ ਸਕੱਤਰ ਸ਼੍ਰੋਮਣੀ ਕਮੇਟੀ ਵੱਲੋਂ ਘੋਸ਼ਿਤ ਕੀਤਾ ਗਿਆ।
ਇਸ ਪ੍ਰੀਖਿਆ ਵਿੱਚ 6ਵੀਂ ਕਲਾਸ ਤੋਂ ਲੈ ਕੇ ਪੋਸਟ ਗ੍ਰੈਜੂਏਸ਼ਨ ਕਲਾਸ ਤੱਕ ਰੈਗੂਲਰ ਵਿੱਦਿਆ ਪ੍ਰਾਪਤ ਕਰ ਰਹੇ ਹਜ਼ਾਰਾਂ ਵਿੱਦਿਆਰਥੀਆਂ ਨੇ ਹਿੱਸਾ ਲਿਆ। ਇਸ ਪ੍ਰੀਖਿਆ ਨੂੰ ਦਰਜਾ ਪਹਿਲਾ, ਦੂਜਾ, ਤੀਜਾ ਅਤੇ ਚੌਥਾ ਅਨੁਸਾਰ ਚਾਰ ਦਰਜਿਆਂ ਵਿੱਚ ਵੰਡਿਆ ਗਿਆ ਹੈ। ਪਹਿਲੇ ਦਰਜੇ ਵਿੱਚ ਕੁਲ 11756 ਵਿੱਦਿਆਰਥੀਆਂ ਨੇ ਹਿੱਸਾ ਲਿਆ ਜਿੰਨ੍ਹਾਂ ਵਿੱਚੋਂ ਬਾਬਾ ਬੁੱਢਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੀੜ ਸਾਹਿਬ ਤਰਨ ਤਾਰਨ ਤੋਂ 8ਵੀਂ ਕਲਾਸ ਦੇ ਵਿਦਿਆਰਥੀ ਜਜਬੀਰ ਸਿੰਘ ਪੁੱਤਰ ਸ.ਗੁਰਜੰਟ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਸ.ਗਗਨਦੀਪ ਸਿੰਘ ਸਪੁੱਤਰ ਸ.ਕਰਮਜੀਤ ਸਿੰਘ ਕਲਾਸ 8ਵੀਂ ਖਾਲਸਾ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਬਹਾਦਰ ਪੁਰ ਜਿਲਾ ਗੁਰਦਾਸਪੁਰ ਨੇ ਦੂਸਰਾ ਅਤੇ ਬੀਬਾ ਅਨਮੋਲ ਕੌਰ ਸਪੁੱਤਰੀ ਸ.ਕੁਲਵਿੰਦਰ ਸਿੰਘ ਕਲਾਸ 8ਵੀਂ ਗੋਬਿੰਦ ਸਰਵਰ ਬੁਲੰਦਪੁਰੀ ਸੀਨੀਅਰ ਸੈਕੰਡਰੀ ਸਕੂਲ ਬੁਲੰਦ ਜਲੰਧਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਦੂਜੇ ਦਰਜੇ ਵਿੱਚ ਕੁਲ 10699 ਵਿਦਿਆਰਥੀਆਂ ਨੇ ਹਿੱਸਾ ਲਿਆ, ਜਿੰਨ੍ਹਾਂ ਵਿੱਚੋਂ ਕਿਰਨਦੀਪ ਕੌਰ ਸਪੁੱਤਰੀ ਸ.ਮਨਜਿੰਦਰ ਸਿੰਘ ਕਲਾਸ 10ਵੀਂ ਨੇ ਪਹਿਲਾ, ਬੀਬਾ ਹਰਮਿੰਦਰ ਕੌਰ ਸਪੁੱਤਰੀ ਸ.ਜਸਵਿੰਦਰ ਸਿੰਘ ਕਲਾਸ +2 ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੋਢਲ ਰੋਡ ਜਲੰਧਰ ਨੇ ਦੂਸਰਾ ਸਥਾਨ ਤੇ ਬੀਬਾ ਇੰਦਰਜੀਤ ਕੌਰ ਸਪੁੱਤਰੀ ਸ.ਮਨਜਿੰਦਰ ਸਿੰਘ ਕਲਾਸ 10ਵੀਂ ਉਕਤ ਸਕੂਲ ਨੇ ਹੀ ਤੀਸਰਾ ਸਥਾਨ ਪ੍ਰਾਪਤ ਕੀਤਾ।
ਤੀਜੇ ਦਰਜੇ ਗ੍ਰੈਜੂਏਸ਼ਨ ਵਾਸਤੇ ਕੁਲ 1902 ਵਿੱਦਿਆਰਥੀਆਂ ਨੇ ਹਿੱਸਾ ਲਿਆ, ਜਿੰਨ੍ਹਾਂ ਵਿੱਚ ਪ੍ਰਭਜੋਤ ਸਿੰਘ ਸਪੁੱਤਰ ਸ.ਅਮਰੀਕ ਸਿੰਘ ਕਲਾਸ ਗ੍ਰੈਜੂਏਸ਼ਨ ਨੇ ਪਹਿਲਾ ਤੇ ਬੀਬਾ ਕਵਲਦੀਪ ਕੌਰ ਸਪੁੱਤਰੀ ਸ.ਗੁਰਦੀਪ ਸਿੰਘ ਕਾਲਸ ਗ੍ਰੈਜੂਏਸ਼ਨ ਬਾਬਾ ਸ੍ਰੀ ਚੰਦ ਖਾਲਸਾ ਕਾਲਜ ਫਾਰ ਵਿਮੈਨ ਗਾਹਲੜੀ ਗੁਰਦਾਸਪੁਰ ਨੇ ਦੂਸਰਾ ਤੇ ਬੀਬਾ ਅੰਮ੍ਰਿਤ ਕੌਰ ਸਪੁੱਤਰੀ ਸ.ਗੁਰਦਰਸ਼ਨ ਸਿੰਘ ਗ੍ਰੈਜੂਏਸ਼ਨ ਗੁਰੂ ਨਾਨਕ ਕਾਲਜ ਮੋਗਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਚੌਥੇ ਦਰਜੇ ਪੋਸਟ ਗ੍ਰੈਜੂਏਸ਼ਨ ਲਈ ਕੁੱਲ 265 ਵਿੱਦਿਆਰਥੀਆਂ ਨੇ ਭਾਗ ਲਿਆ ਜਿੰਨ੍ਹਾਂ ਵਿੱਚੋ ਗੁਰਮਤਿ ਕਾਲਜ ਪਟਿਆਲਾ ਦੇ ਸ.ਦਵਿੰਦਰ ਸਿੰਘ ਸਪੁੱਤਰ ਸ.ਗੁਰਭੇਜ ਸਿੰਘ ਪੋਸਟ ਗ੍ਰੈਜੂਏਸ਼ਨ, ਬੀਬਾ ਕਮਲਦੀਪ ਕੌਰ ਸਪੁੱਤਰੀ ਸ.ਮੋਹਨ ਸਿੰਘ ਪੋਸਟ ਗ੍ਰੈਜੂਏਸ਼ਨ ਨੇ ਪਹਿਲਾ ਤੇ ਬੀਬਾ ਮਨਜਿੰਦਰ ਕੌਰ ਸਪੁੱਤਰੀ ਸ.ਰਛਪਾਲ ਸਿੰਘ ਪੋਸਟ ਗ੍ਰੈਜੂਏਸ਼ਨ ਗੁਰਮਤਿ ਕਾਲਜ ਪਟਿਆਲਾ ਨੇ ਦੂਸਰਾ ਤੇ ਬੀਬਾ ਗੁਰਵਿੰਦਰ ਕੌਰ ਸਪੁੱਤਰੀ ਸ. ਮੱਖਣ ਸਿੰਘ ਪੋਸਟ ਗ੍ਰੈਜੂਏਸ਼ਨ ਗੁਰੂ ਨਾਨਕ ਕਾਲਜ ਮੋਗਾ ਤੇ ਬੀਬਾ ਸੁਖਦੀਪ ਕੌਰ ਸਪੁੱਤਰੀ ਸ.ਜਗਪਾਲ ਸਿੰਘ ਪੋਸਟ ਗ੍ਰੈਜੂਏਸ਼ਨ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ ਝਾੜ ਸਾਹਿਬ ਸਮਰਾਲਾ ਲੁਧਿਆਣਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਸ.ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਨੇ ਵੱਖ-ਵੱਖ ਦਰਜਿਆਂ ਵਿੱਚ ਅੱਵਲ ਆਉਣ ਵਾਲੇ ਵਿੱਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਰੇ ਸਕੂਲਾਂ/ਕਾਲਜਾਂ ਦੇ ਅਧਿਆਪਕਾਂ ਤੇ ਵਿੱਦਿਆਰਥੀਆਂ ਨੂੰ ਇਸ ਪ੍ਰੀਖਿਆ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨੀ ਚਾਹੀਦੀ ਹੈ।
ਸ. ਸਤਿਬੀਰ ਸਿੰਘ ਸਕੱਤਰ ਧਰਮ ਪ੍ਰਚਾਰ ਕਮੇਟੀ ਨੇ ਦੱਸਿਆ ਕਿ ਇਹਨਾਂ ਦਰਜਿਆਂ ਵਿੱਚ ਸ਼ਾਮਲ ਹੋਏ ਵਿੱਦਿਆਰਥੀਆਂ ਵਿੱਚ ਮੈਰਿਟ ਵਿੱਚੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 1100, 2100, 3100 ਅਤੇ 4100 ਸੌ ਰੁਪਏ ਸਾਲਾਨਾ ਵਜੀਫਾ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਹਰ ਦਰਜੇ ਵਿੱਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 2100, 1500 ਅਤੇ 1100 ਰੁਪਏ ਵਿਸ਼ੇਸ਼ ਇਨਾਮ ਵਜੋਂ ਦਿੱਤੇ ਜਾਂਦੇ ਹਨ। ਇਸ ਤਰ੍ਹਾਂ ਇਸ ਸਾਲ ਲਗਭਗ 21 ਲੱਖ ਰੁਪੈ ਦੇ ਵਜੀਫੇ ਦਿੱਤੇ ਜਾਣਗੇ।
ਇਸ ਮੌਕੇ ਸ. ਭੁਪਿੰਦਰਪਾਲ ਸਿੰਘ ਮੀਤ ਸਕੱਤਰ, ਸ. ਕ੍ਰਿਪਾਲ ਸਿੰਘ ਚੌਹਾਨ ਇੰਚਾਰਜ ਸਿੱਖ ਮਿਸ਼ਨ ਹਰਿਆਣਾ, ਸ. ਸਤਨਾਮ ਸਿੰਘ ਇੰਚਾਰਜ, ਸ. ਦਲਜੀਤ ਸਿੰਘ ਸੁਪਰਵਾਈਜ਼ਰ ਧਾਰਮਿਕ ਪ੍ਰੀਖਿਆ ਹਾਜ਼ਰ ਸਨ।