ਦੁਬਈ- ਪਿੱਛਲੇ ਚਾਰ ਸਾਲਾਂ ਤੋਂ ਜਲਾਵਤਨ ਹੋਏ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ਰੱਫ਼ ਨੇ ਸ਼ੁਕਰਵਾਰ ਨੂੰ ਬਿਆਨ ਦਿੱਤਾ ਕਿ ਉਹ ਦੇਸ਼ ਵਿੱਚ ਅੰਤਰਿਮ ਸਰਕਾਰ ਦਾ ਗਠਨ ਹੁੰਦੇ ਹੀ ਪਾਕਿਸਤਾਨ ਵਾਪਿਸ ਪਰਤ ਆਉਣਗੇ।ਉਨ੍ਹਾਂ ਨੇ ਇਹ ਉਮੀਦ ਜਾਹਿਰ ਕੀਤੀ ਕਿ 16 ਮਾਰਚ ਤੱਕ ਅੰਤਰਿਮ ਸਰਕਾਰ ਦਾ ਗਠਨ ਹੋ ਜਾਵੇਗਾ। ਉਨ੍ਹਾਂ ਦੀ ਕਰਾਚੀ ਜਾਂ ਰਾਵਲਪਿੰਡੀ ਪਹੁੰਚਣ ਦੀ ਯੋਜਨਾ ਹੈ।
ਪਾਕਿਸਤਾਨ ਦੀ ਪੀਪਲਜ਼ ਪਾਰਟੀ ਦੀ ਅਗਵਾਈ ਵਾਲੀ ਮੌਜੂਦਾ ਸਰਕਾਰ ਦਾ ਕਾਰਜਕਾਲ 16 ਮਾਰਚ ਨੂੰ ਸਮਾਪਤ ਹੋ ਜਾਵੇਗਾ।ਪੀਪੀਪੀ ਅਤੇ ਪੀਐਮਐਲ-ਐਨ ਨੇ ਅੰਤਰਿਮ ਸਰਕਾਰ ਦੇ ਗਠਨ ਲਈ ਗੱਲਬਾਤ ਸ਼ੁਰੂ ਕਰ ਦਿੱਤੀ ਹੈ।ਅੰਤਰਿਮ ਸਰਕਾਰ ਦੀ ਦੇਖਰੇਖ ਵਿੱਚ ਹੀ ਅਗਲੀਆਂ ਸੰਸਦੀ ਚੋਣਾਂ ਹੋਣੀਆਂ ਹਨ।ਮਈ ਦੇ ਮਿਡਲ ਵਿੱਚ ਸੰਸਦੀ ਚੋਣਾਂ ਹੋਣ ਦੀ ਸੰਭਾਵਨਾ ਹੈ।
ਸਾਬਕਾ ਰਾਸ਼ਟਰਪਤੀ ਨੇ 2008 ਵਿੱਚ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਹ ਖਦਸ਼ਾ ਜਾਹਿਰ ਕੀਤਾ ਜਾਂਦਾ ਰਿਹਾ ਹੈ ਕਿ ਬੇਨਜ਼ੀਰ ਹੱਤਿਆ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਪਾਕਿਸਤਾਨ ਪਹੁੰਚਦਿਆਂ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਉਪਰ ਹੋਰ ਵੀ ਕਈ ਤਰ੍ਹਾਂ ਦੇ ਆਰੋਪ ਲਗਾਏ ਜਾ ਰਹੇ ਹਨ। ਜਨਰਲ ਮੁਸ਼ਰੱਫ਼ ਨੇ ਕਿਹਾ ਕਿ ਜੇ ਦੇਸ਼ ਨੂੰ ਆਰਥਿਕ ਉਨਤੀ ਦੇ ਰਸਤੇ ਤੇ ਲੈ ਕੇ ਜਾਣ ਕਰਕੇ ਅਤੇ ਬੇਰੁਜ਼ਗਾਰੀ ਘੱਟ ਕਰਨ ਕਰਕੇ ਸਜ਼ਾ ਦਿੱਤੀ ਜਾਣੀ ਹੈ ਤਾਂ ਮੈਂ ਕੋਰਟ ਦਾ ਸਾਹਮਣਾ ਕਰਨ ਲਈ ਤਿਆਰ ਹਾਂ।ਭੁੱਟੋ ਹੱਤਿਆ ਕਾਂਡ ਵਿੱਚ ਸਹਿਯੋਗ ਨਾਂ ਕਰਨ ਕਰਕੇ ਪਾਕਿਸਤਾਨ ਦੀ ਇੱਕ ਅਦਾਲਤ ਨੇ ਊਨ੍ਹਾਂ ਨੁੰ ਭਗੌੜਾ ਐਲਾਨਿਆ ਹੋਇਆ ਹੈ।