ਲੁਧਿਆਣਾ-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਖੇਤੀਬਾੜੀ ਕਾਲਜ ਵਿੱਚ ਨਵੇਂ ਡੀਨ ਵਜੋਂ ਪ੍ਰਸਿੱਧ ਬਾਗਬਾਨੀ ਵਿਗਿਆਨੀ ਡਾ. ਹਰਵਿੰਦਰ ਸਿੰਘ ਧਾਲੀਵਾਲ ਨੇ ਅੱਜ ਆਪਣਾ ਕਾਰਜ ਭਾਰ ਸੰਭਾਲ ਲਿਆ ਹੈ । ਡਾ. ਦੇਵਿੰਦਰ ਸਿੰਘ ਚੀਮਾ ਦੀ ਸੇਵਾ ਮੁਕਤੀ ਤੋਂ ਬਾਅਦ ਡਾ. ਹਰਵਿੰਦਰ ਸਿੰਘ ਧਾਲੀਵਾਲ ਦੀ ਨਿਯੁਕਤੀ ਕੱਲ੍ਹ ਮੁਹਾਲੀ ਵਿਖੇ ਹੋਈ, ਪੀ ਏ ਯੂ ਪ੍ਰਬੰਧਕੀ ਬੋਰਡ ਦੀ ਮੀਟਿੰਗ ਦੌਰਾਨ ਡਾ. ਬਲਦੇਵ ਸਿੰਘ ਢਿੱਲੋਂ ਵਾਈਸ ਚਾਂਸਲਰ ਦੀ ਪ੍ਰਧਾਨਗੀ ਹੇਠ ਕੀਤੀ ਗਈ ਹੈ ।
ਡਾ. ਹਰਵਿੰਦਰ ਸਿੰਘ ਧਾਲੀਵਾਲ ਮਾਨਸਾ ਜ਼ਿਲ੍ਹੇ ਦੇ ਪਿੰਡ ਮੰਢਾਲੀ ਦੇ ਜੰਮਪਲ ਹਨ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਤੋਂ ਹੀ ਬੀ.ਐਸ. ਸੀ., ਐਮ.ਐਸ.ਸੀ. ਅਤੇ ਪੀ.ਐਚ ਡੀ ਦੀ ਡਿਗਰੀ ਪ੍ਰਾਪਤ ਕਰਤਾ ਵਿਗਿਆਨੀ ਹਨ । ਡਾ. ਧਾਲੀਵਾਲ ਨੇ ਅਮਰੀਕਾ ਦੀ ਫਲੋਰਿਡਾ ਸਟੇਟ ਯੂਨੀਵਰਸਿਟੀ ਤੋਂ ਇਕ ਸਾਲ ਦੀ ਮਾਲੀਕਿਊਲਰ ਬਾਇਆਲੋਜੀ ਤਕਨੀਕ ਬਾਰੇ ਵੀ ਉਚੇਰੀ ਸਿਖਿਆ ਹਾਸਲ ਕੀਤੀ । ਆਪ ਵੱਲੋਂ ਬਾਗਬਾਨ ਭਰਾਵਾਂ ਲਈ 22 ਸਿਫ਼ਾਰਸ਼ਾਂ ਕੀਤੀਆਂ ਗਈਆਂ ਅਤੇ ਆਂਵਲਾ ਅਤੇ ਕੇਲੇ ਦੀ ਇਕ ਇਕ ਕਿਸਮ ਵਿਕਸਤ ਕੀਤੀ ਗਈ । ਇਸ ਤੋਂ ਇਲਾਵਾ 9 ਹੋਰ ਫ਼ਸਲਾਂ ਦੀਆਂ ਸਿਫ਼ਾਰਸ਼ਾਂ ਵੀ ਡਾ. ਧਾਲੀਵਾਲ ਨੇ ਕੀਤੀਆਂ ।ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿੱਚ ਵਾਇਰਸ ਮੁਕਤ ਕਿੰਨੂ ਦੇ ਬੂਟਿਆਂ ਦੀ ਨਰਸਰੀ ਤਿਆਰ ਕਰਨ ਵਿੱਚ ਆਪ ਨੇ ਮੁੱਖ ਭੂਮਿਕਾ ਨਿਭਾਈ ਅਤੇ ਕੌਮੀ ਪੱਧਰ ਤੇ ਪ੍ਰਵਾਨਗੀ ਹਾਸਲ ਕੀਤੀ । ਪੱਤਾ ਪਰਖ ਪ੍ਰਯੋਗਸ਼ਾਲਾ ਦੀ ਸਥਾਪਨਾ ਵਿੱਚ ਵੀ ਆਪ ਦਾ ਵਡਮੁੱਲਾ ਯੋਗਦਾਨ ਸੀ । ਡਾ. ਧਾਲੀਵਾਲ ਇਸ ਵਕਤ ਬਾਗਬਾਨੀ ਬਾਰੇ ਅਪਰ ਨਿਰਦੇਸ਼ਕ ਖੋਜ ਵਜੋਂ ਕਾਰਜਸ਼ੀਲ ਸਨ ਅਤੇ ਇਸ ਤੋਂ ਪਹਿਲਾਂ ਖੇਤੀਬਾੜੀ ਕਾਲਜ ਦੇ ਐਨ ਸੀ ਸੀ ਇੰਚਾਰਜ ਵੀ ਰਹੇ ਹਨ ।
ਡਾ. ਹਰਵਿੰਦਰ ਸਿੰਘ ਧਾਲੀਵਾਲ ਨੇ ਖੇਤੀਬਾੜੀ ਕਾਲਜ ਦੇ ਡੀਨ ਵਜੋਂ ਅਹੁਦਾ ਸੰਭਾਲਿਆ
This entry was posted in ਖੇਤੀਬਾੜੀ.