ਫਤਹਿਗੜ੍ਹ ਸਾਹਿਬ – “ਮਨੁੱਖੀ ਅਧਿਕਾਰਾਂ ਲਈ ਅਤੇ ਮਨੁੱਖਤਾ ਲਈ ਬੀਤੇ ਸਮੇਂ ਤੋ ਕੰਮ ਕਰਦੇ ਆ ਰਹੇ ਨਰਾਇਣ ਸਿੰਘ ਚੌੜਾ ਨੂੰ ਤਰਨਤਾਰਨ ਅਤੇ ਕੁਰਾਲੀ ਦੀ ਪੁਲਿਸ ਵੱਲੋਂ ਵਿਸ਼ਫੋਟਕ ਸਮੱਗਰੀ ਦਿਖਾਕੇ ਅਤੇ ਉਸ ਉਤੇ ਕਈ ਤਰ੍ਹਾਂ ਦੀ ਸੰਗੀਨ ਜੁਰਮ ਲਗਾਕੇ ਗ੍ਰਿਫ਼ਤਾਰ ਕਰਨ ਦੇ ਅਮਲ ਅਸਲੀਅਤ ਵਿਚ ਸਿੱਖ ਕੌਮ ਉਤੇ ਹੋ ਰਹੇ ਜ਼ਬਰ-ਜੁਲਮ ਦੀ ਅਵਾਜ ਨੂੰ ਬੁਲੰਦ ਕਰਨ ਤੋ ਰੋਕਣ ਅਤੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਕੇ ਬਦਨਾਮ ਕਰਨ ਲਈ ਹੋਏ ਹਨ । ਸਾਨੂੰ ਇਹ ਵੀ ਡੂੰਘੀ ਸੰਕਾ ਹੈ ਕਿ ਜਿਸ ਤਰ੍ਹਾਂ ਪੰਜਾਬ ਪੁਲਿਸ ਦੇ ਡੀ.ਜੀ.ਪੀ. ਸੁਮੇਧ ਸੈਣੀ ਨੇ ਸ. ਚੌੜਾ ਨੂੰ ਗ੍ਰਿਫਤਾਰ ਕਰਵਾਕੇ ਖੁਦ ਇੰਟੈਰੋਗੇਟ ਕੀਤਾ ਹੈ, ਜਦੋਕਿ ਡੀ.ਜੀ.ਪੀ. ਖੁਦ ਕਦੀ ਵੀ ਇੰਟੈਰੋਗੇਟ ਨਹੀ ਕਰਦੇ । ਉਸ ਨੂੰ ਝੂਠਾ ਪੁਲਿਸ ਮੁਕਾਬਲਾ ਦਿਖਾਕੇ ਸਰੀਰਕ ਤੌਰ ਤੇ ਖ਼ਤਮ ਕਰਨ ਦੀ ਸਾਜਿ਼ਸ ਵੀ ਰਚ ਸਕਦੀ ਹੈ । ਜੇਕਰ ਪੁਲਿਸ ਨੇ ਅਜਿਹੀ ਘਿਨੋਣੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮਨੁੱਖੀ ਅਧਿਕਾਰਾ ਦਾ ਘੋਰ ਉਲੰਘਣ ਕਰਨ ਦੇ ਤੁੱਲ ਸਿੱਖ ਕੌਮ ਨੂੰ ਚੁਣੋਤੀ ਦੇਣ ਵਾਲੀ ਕਾਰਵਾਈ ਹੋਵੇਗੀ । ਜਿਸਦੇ ਨਤੀਜੇ ਅੱਛੇ ਨਹੀ ਹੋਣਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਅਤੇ ਪੰਜਾਬ ਪੁਲਿਸ ਵੱਲੋਂ ਸ. ਨਰਾਇਣ ਸਿੰਘ ਚੌੜਾ ਨੂੰ ਗ੍ਰਿਫਤਾਰ ਕਰਨ ਅਤੇ ਉਸਦੇ ਘਰ 200-250 ਪੁਲਿਸ ਕਰਮਚਾਰੀਆਂ ਦੇ ਕਾਫਲੇ ਨਾਲ ਧਾਵਾ ਬੋਲ ਕੇ ਦਹਿਸ਼ਤ ਪਾਉਦੇ ਹੋਏ, ਕੰਪਿਊਟਰ, ਲੈਪਟਾਪ, ਇਤਿਹਾਸਿਕ ਸੱਚਾਈਆਂ ਨੂੰ ਬਿਆਨ ਕਰਦੀਆਂ ਸੈਕੜੇ ਸੀ.ਡੀਜ, ਮਨੁੱਖੀ ਅਧਿਕਾਰਾਂ ਦੇ ਹੋ ਰਹੇ ਹਨਨ ਸੰਬੰਧੀ ਵੀਡੀਓ ਪਿਕਚਰਜ਼ ਅਤੇ ਹੋਰ ਸਿੱਖ ਕੌਮ ਸੰਬੰਧੀ ਇਤਿਹਾਸਿਕ ਦਸਤਾਵੇਜ ਅਤੇ ਹੋਰ ਕੀਮਤੀ ਸਮਾਨ ਬਿਨ੍ਹਾਂ ਕਿਸੇ ਰਸੀਦ ਤੋ ਜ਼ਬਰੀ ਚੁੱਕ ਕੇ ਲੈ ਜਾਣ ਦੀ ਗੈਰ ਕਾਨੂੰਨੀ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜਦੋ ਉਸ ਉਤੇ ਕੋਈ ਕੇਸ ਨਹੀ ਸੀ ਅਤੇ ਬੀਤੇ ਕਈ ਸਾਲਾਂ ਤੋ ਉਹ ਸਮਾਜਿਕ ਅਤੇ ਕਾਨੂੰਨੀ ਕਦਰਾ-ਕੀਮਤਾ ਉਤੇ ਪਹਿਰਾ ਦਿੰਦੇ ਹੋਏ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸਰਗਰਮੀਆਂ ਕਰਦਾ ਆ ਰਿਹਾ ਸੀ, ਉਸ ਉਤੇ ਏ.ਕੇ. 56,20 ਕਾਰਤੂਸ, 30 ਮਾਊਜਰ, 5 ਹੱਥ ਗੋਲੇ ਅਤੇ ਹੋਰ ਵਿਸ਼ਫੋਟਿਕ ਸਮੱਗਰੀ ਪਾਕੇ ਝੂਠੇ ਕੇਸ ਦਰਜ ਕਰਨ ਦੇ ਅਮਲ ਪੰਜਾਬ ਪੁਲਿਸ ਤੇ ਬਾਦਲ ਹਕੂਮਤ ਵੱਲੋਂ ਕੀਤੇ ਜਾ ਰਹੇ ਜ਼ਬਰ-ਜੁਲਮਾਂ ਨੂੰ ਸਪੱਸਟ ਕਰਦੇ ਹਨ । ਸ. ਮਾਨ ਨੇ ਪੰਜਾਬ ਵਿਚ ਮਨੁੱਖੀ ਅਧਿਕਾਰਾ ਦੀ ਰਾਖੀ ਲਈ ਕੰਮ ਕਰ ਰਹੀਆ ਜਥੇਬੰਦੀਆਂ, ਸਖਸ਼ੀਅਤਾਂ ,ਅਮਨੈਸਟੀ ਇਨਟਰਨੈਸ਼ਨਲ, ਏਸੀਆ ਵਾਚ ਹਿਊਮਨ ਰਾਇਟਸ ਆਦਿ ਸਭ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਬਾਦਲ-ਬੀਜੇਪੀ ਹਕੂਮਤ ਵੱਲੋਂ ਪੰਜਾਬ ਦੇ ਲਗਾਏ ਗਏ ਡੀ.ਜੀ.ਪੀ. ਸਿੱਖ ਕੌਮ ਦੇ ਕਾਤਿਲ ਹਨ, ਜਿਨ੍ਹਾਂ ਦੇ ਹੱਥ ਕੌਮ ਦੇ ਖ਼ੂਨ ਨਾਲ ਰੰਗੇ ਹੋਏ ਹਨ ਅਤੇ ਜਿਸ ਨੂੰ ਨਿਯੁਕਤ ਵੀ ਇਸ ਲਈ ਕੀਤਾ ਗਿਆ ਹੈ ਤਾਂ ਕਿ ਉਹ ਬਾਦਲ ਦਲੀਆਂ ਦੇ ਸਿਆਸੀ ਦੁਸ਼ਮਣਾਂ ਅਤੇ ਪੰਜਾਬ ਵਿਚ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਨਿਡਰਤਾ ਨਾਲ ਅਵਾਜ਼ ਬੁਲੰਦ ਕਰਨ ਵਾਲੀਆਂ ਸਖਸ਼ੀਅਤਾਂ ਅਤੇ ਸੰਗਠਨਾਂ ਨੂੰ ਪੁਲਿਸ ਜ਼ਬਰ ਨਾਲ ਦਬਾਅ ਸਕਣ । ਇਸ ਲਈ ਇਹ ਜਥੇਬੰਦੀਆਂ ਇਥੇ ਹੋ ਰਹੇ ਜ਼ਬਰ-ਜੁਲਮ ਅਤੇ ਬੇਇਨਸਾਫ਼ੀਆਂ ਨੂੰ ਖ਼ਤਮ ਕਰਵਾਉਣ ਲਈ ਅੱਗੇ ਹੋਕੇ ਸਾਨੂੰ ਸਾਥ ਦੇਣ ਤਾਂ ਕਿ ਪੰਜਾਬ ਵਿਚ ਅਜਿਹੇ ਜ਼ਾਲਮ ਅਫ਼ਸਰਾਂ ਦੀਆਂ ਅਣਮਨੁੱਖੀ ਕਾਰਵਾਈਆਂ ਨੂੰ ਖ਼ਤਮ ਕੀਤਾ ਜਾ ਸਕੇ ਅਤੇ ਗੈਰ ਕਾਨੂੰਨੀ ਅਤੇ ਗੈਰ ਇਨਸਾਨੀ ਕਾਰਵਾਈਆਂ ਕਰਨ ਵਾਲੀ ਪੁਲਿਸ ਅਤੇ ਸਿਵਲ ਅਫ਼ਸਰਸ਼ਾਹੀ ਨੂੰ ਅਮਲੀ ਰੂਪ ਵਿਚ ਚੁਣੋਤੀ ਦਿੱਤੀ ਜਾ ਸਕੇ । ਸ. ਮਾਨ ਨੇ ਉਹਨਾਂ ਪੰਥਕ ਆਗੂਆਂ ਨੂੰ ਵੀ ਅਪੀਲ ਕੀਤੀ ਜੋ ਬਾਦਲ-ਬੀਜੇਪੀ ਹਕੂਮਤ ਦੀ ਹਰ ਤਰ੍ਹਾਂ ਇਮਦਾਦ ਕਰ ਰਹੇ ਹਨ, ਕਿ ਉਹ ਬਾਦਲ-ਬੀਜੇਪੀ ਹਕੂਮਤ ਨਾਲ ਆਪਣੇ ਸੰਬੰਧਾਂ ਨੂੰ ਇਸ ਤਰੀਕੇ ਵਰਤਣ ਕਿ ਭਾਈ ਨਰਾਇਣ ਸਿੰਘ ਚੌੜਾ ਦਾ ਕੋਈ ਸਾਜ਼ਸੀ ਝੂਠਾ ਪੁਲਿਸ ਮੁਕਾਬਲਾ ਨਾ ਬਣ ਸਕੇ ।