ਧੂਰੀ,(ਪਰਮਜੀਤ ਸਿੰਘ ਬਾਗੜੀਆ)- ਜਨਵਰੀ ਮਹੀਨੇ ਪੰਜਾਬ ਵਿਚ ਠੰਡ ਦਾ ਜੋਰ ਰਿਹਾ ਹੋਣ ਕਰਕੇ ਪੰਜਾਬ ਦੇ ਖੇਡ ਮੇਲੇ ਮਾਰਚ ਮਹੀਨੇ ਵੀ ਆਪਣੇ ਪੂਰੇ ਜਲੌਅ ‘ਤੇ ਹਨ। ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ(ਰਜਿ.) ਧੂਰੀ ਵਲੋਂ 11ਵਾਂ ਅੰਤਰਰਾਸ਼ਟਰੀ ਕਬੱਡੀ ਕੱਪ ਸਥਾਨਕ ਅਨਾਜ ਮੰਡੀ ਵਿਖੇ ਕਰਵਾਇਆ ਗਿਆ। ਨਾਰਥ ਇੰਡੀਆ ਫੈਡਰੇਸ਼ਨ ਦੀਆਂ ਸਿਰਕੱਢ ਕਬੱਡੀ ਅਕੈਡਮੀਆਂ ਦੇ ਮੁਕਾਬਲੇ ਨੇੜਿਓਂ ਤੱਕਣ ਲਈ ਦਰਸ਼ਕਾਂ ਦੀ ਵਿਸ਼ਾਲ ਆਮਦ ਨੇ ਦਾਣਾ ਮੰਡੀ ਧੂਰੀ ਦਾ ਮੈਦਾਨ ਤੰਗ ਜਿਹਾ ਕਰ ਦਿੱਤਾ ਸੀ। ਕਲੱਬ ਦੇ ਪ੍ਰਬੰਧਕ ਗੁਰਪਿਆਰ ਸਿੰਘ ਰਮੀਸ਼ ਧੂਰਾ ਪ੍ਰਧਾਨ, ਬਲਵਿੰਦਰ ਸਿੰਘ ਬਿੱਲੂ ਚੇਅਰਮੈਨ, ਜੰਗਪਾਲ ਸਿੰਘ ਧਲੇਰ, ਤਲਵਿੰਦਰ ਸਿੰਘ ਮਿੰਟੂ ਸਰਪ੍ਰਸਤ ਅਤੇ ਸ੍ਰੀ ਅਸ਼ੋਕ ਕੁਮਾਰ ਮਹਿਤਾ ਸੀਨੀਅਰ ਮੀਤ ਪ੍ਰਧਾਨ ਕਲੱਬ ਦੇ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਨਾਲ ਚਾਈਂ ਚਾਈਂ ਯਾਦਗਾਰੀ ਤਸਵੀਰਾਂ ਖਿਚਵਾ ਰਹੇ ਸਨ।
ਅਕੈਡਮੀਆਂ ਦੇ ਮੁਕਾਬਲੇ ਦਾ ਉਦਘਾਟਨ ਸ. ਚੇਤਨ ਸਿੰਘ ਕੌਲਸੇੜੀ ਕਲਕੱਤੇ ਵਾਲਿਆਂ ਨੇ ਕੀਤਾ ਜਦਕਿ ਕਬੱਡੀ ਕੱਪ ਦੀ ਪ੍ਰਧਾਨਗੀ ਸ. ਪਰਮਜੀਤ ਸਿੰਘ ਐਸ.ਪੀ. ਡੀ. ਨੇ ਕੀਤੀ ਅਤੇ ਸ. ਪਰਮਜੀਤ ਸਿੰਘ ਗਿੱਲ ਰਿਟਾ. ਡੀ.ਆਈ.ਜੀ. ਅਤੇ ਡਾ ਹਰਕੇਸ਼ ਸਿੰਘ ਸਿੱਧੂ ਆਈ. ਏ ਐਸ. ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਅਕੈਡਮੀਆਂ ਦੇ ਪਹਿਲੇ ਹੀ ਮੁਕਾਬਲੇ ਵਿਚ ਡੀ.ਏ.ਵੀ. ਅਕੈਡਮੀ ਜਲੰਧਰ ਨੇ ਬੀ.ਸੀ. ਸਮਰਾਲਾ ਨੂੰ 27 ਦੇ ਮੁਕਾਬਲੇ ਸਾਢੇ 37 ਅੰਕਾਂ ਨਾਲ ਅਤੇ ਦੂਜੇ ਮੈਚ ਵਿਚ ਬਾਬਾ ਹਨੂੰਮਾਨ ਕਬੱਡੀ ਕਲੱਬ ਮੁਹਾਲੀ ਨੇ ਪੰਜਾਬ ਰਾਜ ਬਿਜਲੀ ਬੋਰਡ ਨੂੰ ਸਾਢੇ 23 ਦੇ ਮੁਕਾਕਬੇ 38 ਅੰਕਾਂ ਨਾਲ ਅਤੇ ਤੀਜੇ ਮੈਚ ਵਿਚ ਮਾਲਵਾ ਕਲੱਬ ਸਮਰਾਲਾ ਨੇ ਨਾਨਕਸਰ ਕਬੱਡੀ ਅਕੈਡਮੀ ਗੁਰਦਾਸਪੁਰ ਨੂੰ 32 ਦੇ ਮੁਕਾਬਲੇ ਸਾਢੇ 40 ਅੰਕਾਂ ਨਾਲ ਹਰਾਇਆ। ਚੌਥੇ ਮੈਚ ਵਿਚ ਸ਼ਹੀਦ ਬਚਨ ਸਿੰਘ ਕਬੱਡੀ ਅਕੈਡਮੀ ਦਿੜਬਾ ਨੇ ਵੀ ਦਸ਼ਮੇਸ਼ ਕਲੱਬ ਨਕੋਦਰ ਨੁੰ ਸੌਖਿਆਂ ਹੀ ਹਰਾ ਦਿੱਤਾ।
ਹੁਣ ਮੇਲਾ ਵੀ ਪੂਰਾ ਭਰ ਗਿਆ ਸੀ। ਮੰਡੀ ਦੇ ਮਕਾਨਾਂ ਦੇ ਚੁਬਾਰੇ ਅਤੇ ਬਨੇਰੇ ਵੀ ਦਰਸ਼ਕਾਂ ਨਾਲ ਭਰ ਗਏ ਸਨ । ਕਲੱਬ ਵਲੋਂ ਬੁਲਾਏ ਪਤਵੰਤੇ ਸੱਜਣਾਂ ਅਤੇ ਮੁਖ ਮਹਿਮਾਨਾਂ ਨਾਲ ਸਟੇਜ ਵੀ ਭਰ ਗਈ ਸੀ। ਏਸ ਦੌਰਾਨ ਹੀ ਪਹਿਲਾ ਸੈਮੀਫਾਈਨਲ ਮੁਕਾਬਲਾ ਡੀ.ਏ.ਵੀ ਅਕੈਡਮੀ ਅਤੇ ਮਾਲਵਾ ਸਮਰਾਲਾ ਵਿਚਕਾਰ ਹੋਇਆ। ਇਸ ਮੈਚ ਦੇ ਪਹਿਲੇ ਪਲਾਂ ਦਾ ਮੈਚ ਹੀ ਉਪਰੋ-ਥਲੀ ਜੱਫੇ ਖੜਕਣ ਨਾਲ ਰੌਚਕ ਬਣ ਗਿਆ ਇਸ ਮੈਚ ਦੇ ਸ਼ੁਰੂਆਤੀ 7 ਮਿੰਟਾਂ ਵਿਚ ਹੀ ਦੋਵੇਂ ਪਾਸੇ 10 ਜੱਫੇ ਲੱਗੇ ਜਿਨਾਂ ਵਿਚੋਂ 7 ਜੱਫੇ ਡੀ.ਏ.ਵੀ ਦੇ ਜਾਫੀਆਂ ਨੇ ਲਾਏ ਜਦਕਿ ਮਾਲਵਾ ਕਲੱਬ ਵਾਲੇ 3 ਜੱਫੇ ਹੀ ਲਾ ਸਕੇ। ਬਾਕੀ ਦੇ ਮੈਚ ਵਿਚ ਵੀ ਡੀ.ਏ.ਵੀ ਦੇ ਜਾਫੀਆਂ ਕਾਲਾ ਪ੍ਰਮਜੀਤਪੁਰ , ਸ਼ਾਮਾ ਇਬੱਣ ਅਤੇ ਸੋਨੂ ਲੱਖਣ ਕਲਾਂ ਦੇ ਜੱਫਿਆਂ ਨੇ ਦਰਸ਼ਕਾਂ ਨੂੰ ਵਾਰ ਵਾਰ ਤਾੜੀਆਂ ਮਾਰਨ ਲਈ ਮਜਬੂਰ ਕੀਤਾ। ਡੀ.ਏ.ਵੀ ਜਲੰਧਰ ਨੇ ਇਹ ਮੈਚ 7 ਜੱਫਿਆਂ ਦੇ ਫਰਕ ਨਾਲ ਜਿੱਤ ਕੇ ਬੇਮੁਕਾਬਲਾ ਜਿਹਾ ਬਣਾ ਦਿੱਤਾ। ਜਿਓ ਹੀ ਦਰਸ਼ਕਾਂ ਨੂੰ ਦੁਜੇ ਸੈਮੀਫਾਈਨਲ
ਦਿੜਬਾ ਅਤੇ ਮੁਹਾਲੀ ਦੀਆਂ ਟੀਮਾਂ ਦੇ ਭਿੜਨ ਦਾ ਪਤਾ ਲੱਗਾ ਤਾਂ ਇਕੱਠ ਵਿਚੋਂ ਚੀਕਾਂ ਵੱਜਣ ਲੱਗ ਪਈਆਂ ਦਰਸ਼ਕਾਂ ਨੂੰ ਇਸ ਮੈਚ ਵਿਚ ਦਿੜਬੇ ਦੇ ਜਾਫੀ ਪਾਲਾ ਜਲਾਲਪੁਰ, ਬਿੱਟੂ ਦੁਗਾਲ ਅਤੇ ਸੰਦੀਪ ਨੰਗਲ ਅੰਬੀਆਂ ਜਿਹੇ ਧੱਕੜ ਜਾਫੀਆਂ ਦੇ ਜੱਫਿਆਂ ਦੇ ਨਜਾਰੇ ਦਾ ਇੰਤਜਾਰ ਸੀ, ਨਾਲ ਹੀ ਮੁਹਾਲੀ ਟੀਮ ਦੇ ਜਾਫੀਆਂ ਖੁਸ਼ੀ ਦਿੜਬਾ ਅਤੇ ਨਿੰਦੀ ਬੇਨੜਾ ਦੇ ਆਤਿਸੀ਼ ਜੱਫਿਆਂ ਦੀ ਬੇਸਬਰੀ ਨਾਲ ਉਡੀਕ ਵੀ ਸੀ। ਇਨ੍ਹਾਂ ਯੋਧਿਆਂ ਦੀ ਆਮਦ ਨਾਲ ਕਲੱਬ ਪ੍ਰਬੰਧਕ ਅਸ਼ੋਕ ਮਹਿਤਾ ਅਤੇ ਪ੍ਰਧਾਨ ਗੁਰਪਿਆਰ ਸਿੰਘ ਆਪਣੇ ਸਮੁੱਚੇ ਸਾਥੀਆਂ ਨਾਲ ਗਦ ਗਦ ਹੋਏ ਪਏ ਸੀ। ਦਰਸ਼ਕਾਂ ਨੂੰ ਹੁਣ ਰੇਲਿੰਗ ਅਤੇ ਪੁਲੀਸ ਦੇ ਡਰ ਨਾਲ ਬੰਨ੍ਹ ਕੇ ਰੱਖਣਾ ਮੁਸ਼ਕਿਲ ਹੋਇਆ ਪਿਆ ਸੀ।ਮੁਹਾਲੀ ਦੀ ਟੀਮ ਨੂੰ ਕੈਨੇਡਾ ਦਾ ੳੱਘਾ ਕਬੱਡੀ ਪ੍ਰਮੋਰਟਰ ਬੱਬਲ ਔਜਲਾ ਐਬਸਫੋਰਡ ਕਬੱਡੀ ਕਲੱਬ ਮੁਹਾਲੀ ਸੰਗਰੂਰ ਦੇ ਨਾਂ ਤੇ ਖਿਡਾ ਰਿਹਾ ਸੀ। ਮੈਚ ਦੀ ਪਹਿਲੀ ਕਬੱਡੀ ਨਾਲ ਹੀ ਹਜਾਰਾਂ ਦਰਸ਼ਕਾਂ ਦੀਆਂ ਧੜਕਣਾਂ ਤੇਜ ਹੋ ਗਈਆਂ। ਮੁਹਾਲੀ ਦਾ ਧਾਵੀ ਰਾਜ ਝੋਟ ਭਾਵੇਂ ਪਹਿਲੀ ਕਬੱਡੀ ਡੇਢ ਨੰਬਰੀ ਅੰਕ ਲੈ ਮੁੜਿਆ ਪਰ ਮੁਹਾਲੀ ਦੇ ਜਾਫੀ ਖੁਸ਼ੀ ਦਿੜਬਾ ਨੇ ਦਿੜਬੇ ਦੇ ਧਾਵੀਆਂ ਤਿੰਦਾ ਪਰਜੀਆਂ ਅਤੇ ਡਿੰਪੀ ਬੁਰਜ ਹਰੀ ਨੂੰ ਮੈਚ ਦੇ ਪਹਿਲੇ ਅੱਧ ਤੱਕ ਹੀ ਲਗਾਤਾਰ 2-2 ਜੱਫੇ ਠੋਕ ਕੇ ਦਰਸ਼ਕ ਨੱਚਣ ਲਾ ਦਿੱਤੇ । ਡਿੰਪੀ ਨੂੰ ਦੋਵੇਂ ਵਾਰ ਗਿੱਟਾ ਫੜ ਕੇ ਰੋਕਣ ਵਾਲੇ ਜਾਫੀ ਖੁਸ਼ੀ ‘ਤੇ ਪ੍ਰਬੰਧਕਾਂ ਨੇ ਨੋਟਾਂ ਦਾ ਮੀਂਹ ਜਿਹਾ ਵਰ੍ਹਾ ਦਿੱਤਾ। ਲਗਦਾ ਸੀ ਕਿ ਦੂਜੇ ਪਾਸੇ ਦਿੜਬੇ ਦੀ ਜਾਫ ਲਾਈਨ ਵਿਚ ਖੜ੍ਹੇ ਦੁਨੀਆਂ ਦੇ ਦੋ ਪ੍ਰਸਿੱਧ ਜਾਫੀ ਆਪਣੇ ਜੱਫਿਆਂ ਦਾ ਕਹਿਰ ਵਿਖਾ ਕੇ ਖੁਸ਼ੀ ਵਲੋਂ ਲਾਏ ਜੱਫਆਂ ਦੀ ਕਾਟ ਕਰਨਗੇ। ਪਰ ਅੱਧੇ ਸਮੇਂ ਤੱਕ ਮੁਹਾਲੀ ਦੇ ਧਾਵੀ ਸ਼ੀਲੂ ਹਰਿਆਣਾ ਨੂੰ ਇਕ ਜੱਫਾ ਯਾਦ ਕੋਟਲੀ, ਨੇਨੀ ਬੇਨੜਾ ਨੂੰ ਇਕ ਇਕ ਜੱਫਾ ਪਾਲਾ ਜਲਾਲ ਅਤੇ ਰਾਜ ਜਖੇਪਲ ਅਤੇ ਧਾਵੀ ਰਿੰਕੂ ਝਨੇੜੀ ਨੂੰ ਸਤਗੁਰ ਨੇ ਇਕ ਅਤੇ ਸੰਦੀਪ ਨੰਗਲ ਅੰਬੀਆ ਦੇ ਦੋ ਜੱਫੇ ਲਾਏ। ਏਸ ਦੌਰਾਨ ਹੀ ਦਿੜਬੇ ਦੇ ਧਾਵੀ ਗੁਰਲਾਲ ਜਲਾਲ ਨੂੰ ਨਿੰਦੀ ਬੇਨੜਾ ਅਤੇ ਧਾਵੀ ਲੱਖਾ ਦੁਗਾਲ ਨੂੰ ਦਰਸ਼ਨ ਦਿੜਬਾ ਨੇ ਲਗਾਤਾਰ 2-2 ਜੱਫੇ ਜੜ ਕੇ ਦਰਸ਼ਕਾਂ ਵਿਚ ਹਾਹਾਕਾਰ ਮਚਾ ਦਿੱਤੀ। ਖੁਸੀ, ਨਿੰਦੀ ਅਤੇ ਦਰਸ਼ਨ ਦੇ ਜੱਫਿਆਂ ਦਾ ਜਲਵਾ ਮੈਚ ਦੇ ਅੰਤ ਤੱਕ ਵੀ ਜਾਰੀ ਰਿਹਾ। ਮੁਹਾਲੀ ਦੇ ਜਾਫੀਆਂ ਨੇ ਦਿੜਬੇ ਦੇ 7 ਜੱਫਿਆਂ ਦੇ ਮੁਕਾਬਲੇ 15 ਜੱਫੇ ਭਰੇ ਜਿਨਾਂ ਵਿਚੋਂ ਖੁਸ਼ੀ ਨੇ 6, ਨਿੰਦੀ ਨੇ 5 ਅਤੇ ਦਰਸ਼ਨ ਨੇ 3 ਤੇ ਅਮ੍ਰਿਤ ਨੇ ਇਕ ਜੱਫਾ ਲਾਇਆ। ਇਲਾਕੇ ਦੇ ਪ੍ਰਸਿੱਧ ਕੁਮੈਂਟੇਟਰ ਹਰਪ੍ਰੀਤ ਸੰਧੂ ਨੇ ਵੀ ਗਹਿ ਗੱਡਵੇਂ ਮੈਚ ਵਿਚ ਖੀਵੇ ਹੋਏ ਦਰਸ਼ਕਾਂ ਤੋਂ ਪਰਲਜ਼ ਵਿਸ਼ਵ ਕਬੱਡੀ ਕੱਪ ਫਾਈਨਲ ਮੈਚ ਵਰਗਾ ਮੈਚ ਹੋਣ ‘ਤੇ ਵਾਰ ਵਾਰ ਤਾੜੀਆਂ ਵਜਵਾਈਆਂ। ਸਚਮੁਚ ਇਹ ਮੈਚ ਲੱਖਾਂ ਦਾ ਮੈਚ ਸੀ ਅਤੇ ਪ੍ਰਬੰਧਕਾਂ ਨੇ ਵੀ ਲੱਖਾਂ ਰੁਪਏ ਝੋਟਿਆਂ ਦੇ ਭੇੜਾਂ ਜਿਹੇ ਇਸ ਮੈਚ ਦੇ ਧਾਵੀਆਂ ਅਤੇ ਜਾਫੀਆਂ ਤੋਂ ਵਾਰ ਸੁੱਟੇ। ਇੰਟਰਨੈਟ ਰਾਹੀਂ ਲਾਈਵ ਕਵਰੇਜ ਸਦਕਾ ਧੂਰੀ ਦੇ ਕਬੱਡੀ ਕੱਪ ਦਾ ਨਜਾਰਾ ਦੇਸ਼ਾ ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਨੇ ਵੀ ਮਾਣਿਆ।
ਲੜਕੀਆਂ ਦਾ ਅਤੇ ਫਿਰ 40 ਸਾਲਾਂ ਤੋਂ ਉੱਪਰ ਖਿਡਾਰੀਆਂ ਦਾ ਸ਼ੋਅ ਮੈਵ ਹੋਇਆ ਅਤੇ ਫਿਰ ਅਕੈਡਮੀਆਂ ਦੇ ਫਾਈਨਲ ਵਿਚ ਮੁਹਾਲੀ ਅਤੇ ਡੀ.ਏ.ਵੀ ਜਲੰਧਰ ਦਾ ਮੁਕਾਬਲਾ ਇਕ ਲੱਖ ਦੇ ਪਹਿਲੇ ਅਤੇ 75 ਹਜਾਰ ਦੇ ਦੂਜੇ ਇਨਾਮ ਲਈ ਭੇੜ ਹੋਇਆ। ਇਕ ਲੱਖ ਦਾ ਪਹਿਲਾ ਇਨਾਮ ਵਿਕਰਾਂਤ ਚੱਠਾ ਧੂਰੀ ਅਤੇ ਦਲਵੀਰ ਸਿੰਘ ਡਿੱਕੀ ਚੱਠਾ ਨਿਊਜ਼ੀਲੈਂਡ ਵਲੋਂ ਸਪਾਂਸਰ ਸੀ। ਇਸ ਮੈਚ ਵਿਚ ਵੀ ਮੁਹਾਲੀ ਦੇ ਜਾਫੀ ਖੁਸ਼ੀ ਦਿੜਬਾ ਦੇ ਆਤਿਸ਼ੀ ਜੱਫਿਆਂ ਨੇ ਵਿਰੋਧੀ ਟੀਮ ਦੇ ਪੈਰ ਨਹੀਂ ਲੱਗਣ ਦਿੱਤੇ ਖੁਸ਼ੀ ਨੇ 7 ਜੱਫੇ ਲਾ ਕੇ ਬੱਲੇ ਬੱਲੇ ਕਰਵਾਈ। ਮੁਹਾਲੀ ਦੇ 10 ਜੱਫਿਆਂ ਦੇ ਜੁਆਬ ਵਿਚ ਡੀ.ਏ.ਵੀ ਦੇ ਗੱਭਰੂ ਸਿਰਫ 5 ਜੱਫੇ ਹੀ ਲਾ ਸਕੇ ਇਸ ਤਰ੍ਹਾਂ ਮੁਹਾਲੀ ਨੇ 26 ਦੇ ਮੁਕਾਬਲ ਸਾਢੇ 36 ਅੰਕਾਂ ਨਾਲ ਮੈਚ ਜਿੱਤ ਕੇ ਇਕ ਲੱਖ ਦੀ ਇਨਾਮੀ ਰਾਸ਼ੀ ਵਾਲੇ ਧੂਰੀ ਕਬੱਡੀ ਕੱਪ ‘ਤੇ ਕਬਜਾ ਕਰ ਲਿਆ। ਮੁਹਾਲੀ ਟੀਮ ਦੇ ਸਪਾਂਸਰ ਬੱਬਲ ਕੈਨੇਡਾ ਨੇ ਜੇਤੂ ਟਰਾਫੀ ਅਤੇ ਇਕ ਲੱਖ ਰੁਪਏ ਦਾ ਇਨਾਮ ਚੇਅਰਮੈਨ ਬਲਵਿੰਦਰ ਸਿੰਘ ਬਿੱਲੂ, ਪ੍ਰਧਾਨ ਗੁਰਪਿਆਰ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਮਹਿਤਾ ਰਾਹੀਂ ਮੁਖ ਮਹਿਮਾਨ ਸ. ਪਰਮਜੀਤ ਸਿੰਘ ਗਿੱਲ ਰਿਟਾ. ਡੀ ਆਈ. ਜੀ. ਅਤੇ ਸ. ਹਰਚਰਨ ਸਿੰਘ ਭੁੱਲਰ ਐਸ. ਐਸ. ਪੀ. ਸੰਗਰੂਰ ਹੱਥੋਂ ਹਾਸਲ ਕੀਤਾ। ਉਪ ਜੇਤੂ ਰਹੀ ਡੀ.ਏ. ਵੀ. ਦੇ ਕੋਚ ਗੋਪਾਲ ਸਿੰਘ ਵਲੋਂ 75 ਹਜਾਰ ਦਾ ਇਨਾਮ ਪ੍ਰਾਪਤ ਕੀਤਾ ਗਿਆ ਅੰਤ ਵਿਚ ਪ੍ਰਸਿੱਧ ਲੋਕ ਗਾਇਕ ਲਾਭ ਹੀਰਾ ਨੇ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕੀਤਾ।