ਅਮਰੀਕਾ ਅਤੇ ਕੈਨੇਡਾ ਨੂੰ ਪਾਣੀ ਦੀ ਲਕੀਰ ਨਾਲ ਵੱਖ ਕਰਨ ਵਾਲੇ ਨਿਆਗਰਾ ਫਾਲਸ ਇੱਕ ਅਜਿਹੀ ਰਮਣੀਕ ਥਾਂ ਹੈ ਜਿੱਥੇ ਦੁਨੀਆਂ ਭਰ ਤੋਂ ਲੋਕੀਂ ਇੱਕ ਝਲਕ ਪਾਉਣ ਆਉਂਦੇ ਹਨ। ਤੇਜ਼ ਹਵਾਵਾਂ ਅਤੇ ਝਰਨੇ ਦੀਆਂ ਬੌਛਾੜਾਂ ਨੂੰ ਝਰਨੇ ਦੇ ਦੋਵੇਂ ਪਾਸੇ ਅਣਗਿਣਤ ਲੋਕ ਇਸ ਨਜ਼ਾਰੇ ਨੂੰ ਦੇਖਣ ਆਉਂਦੇ ਹਨ। ਉਸ ਦਿਨ ਐਂਤਵਾਰ ਸੀ। ਸਵੇਰੇ ਗਿਆਰਾਂ ਕੁ ਵਜੇ ਅਸੀਂ ਤਿਆਰ ਹੋ ਕੇ ਨਿਆਗਰਾ ਫਾਲਸ ਵੇਖਣ ਲਈ ਘਰੋਂ ਤੁਰੇ। ਅਸੀਂ ਡੇਢ ਘੰਟੇ ਵਿੱਚ ਨਿਆਗਰਾ ਫਾਲਜ਼ ਪਹੁੰਚ ਗਏ।ਰਸਤੇ ਵਿਚ ਸਾਨੂੰ ਕਿਤੇ ਵੀ ਟਰੈਫਿਕ ਜਾਂਮ ਕਾਰਣ ਰੁਕਣਾ ਨਹੀਂ ਪਿਆ।ਸ਼ਾਂਮ ਦੇ ਵਕਤ ਜਦੋਂ ਅਮੀਰਜ਼ਾਦੇ ਕੈਸੀਨੋਂ ਤੇ ਜੂਆ ਖੇਲਣ ਜਾਦੇ ਹਨ ਤਾਂ ਕਈ ਵਾਰ ਢਾਈ ਤਿੰਨ ਘੰਟੇ ਵੀ ਲੱਗ ਜਾਂਦੇ ਹਨ।ਕਨੇਡਾ ਵਿੱਚ ਸੜਕਾਂ ਵਧੀਆ ਤੇ ਚੌੜੀਆਂ ਹਨ।ਅਸੀਂ ਕਾਰ ਪਾਰਕਿੰਗ ਲਾਟ ਵਿਚ ਪਾਰਕ ਕਰਕੇ ਝਰਨਿਆਂ ਵੱਲ ਤੁਰ ਪਏ।ਕਾਰ ਪਾਰਕਿੰਗ ਵਿੱਚ ਲਾ ਕੇ ਪਹਿਲਾਂ ਅਸੀਂ ਡਿੱਕੀ ਵਿੱਚੋਂ ਕੱਢਕੇ ਵੱਡੇ ਭਾਰੀ ਕੋਟ ਪਾਕੇ ਸਿਰ ਵੀ ਢਕ ਲਏ।ਠੰਢ ਬਹੁਤ ਸੀ। ਝਰਣੇਂ ਦੇ ਕੋਲ ਅੱਖਾਂ ਵਿੱਚ ਬਰਫ ਦੀਆਂ ਕਣੀਆਂ ਵੱਜਦੀਆਂ ਸਨ। ਚਾਰੋਂ ਪਾਸੇ ਧੁਂਦ ਹੀ ਧੁੰਦ ਸੀ। ਡਿੱਗ ਰਹੇ ਪਾਣੀ ਦਾ ਸ਼ੋਰ ਆਪਣੀ ਤਰਾਂ ਦਾ ਹੀ ਖੂਬਸੂਰਤ ਨਜਾਰਾ ਸੀ। ਇਥੇ ਵੱਡੇ ਵੱਡੇ ਹੋਟਲ ਹਨ। ਖੂਬਸੂਰਤ ਪਾਰਕ ਅਤੇ ਬਾਜ਼ਾਰ ਹੈ।ਪਾਣੀ ਦੀਆਂ ਲਹਿਰਾਂ ਦਾ ਸੰਗੀਤ ਅਲੌਕਿਕ ਸੀ।ਪੱਕੀ ਦਿਵਾਰ ਕੋਲ ਖੜ੍ਹਕੇ ਸੈਲਾਂਣੀਂ ਫੋਟੋਆਂ ਖਿੱਚ ਰਹੇ ਸਨ। ਹਰ ਕੋਈ ਇਸ ਖੂਬਸੂਰਤ ਨਜਾਰੇ ਦਾ ਆਨੰਦ ਲੈ ਰਿਹਾ ਸੀ। ਨਿਆਗਰਾ ਫਾਲਜ਼ ਅਮਰੀਕਾ ਤੇ ਕੈਨੇਡਾ ਦੀ ਕਈ ਕਿਲੋਮੀਟਰ ਲੰਬੀ ਸਰਹੱਦ ਤੇ ਇਕ ਪੁਲ ਹੈ। ਝਰਨਿਆਂ ਦੇ ਪਾਣੀ ਡਿਗਣ ਨਾਲ ਬਣੇ ਗੁਬਾਰ ਦੀ ਠੰਡਕ ਸਰੀਰ ਨੂੰ ਮਹਿਸੂਸ ਹੋ ਰਹੀ ਸੀ।ਸਾਰੀ ਸੜਕ ਗਿੱਲੀ ਹੋਈ ਪਈ ਸੀ।ਅਸੀਂ ਨਾਲ ਨਾਲ ਤਸਵੀਰਾਂ ਵੀ ਲੈ ਰਹੇ ਸੀ।ਫੋਟੋ ਖਿੱਚਣ ਵੇਲੇ ਉਂਗਲਾਂ ਠੰਡੀਆਂ ਹੋਣ ਕਾਰਣ ਕੈਮਰੇ ਦਾ ਬੱਟਣ ਦੱਬਦਿਆਂ ਦਿੱਕਤ ਹੁੰਦੀ। ਅੱਖਾਂ ਵਿੱਚ ਵੱਜਦੇ ਬਰਫ ਦੇ ਬਰੀਕ ਕਣ ਬਾਰ ਬਾਰ ਅੱਖਾਂ ਬੰਦ ਕਰਾ ਰਹੇ ਸਨ । ਹਜ਼ਾਰਾਂ ਸਾਲ ਪਹਿਲਾਂ ਦੱਖਣੀ ਉਂਟਾਰੀਉ ਤੇ ਚਾਰ ਕੁ ਕਿਲੋਮੀਟਰ ਤਕ ਬਰਫ ਦੀ ਤਹਿ ਜੰਮੀ ਹੋਈ ਸੀ । ਜੋ ਹੌਲੀ ਹੌਲੀ ਖੁਰਕੇ ਇਸ ਝੀਲ ਦੇ ਰੂਪ ਵਿਚ ਪ੍ਰਗਟ ਹੋਈ।ਕਨੇਡਾ ਵਾਲੇ ਝਰਨੇ ਦਾ ਰੂਪ ਉਪਰੋਂ ਦੇਖਿਆਂ ਘੋੜੇ ਦੇ ਪੌੜ ਵਰਗਾ ਲਗਦਾ ਹੈ ਜਿਸ ਕਾਰਣ ਇਸਦਾ ਨਾਂ ਹੀ ਹੌਰਸ ਸ਼ੂ ਫਾਲਜ਼ ਹੈ। ਸਾਹਮਣੇ ਹੀ ਅਮਰੀਕਾ ਨਾਲ ਜੋੜਦਾ ਨਦੀ ਤੇ ਬਣਿਆਂ ਪੁਲ ਦਿਖਾਈ ਦੇ ਰਿਹਾ ਸੀ।ਅਸੀਂ ਅੱਗੇ ਵਧੇ ਤਾਂ ਝਰਨਿਆਂ ਦੇ ਉਪਰ ਸਤਰੰਗੀ ਪੀਂਘ ਬਣੀ ਹੋਈ ਸੀ। ਕਿਨਾਰੇ ਉਪਰ ਦੂਰਬੀਨਾਂ ਲਗੀਆਂ ਹੋਈਆਂ ਹਨ ਤਾਂ ਕਿ ਅਮਰੀਕੀ ਇਮਾਰਤਾਂ ਅਤੇ ਝਰਨਿਆਂ ਦਾ ਨੇੜੇ ਤੋਂ ਆਨੰਦ ਲਿਆ ਜਾ ਸਕੇ।ਉਸ ਵਿਚ ਇਕ ਸਿੱਕਾ ਪਾਉਣਾ ਪੈਂਦਾ ਹੈ ।ਨਿਆਗਰਾ ਝੀਲ ਵਿਚ ਜਿਥੇ ਝਰਨੇ ਡਿਗਦੇ ਹਨ ਉਥੇ ਪਾਣੀ ਦੀ ਧੁੰਦ ਬਣਦੀ ਹੈ। ਗਰਮੀਆਂ ਵਿਚ ਦੋਵਾਂ ਦੇਸਾਂ ਵੱਲੋਂ ਕਿਸ਼ਤੀਆਂ ਚਲਾਈਆਂ ਜਾਂਦੀਆਂ ਹਨ। ਜੋ ਯਾਤਰੀਆਂ ਨੂੰ ਲੈ ਕੇ ਧੁੰਦ ਵਿਚੋਂ ਲੰਘਦੀਆਂ ਹਨ। ਇਨ੍ਹਾਂ ਦਾ ਅਸਲੀ ਮਜ਼ਾ ਤਾਂ ਰਾਤ ਨੂੰ ਰੰਗ ਬਿਰੰਗੀਆਂ ਰੋਸ਼ਨੀਆਂ ਵਿਚ ਦੇਖਣ ਦਾ ਹੀ ਹੈ।ਇੱਥੇ ਵੱਡੇ ਵੱਡੇ ਕਸੀਨੋ ਹਨ। ਜਿਨ੍ਹਾਂ ਬਾਹਰ ਵੱਡੀਆਂ ਮਰਸਡੀਜ਼ ਤੇ ਲਿਮੋਜਿਨ ਕਾਰਾਂ ਖੜ੍ਹੀਆਂ ਸਨ।ਅਸੀਂ ਇਕ ਕਸੀਨੋ ਅੰਦਰੋਂ ਘੁੰਮਕੇ ਵੇਖਿਆ। ਦੁਪਹਿਰੇ ਅਸੀਂ ਕੈਸ ਹੋਟਲ ਵਿੱਚ ਖਾਣਾਂ ਖਾਧਾ। ਇਸ ਹੋਟਲ ਵਿੱਚ ਹੇਅਰ ਡਰਾਇਰ,ਇੰਟਰਨੈੱਟ, ਵਾਕੀ ਟਾਕੀ ਦੀ ਮੁਫਤ ਸਹੂਲਤ ਸੀ।ਇੱਥੇ ਹੋਟਲ ਵਿੱਚ ਹੀ ਕੱਪੜੇ ਧੋਣ ਸੁਕਾਉਣ ਤੇ ਡਰਾਈਕਲੀਂਨ ਕਰਾਉਣ ਅਤੇ ਖਰੀਦ ਦਾਰੀ ਕਰਨ ਲਈ ਦੁਕਾਂਨਾਂ ਹਨ।ਸਮਾਂ ਬਿਤਾਉਣ ਲਈ ਘੰਟਾ ਕੁ ਪਾਰਕ ਵਿੱਚ ਬੈਠੇ। ਠੰਢ ਲੱਗ ਰਹੀ ਸੀ।ਸਾਨੂੰ ਆਇਆਂ ਕਈ ਘੰਟੇ ਹੋ ਗਏ ਸਨ। ਸ਼ਾਂਮ ਹੋ ਰਹੀ ਸੀ।ਸੁਰਜ ਪੰਜ ਵਜੇ ਹੀ ਛੁੱਪ ਗਿਆ ਸੀ। ਇਥੋਂ ਅਸੀਂ ਬਜ਼ਾਰ ਵੱਲ ਚੱਲ ਪਏ ।ਸਾਰੇ ਬਜ਼ਾਰ ਵਿਚ ਲਾਈਟਾਂ ਦੀ ਜਗਮਗ ਜਗਮਗ ਹੋ ਰਹੀ ਸੀ।ਇੱਥੇ ਯਾਤਰੀਆਂ ਦੇ ਮਨੋਰੰਜਨ ਲਈ ਦੁਕਾਨਾਂ ਬਣੀਆਂ ਹੋਈਆਂ ਹਨ।ਇਨ੍ਹਾਂ ਵਿਚੋਂ ਕੁਝ ਵਿੱਚ ਬੱਚਿਆਂ ਲਈ ਡਰਾਉਣੇ ਸ਼ੋਅ ਚੱਲਦੇ ਹਨ।ਕੁਝ ਦੁਕਾਨਾਂ ਦੇ ਬਾਹਰ ਮਨੁੱਖਾਂ,ਜਾਨਵਰਾਂ ਦੇ ਪੁਤਲੇ ਖੜ੍ਹੇ ਕੀਤੇ ਹੋਏ ਸਨ।ਲੋਕੀਂ ਇਨ੍ਹਾਂ ਨਾਲ ਖੜ੍ਹ ਕੇ ਫੋਟੋਆਂ ਖਿੱਚਵਾ ਰਹੇ ਸਨ। ਝਰਨਿਆਂ ਤੇ ਪੈ ਰਹੀਆਂ ਅਲੱਗ ਅਲੱਗ ਰੰਗ ਦੀਆਂ ਰੋਸ਼ਨੀਆਂ ਇਕ ਵੱਖਰਾ ਹੀ ਨਜਾਰਾ ਪੇਸ਼ ਕਰ ਰਹੀਆਂ ਸਨ।ਅਸੀਂ ਬੈਂਚਾਂ ਤੇ ਬੈਠ ਕੇ ਇਨ੍ਹਾਂ ਰੋਸ਼ਨੀਆਂ ਦਾ ਆਨੰਦ ਮਾਣਿਆਂ। ਝੀਲ ਓਨਟੇਰੀਓ ਦੇ ਚਲਦੇ ਪਾਣੀਆਂ ਨਾਲ ਨਿਆਗਰਾ ਦਰਿਆ ਇਕ ਦਮ ਬਹੁਤ ਵੱਡੀ ਛਾਲ ਮਾਰਦਾ ਹੈ। ਇਸ ਤੋਂ ਪੈਦਾ ਹੁੰਦੀ ਖੂਬਸੂਰਤੀ ਨੇ ਧਰਤੀ ‘ਤੇ ਇਕ ਮਹਾਨ ਅਚੰਭਾ ਰਚ ਦਿੱਤਾ ਹੈ। ਇਨ੍ਹਾਂ ਪਾਣੀਆਂ ਦੀ ਖੂਬਸੂਰਤੀ ਵਿਚ ਬਣਦੇ ਰੰਗਾਂ ਨੂੰ ਮਾਨਣ ਲਈ ਢਾਈ ਕਰੋੜ ਸੈਲਾਨੀ ਦੁਨੀਆਂ ਦੇ ਹਰ ਕੋਨੇ ਤੋਂ ਹਰ ਸਾਲ ਇਥੇ ਆਉਂਦੇ ਹਨ। ਇਥੇ ਦੋ ਫਾਲਜ਼ ਹਨ।ਦੋਵਾਂ ਫਾਲਜ਼ ਵਿੱਚ ਤਿੰਨ ਕੁ ਹਜਾਰ ਫੁੱਟ ਦਾ ਫਾਸਲਾ ਹੈ। ਇਕ ਅਮਰੀਕਨ ਫਾਲਜ਼ ਜੋ ਅਮਰੀਕਾ ਵੱਲ ਲਗਦੇ ਦਰਿਆ ‘ਤੇ ਹਨ। ਕੋਈ 1000 ਫੁੱਟ ਚੋੜੀ ਤੇ 100 ਫੁੱਟ ਉੱਚੀ ਹੈ।ਦੂਜਾ ਕੈਨੇਡੀਅਨ ਫਾਲਜ਼ ਜਾਂ ਹੋਰਸ ਫਾਲਜ਼ ਜਿਸ ਦਾ ਨਾਂ ਘੋੜੇ ਦੇ ਖੁਰ ਵਾਂਗ ਬਣਦੇ ਇਸ ਦੇ ਆਕਾਰ ਤੇ ਰੱਖਿਆ ਗਿਆ ਹੈ ਲਗਪਗ 2500 ਫੁੱਟ ਚੌੜਾ ਤੇ ਤਕਰੀਬਨ 175 ਫੁੱਟੁ ਉੱਚਾ ਹੈ। 90 ਪ੍ਰਤੀਸ਼ਤ ਪਾਣੀ ਇਥੋਂ ਹੀ ਦਰਿਆ ਵਿਚ ਡਿੱਗਦਾ ਹੈ ।ਇਸ ਦਾ ਪਾਣੀ ਰਾਤ ਨੂੰ ਘਟਾ ਦਿੱਤਾ ਜਾਂਦਾ ਹੈ ਜਦੋਂ ਇਨ੍ਹਾਂ ਨੂੰ ਰੁਸ਼ਨਾਉਣ ਲਈ ਹੋਰ ਬਿਜਲੀ ਦੀ ਜ਼ਰੂਰਤ ਪੈਂਦੀ ਹੈ। ਸਰਦੀਆਂ ਵਿੱਚ ਜਦੋਂ ਪਾਣੀ ਬਰਫ ਬਣ ਜਾਂਦਾ ਹੈ ਤਾਂ ਉਸ ਵਕਤ ਇਸ ਦਾ ਨਜ਼ਾਰਾ ਹੋਰ ਵੀ ਅਦਭੁੱਤ ਹੁੰਦਾ ਹੈ।ਅਸੀਂ ਡਿੱਗ ਰਹੇ ਪਾਣੀ ਨੂੰ ਬਰਫ ਬਣਦੇ ਵੇਖਿਆ । ਇਸ ਅਦੁਭੁੱਤ ਝਰਣੇ ਦੀ ਖੁਬਸੂਰਤੀ ਤੇ ਸੱਭ ਤੋਂ ਪਹਿਲਾਂ 1604 ਵਿੱਚ, ਕੈਨੇਡਾ ਦੀ ਖੋਜ ਕਰ ਰਹੇ ਫਰਾਂਸਿਸੀ ਮਲਾਹ ਸੈਮੁਇਲ ਡੀ ਕੈਂਪਲੈਂਨ ਦੀ ਨਜਰ ਪਈ ਸੀ। ਨਿਆਗਰਾ ਫਾਲਸ ਲੰਬੇ ਸਮੇਂ ਤੋਂ ਖੋਜੀਆਂ, ਯਤਰੀਆਂ, ਕਲਾਕਾਰਾਂ,ਲੇਖਕਾਂ,ਫਿਲਮ ਨਿਰਮਾਤਾਵਾਂ ਅਤੇ ਸੈਲਾਨੀਆਂ ਲਈ ਪਰੇਰਣਾਂ ਸਰੋਤ ਰਿਹਾ ਹੈ। ਇੱਕ ਪਬਲਿਸਿਟੀ ਸਟੰਟ ਲਈ ਪਹਿਲੀ ਵਾਰ 1901 ਵਿੱਚ 63 ਸਾਲਾ ਔਰਤ ,ਇੱਕ ਅਧਿਅਪਕਾ ਐਨੀਂ ਏਡਸਨ ਟੇਲਰ ਨੇ ਇਸਨੂੰ ਲੱਕੜ ਦੇ ਢੋਲ ਵਿੱਚ ਪਾਰ ਕੀਤਾ ਸੀ। ਓਦੋਂ ਤੋਂ ਹੁਣ ਤੱਕ 14 ਵਿਅਕਤੀਆਂ ਨੇ ਇਸ ਨੂੰ ਪਾਰ ਕਰਨ ਦੀ ਕੋਸਿ਼ਸ਼ ਕੀਤੀ ਹੈ।ਜਿਨ੍ਹਾਂ ਵਿੱਚੋਂ ਕਈ ਪਾਰ ਲੰਘ ਗਏ ਤੇ ਕਈ ਡੁੱਬ ਗਏ ਸਨ। ਇਸ ਸਾਲ 2012 ਵਿੱਚ ਰੱਸੇ ਉੱਤੇ ਚੱਲਣ ਵਾਲਾ ਨਿੱਕ ਵਡੇਲਾ ਨਾਂ ਦਾ ਇੱਕ ਕਲਾਕਾਰ 1800 ਫੁੱਟ ਲੰਮੇ ਰੱਸੇ ਤੇ ਚੱਲਕੇ ਪਿਛਲੇ 120 ਸਾਲਾਂ ਵਿੱਚ ਪਹਿਲੀ ਵਾਰ ਪਾਰ ਲੰਘਿਆ ਹੈ। ਉਨੀਵੀਂ ਸਦੀ ਦੇ ਸ਼ੁਰੂ ਵਿੱਚ ਨਪੋਲੀਅਨ ਬੋਨਾਂਪਾਰਟ ਦਾ ਭਰਾ ਜਿਰੋਮ ਅਪਣੀ ਪਤਨੀ ਨਾਲ ਇੱਥੇ ਘੁੰਮਣ ਆਇਆ ਸੀ। ਝਰਨੇ ਦੀ ਖੂਬਸੂਰਤੀ ਲੋਕ ਦਰਿਆ ਦੇ ਕੰਢੇ ਦੇ ਨਾਲ ਨਾਲ ਚੱਲਕੇ ਮਾਣਦੇ ਹਨ।ਇੱਥੇ ਕਈ ਟਾਵਰ ਵੀ ਹਨ ਜਿਥੇ ਜਾ ਕੇ ਇਸ ਦੀ ਖੂਬਸੂਰਤੀ ਨੂੰ ਹੋਰ ਵੀ ਚਾਰ ਚੰਦ ਲਗ ਜਾਂਦੇ ਹਨ। ਅਮਰੀਕਾ ਦਾ ਬੂਫਲੋ ਸ਼ਹਿਰ ਇਸ ਦੇ ਨਾਲ ਲੱਗਦਾ ਹੈ। ਇਸ ਨੂੰ ਜੋੜਦਾ ਪੁਲ ਹੈ ਜਿਸ ਨੂੰ ਰੇਨਬੋ ਬ੍ਰਿਜ ਆਖਿਆ ਜਾਂਦਾ ਹੈ। ਲੋਕ ਇਸ ਦੇ ਪਾਣੀਆਂ ਦੀ ਪੈਂਦੀ ਬੂਰ ਨੂੰ ਮਾਣਦੇ ਹਨ।1965 ਵਿੱਚ ਫਾਲਜ਼ ਕੰਢੇ ਬਣਾਏ ਗਏ 160 ਮੀਟਰ ਉੱਚੇ ਸਕਾਈਲੋਨ ਟਾਵਰ ਤੋਂ ਕਨੈਡੀਅਨ ਅਤੇ ਅਮਰੀਕਨ ਦੋਵਾਂ ਪਾਸਿਆਂ ਦਾ ਦ੍ਰਿਸ਼ ਨਜਰ ਆਉਂਦਾ ਹੈ।ਕੌਮਾਂਤਰੀ ਸਰਹੱਦ ਤੇ ਹੋਣ ਕਾਰਣ ਇਸ ਦੀ ਤਾਮੀਰ ਲਈ ਅਮਰੀਕਾ ਅਤੇ ਕੈਨੇਡਾ ਦੇ ਹਵਾਈ ਪਰਿਵਹਣ ਅਧਿਕਾਰੀਆਂ ਤੋਂ ਮਨਜੂਰੀ ਲਈ ਗਈ ਸੀ। ਸਕਾਈਲੋਨ ਟਾਵਰ ਦਾ ਉਦਘਾਟਣ ਨਿਊਯਾਰਕ ਦੇ ਗਵਰਨਰ ਨੈਲਸਨ ਰੌਕਫੈਲਰ ਅਤੇ ਓਨਟਾਰੀਓ ਦੇ ਪ੍ਰੀਮੀਅਰ ਜੌਹਨ ਰੌਬਾਰਟਸ ਨੇ ਇਕੱਠਿਆਂ ਕੀਤਾ ਸੀ। ਇਸਤੇ ਪੌਣੇ ਤਿੰਨ ਸੌ ਲੋਕਾਂ ਦੇ ਬੈਠਣ ਵਾਲਾ ਘੁੰਮਦਾ ਰੈਸਟੋਰੈਂਟ ਵੀ ਹੈ। ਖਾਣਾ ਖਾਂਦਿਆਂ ਸਮੇਂ ਇਸ ਘੁੰਮਦੇ ਰੈਸਟੋਰੈਂਟ ਵਿਚੋਂ ਨਿਆਗਰਾ ਫਾਲਜ਼ ਵੇਖਣ ਦਾ ਨਜ਼ਾਰਾ ਕੁਝ ਹੋਰ ਹੈ। ਰਾਤ ਦਾ ਨਜ਼ਾਰਾ ਅਸੀਂ ਇਸੇ ਟਾਵਰ ਵਿਚ ਬੈਠ ਕੇ ਕੌਫੀ ਪੀਂੀਦਆਂ ਵੇਖਿਆ। ਪਤਾ ਨਹੀ ਸਵਰਗ ਕਿਹੋ ਜਿਹਾ ਹੋਵੇਗਾ ? ਪਰ ਕਿਸੇ ਕਲਪਤ ਸਵਰਗ ਤੋਂ ਘੱਟ ਨਹੀਂ ਹੈ ਇਹ ਨਿਆਗਰਾ ਫਾਲਜ਼।ਲੋਕਾਂ ਦੇ ਮਨੋਰੰਜਨ ਲਈ ਨਿਆਗਰਾ ਫਾਲਜ਼ ਤੇ ਬਹੁਤ ਕੁੱਝ ਹੈ। ਇਥੇ ਝਿਲਮਿਲ ਝਿਲਮਿਲ ਕਰਦੇ ਕੇਸੀਨੋ ਹਨ। ਕੈਸੀਨੋ ਦੀਆਂ ਬੱਸਾਂ ਸ਼ਹਿਰ ਤੋਂ ਮੁਫਤ ਜੂਏਬਾਜਾਂ ਨੂੰ ਲਿਆਉਂਦੀਆਂ ਹਨ। ਇਥੇ ਬੜੀ ਵੱਡੀ ਗਿਣਤੀ ਵਿਚ ਲੋਕ ਜੂਆ ਖੇਡਦੇ ਹਨ । ਨਿਆਗਰਾ ਫਾਲਜ਼ ਪੱਛਮ ਦਾ ਸੱਭ ਤੋਂ ਵੱਡਾ ਪਣ ਬਿਜਲੀ ਪੈਦਾ ਕਰਨ ਵਾਲਾ ਸਥਾਂਨ ਹੈ।ਅੱਜ ਵੀ ਇਹ ਨਿਊਯਾਰਕ ਸੂਬੇ ਦਾ ਸੱਭ ਤੋਂ ਵੱਡਾ ਬਿਜਲੀ ਪੈਦਾ ਕਰਨ ਵਾਲਾ ਸਥਾਂਨ ਹੈ।ਕੈਨੇਡਾ ਦੇ ਟਰਾਂਟੋ ਸ਼ਹਿਰ ਅਤੇ ਅਮਰੀਕਾ ਦਾ ਨਿਊਯਾਰਕ ਸ਼ਹਿਰ ਦੋ ਕੌਂਮਾਤਰੀ ਪੁਲਾਂ ਨਾਲ ਜੁੜੇ ਹੋਏ ਹਨ।ਫਾਲਜ਼ ਦੇ ਨਜਦੀਕ ਵਾਲਾ ਰੇਨਬੋ ਬਰਿੱਜ਼ ਕਾਰਾਂ ਅਤੇ ਪੈਦਲ ਯਾਤਰੀਆਂ ਲਈ ਹੈ । ਜਦੋਂ ਕਿ ਇਸਦੇ ਉੱਤਰ ਵੱਲ ਡੇਢ ਕਿਲੋਮੀਟਰ ਤੇ ਸਥਿੱਤ ਵਿਰਲਪੂਲ ਰੈਪਿਡਸ ਬਰਿੱਜ਼ ਸੱਭ ਤੋਂ ਪੁਰਾਣਾਂ ਪੁਲ ਹੈ। ਜਿਵੇਂ ਜਿਵੇਂ ਰਾਤ ਗੂੜ੍ਹੀ ਹੋ ਰਹੀ ਸੀ ਤਿਵੇਂ ਤਿਵੇਂ ਠੰਡ ਦਾ ਜ਼ੋਰ ਵੀ ਵਧ ਰਿਹਾ ਸੀ।ਰਾਤ ਦੇ ਸਾਢੇ ਅੱਠਂ ਵੱਜ ਰਹੇ ਸਨ।ਥਕੇਵਾਂ ਹੋਣ ਦੇ ਬਾਵਜੂਦ ਵਾਪਸ ਮੁੜਣ ਦਾ ਜੀਅ ਨਹੀਂ ਸੀ ਕਰਦਾ। ਪਰ ਮੇਰੀ ਬੇਟੀ ਮੀਨੂੰ ਦੀ ਰਾਤੀਂ ਬਾਰਾਂ ਵਜੇ ਨਿਊਯਾਰਕ ਲਈ ਫਲਾਈਟ ਸੀ।ਉਸਨੂੰ ਰਸਤੇ ਵਿੱਚ ਪੀਅਰਸਨ ਹਵਾਈ ਅੱਡੇ ‘ਤੇ ਛੱਡਕੇ ਅਸੀਂ ਈਟੋਬੀਕੋ ਘਰ ਪਹੁੰਚਣਾ ਸੀ। ਅੱਜ ਦਿਨ ਵੱਧੀਆ ਲੰਘਿਆ ਸੀ। ਕੁਦਰਤ ਦੀ ਅਨੋਖੀ ਕਲਾ ਨਿਆਗਰਾ ਫਾਲਜ਼ ਦੀ ਇਹ ਸੈਰ ਹਮੇਸ਼ਾ ਯਾਦ ਰਹੇਗੀ।