ਫਤਹਿਗੜ੍ਹ ਸਾਹਿਬ – “ਬੀਤੇ ਦਿਨੀ ਸ. ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਦਾ ਡੇਰੇ ਹੰਸਾਲੀ ਵਿਖੇ ਕੀਤੇ ਗਏ ਦੌਰੇ ਨੂੰ ਬੇਸ਼ੱਕ ਬਾਹਰੀ ਰੂਪ ਵਿਚ ਧਾਰਮਿਕ ਆਸਥਾਂ ਦਾ ਨਾਮ ਦਿੱਤਾ ਜਾ ਰਿਹਾ ਹੈ, ਲੇਕਿਨ ਅਸਲੀਅਤ ਵਿਚ ਇਹ ਦੌਰਾ ਧਾਰਮਿਕ ਦੌਰੇ ਦੀ ਆੜ ਵਿਚ ਬੀਤੇ ਦਿਨੀ ਫਤਹਿਗੜ੍ਹ ਸਾਹਿਬ ਦੇ ਐਸ.ਐਸ.ਪੀ. ਜੋ ਇਮਾਨਦਾਰ ਤੇ ਦ੍ਰਿੜੀ ਅਫ਼ਸਰ ਹਨ, ਵੱਲੋਂ 130 ਕਰੋੜ ਰੁਪਏ ਦੇ ਫੜੀ ਗਈ ਹੈਰੋਇਨ ਦੇ ਕੇਸ ਵਿਚ ਦਬਾਅ ਪਾਕੇ ਹੈਰੋਇਨ ਸਮਗਲਰਾ ਦੇ ਬਚਾਅ ਕਰਨ ਲਈ ਕੀਤਾ ਗਿਆ ਹੈ । ਤਾ ਕਿ ਇਸ ਦੀ ਜਾਂਚ ਨਿਰਪੱਖਤਾ ਤੇ ਇਮਾਨਦਾਰੀ ਨਾਲ ਨਾ ਹੋ ਸਕੇ ਅਤੇ ਹੈਰੋਇਨ ਕੇਸ ਦੀਆਂ ਫੈਲੀਆਂ ਜੜ੍ਹਾਂ ਉੱਚ ਕੋਟੀ ਦੇ ਸਿਆਸਤਦਾਨਾਂ ਅਤੇ ਹੁਕਮਰਾਨਾਂ ਦੀਆਂ ਬਰੂਹਾ ਤੱਕ ਨਾ ਪਹੁੰਚ ਸਕਣ ।”
ਇਹ ਖੁਲਾਸਾ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਾਦਲ ਜੋੜੀ ਵੱਲੋਂ ਹੰਸਾਲੀ ਵਿਖੇ ਕੀਤੇ ਗਏ ਧਾਰਮਿਕ ਦੌਰੇ ਦੇ ਗੁੰਝੇ ਮਿਸ਼ਨ ਅਤੇ ਮਕਸਦਾ ਤੋ ਪੰਜਾਬ ਨਿਵਾਸੀਆਂ ਨੂੰ ਜਾਣੂ ਕਰਵਾਉਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਸ੍ਰੀ ਫਤਹਿਗੜ੍ਹ ਸਾਹਿਬ ਦੇ ਐਸ.ਐਸ.ਪੀ. ਸ. ਹਰਦਿਆਲ ਸਿੰਘ ਮਾਨ ਦੀ ਇਮਾਨਦਾਰੀ ਅਤੇ ਨਿਰਪੱਖਤਾ ਵਾਲੀ ਕਾਰਗੁਜਾਰੀ ਦੀ ਭਰਪੂਰ ਪ੍ਰਸੰ਼ਸ਼ਾਂ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਕਦੀ ਵੀ ਨਿਆਂ ਅਤੇ ਇਨਸਾਫ਼ ਵਿਚ ਬੇਦਲੀਲ ਸਿਆਸੀ ਪ੍ਰਭਾਵ ਦੀ ਦਖਲਅੰਦਾਜੀ ਨੂੰ ਪ੍ਰਵਾਨ ਨਹੀ ਕੀਤਾ । ਉਹਨਾਂ ਉਮੀਦ ਪ੍ਰਗਟ ਕੀਤੀ ਕਿ ਭਾਵੇ ਉਪਰੋਕਤ ਬਾਦਲ ਜੋੜੀ ਨੇ 130 ਕਰੋੜ ਦੀ ਹੈਰੋਇਨ ਕੇਸ ਵਿਚ ਫਸੇ ਸਿਰਕੱਢ ਸਮਗਲਰਾ ਦਾ ਬਚਾਅ ਕਰਨ ਲਈ ਗੁਪਤ ਹਦਾਇਤਾਂ ਕੀਤੀਆਂ ਹਨ । ਪਰ ਸ. ਹਰਦਿਆਲ ਸਿੰਘ ਮਾਨ ਇਸ ਕੇਸ ਦੀ ਪੂਰੀ ਜਾਂਚ ਕਰਦੇ ਹੋਏ ਤਹਿ ਤੱਕ ਪਹੁੰਚਣਗੇ ਅਤੇ ਕਿਸੇ ਵੀ ਦੋਸੀ ਨੂੰ ਨਹੀ ਬਖਸ਼ਣਗੇ ਭਾਵੇ ਕਿ ਉਹ ਕਿਸੇ ਵੀ ਸਿਆਸੀ ਜਾਂ ਸਰਕਾਰੀ ਉੱਚ ਅਹੁਦੇ ਤੇ ਕਿਉ ਨਾ ਹੋਵੇ ।
ਸ. ਮਾਨ ਨੇ ਅਖੀਰ ਵਿਚ ਕਿਹਾ ਕਿ ਜਦੋ 540 ਕਿਲੋਮੀਟਰ ਲੰਮੀ ਪੰਜਾਬ-ਪਾਕਿਸਤਾਨ ਸਰਹੱਦ ਉਤੇ ਕੰਡਿਆਲੀ ਤਾਰ ਦੀ 9 ਫੁੱਟ ਉੱਚੀ ਸਖ਼ਤ ਵਾੜ ਹੈ, ਰਾਤ ਨੂੰ ਦਿਨ ਦਾ ਨਜ਼ਾਰਾਂ ਪੇਸ਼ ਕਰਨ ਵਾਲੀਆਂ ਸਰਚ ਲਾਇਟਾਂ ਦਾ ਪ੍ਰਬੰਧ ਹੈ, ਫਿਰ ਬੀ.ਐਸ.ਐਫ ਦਾ ਸਖ਼ਤ ਪਹਿਰਾ ਹੈ, ਦਿਨ ਰਾਤ ਹਵਾਈ ਪੈਟਰੋਲਿੰਗ ਦਾ ਪ੍ਰਬੰਧ ਹੈ, ਫਿਰ ਫੌਜ ਹੈ, ਫਿਰ ਸੈਟਰ ਦੀਆਂ ਖੂਫੀਆਂ ਏਜੰਸੀਆਂ ਆਈ.ਬੀ. ਅਤੇ ਰਾਅ ਨਿੰਗਰਾਨੀ ਕਰ ਰਹੀਆਂ ਹਨ, ਚੌਕਸੀ ਵਿਭਾਗ ਹੈ, ਪੰਜਾਬ ਪੁਲਿਸ ਦਾ ਪ੍ਰਬੰਧ ਹੈ । ਸੁਰੱਖਿਆ ਦੀਆਂ ਅੱਠ-ਨੌ ਤਹਿਆ ਦੇ ਹੋਣ ਦੇ ਬਾਵਜੂਦ ਵੀ ਜੇਕਰ ਰੋਜ਼ਾਨਾ ਹੀ ਕੁਆਇੰਟਲਾਂ ਦੇ ਰੂਪ ਵਿਚ ਹੈਰੋਇਨ, ਚਰਸ, ਗਾਂਜਾ, ਭੁੱਕੀ, ਸਮੈਕ, ਅਫੀਮ ਆਦਿ ਨਸ਼ੀਲੀਆਂ ਵਸਤਾਂ ਆ ਰਹੀਆਂ ਹਨ, ਤਾਂ ਇਸ ਵਿਚ ਸੈਟਰ ਦੀ ਯੂਪੀਏ ਹਕੂਮਤ ਅਤੇ ਪੰਜਾਬ ਦੀ ਬਾਦਲ ਹਕੂਮਤ ਉਤੇ ਬੈਠੇ ਹਿੰਦੂਤਵ ਪੱਖੀ ਉਹਨਾਂ ਸਿਆਸਤਦਾਨਾਂ ਦੀਆਂ ਸਾਜਿ਼ਸਾਂ ਤੋ ਇਨਕਾਰ ਨਹੀ ਕੀਤਾ ਜਾ ਸਕਦਾ, ਜੋ ਪੰਜਾਬੀ ਅਤੇ ਸਿੱਖ ਨੌਜ਼ਵਾਨਾਂ ਨੂੰ ਨਸ਼ਈ ਬਣਾਕੇ ਪੰਜਾਬ ਸੂਬੇ ਨੂੰ ਮਾਲੀ ਤੇ ਇਖ਼ਲਾਕੀ ਤੌਰ ਤੇ ਵੱਡਾ ਨੁਕਸਾਨ ਪਹੁੰਚਾਉਣਾਂ ਚਾਹੁੰਦੇ ਹਨ । ਇਸ ਲਈ ਦੋਵੇ ਹਕੂਮਤਾਂ ਸਿੱਧੇ ਤੌਰ ਤੇ ਜਿੰਮੇਵਾਰ ਹਨ । ਇਸ ਹੋ ਰਹੇ ਪੰਜਾਬ ਸੂਬੇ ਅਤੇ ਸਿੱਖ ਕੌਮ ਵਿਰੋਧੀ ਵਰਤਾਰੇ ਦੀ ਨਿਰਪੱਖਤਾ ਨਾਲ ਜਾਂਚ ਹੋਣੀ ਚਾਹੀਦੀ ਹੈ ਅਤੇ ਜੋ ਸਿਆਸਤਦਾਨ ਅਤੇ ਅਫ਼ਸਰਸ਼ਾਹੀ ਇਸ ਗੈਰ ਇਖ਼ਲਾਕੀ ਅਤੇ ਗੈਰ ਕਾਨੂੰਨੀ ਕਾਰਵਾਈ ਵਿਚ ਸ਼ਾਮਿਲ ਹੋਵੇ, ਉਹਨਾਂ ਨੂੰ ਤੁਰੰਤ ਸਖ਼ਤ ਸਜ਼ਾਵਾਂ ਦੇਣ ਦਾ ਪ੍ਰਬੰਧ ਹੋਣਾ ਚਾਹੀਦਾ ਹੈ ।