ਲੁਧਿਆਣਾ:- ਕਣਕ ਝੋਨੇ ਦੇ ਫ਼ਸਲੀ ਚੱਕਰ ਵਿਚੋਂ ਬਾਹਰ ਨਿਕਲਣ ਲਈ ਬਦਲਵੀਆਂ ਫ਼ਸਲਾਂ ਜਿਵੇਂ ਕਿ ਮੱਕੀ, ਨਰਮਾ ਅਤੇ ਸਬਜ਼ੀਆਂ ਆਦਿ ਵੱਲ ਤੁਰਨਾ ਸਮੇਂ ਦੀ ਮੁੱਖ ਮੰਗ ਹੈ। ਇਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਚੌਖਾ ਵਾਧਾ ਹੋ ਸਕਦਾ ਹੈ। ਇਹ ਵਿਚਾਰ ਵਿੱਤ ਕਮਿਸ਼ਨਰ (ਵਿਕਾਸ), ਪੰਜਾਬ ਸ: ਜੀ ਐਸ ਸੰਧੂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਲਗਾਏ ਗਏ ਖੇਤਰੀ ਕਿਸਾਨ ਮੇਲੇ ਦੇ ਉਦਘਾਟਨੀ ਸਮਾਰੋਹ ਦੌਰਾਨ ਕਹੇ।
ਖੇਤਰੀ ਕੇਂਦਰ ਰੌਣੀ ਜ਼ਿਲ੍ਹਾ ਪਟਿਆਲਾ ਵਿਖੇ ਆਯੋਜਿਤ ਇਸ ਕਿਸਾਨ ਮੇਲੇ ਦੌਰਾਨ ਸ: ਸੰਧੂ ਨੇ ਬੋਲਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕਣਕ ਅਤੇ ਝੋਨਾ ਦੇਸ਼ ਦੇ ਦੂਜੇ ਸੂਬਿਆਂ ਜਿਵੇਂ ਮੱਧ ਪ੍ਰਦੇਸ਼, ਛਤੀਸਗੜ੍ਹ, ਬਿਹਾਰ ਆਦਿ ਵਿੱਚ ਵੱਧ ਪੈਦਾਵਾਰ ਲਈ ਉਪਰਾਲੇ ਆਰੰਭੇ ਗਏ ਹਨ। ਇਸ ਲਈ ਸਾਨੂੰ ਹੁਣ ਖੇਤੀ ਵਿਭਿੰਨਤਾ ਲਈ ਕਣਕ ਝੋਨੇ ਦੀਆਂ ਬਦਲਵੀਆਂ ਫ਼ਸਲਾਂ ਵੱਲ ਤੁਰਨਾ ਪਵੇਗਾ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਇਸ ਸੰਦਰਭ ਵਿੱਚ ਜਾਰੀ ਕੀਤਾ 500 ਕਰੋੜ ਰੁਪਏ ਦਾ ਫੰਡ ਖੇਤੀ ਵਿਭਿੰਨਤਾ ਲਿਆਉਣ ਲਈ ਸਹਾਈ ਹੋਵੇਗਾ। ਸ: ਸੰਧੂ ਨੇ ਦੱਸਿਆ ਕਿ ਕੌਮੀ ਬਾਗਬਾਨੀ ਮਿਸ਼ਨ ਅਧੀਨ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਵੱਲ ਤੋਰਨ ਲਈ ਕਈ ਤਰ੍ਹਾਂ ਦੀਆਂ ਨਵੀਆਂ ਯੋਜਨਾਵਾਂ ਤਿਆਰ ਕੀਤੀਆਂ ਗਈਆਂ ਹਨ। ਉਨ੍ਹਾਂ ਯੂਨੀਵਰਸਿਟੀ ਦੇ ਸਾਇੰਸਦਾਨਾਂ ਅਤੇ ਖੇਤੀਬਾੜੀ ਵਿਗਿਆਨੀਆਂ ਨੂੰ ਸੂਚਨਾ ਅਤੇ ਤਕਨਾਲੋਜੀ ਨੂੰ ਕਿਸਾਨਾਂ ਦੇ ਖੇਤਾਂ ਤੀਕ ਪਹੁੰਚਾਉਣ ਲਈ ਹੋਰ ਹੰਭਲਾ ਮਾਰਨ ਲਈ ਅਪੀਲ ਕੀਤੀ।
ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਵਿੱਚ ਸਬਜ਼ੀਆਂ ਦੀ ਕਾਸ਼ਤ ਨੂੰ ਹੋਰ ਪ੍ਰਫੁੱਲਤ ਕਰਨ ਲਈ ਹੀ ਇਸ ਕਿਸਾਨ ਮੇਲੇ ਦਾ ਮੁੱਖ ਉਦੇਸ਼ ‘‘ ਘਰ ਵਿੱਚ ਸਬਜ਼ੀ ਦਾਲ ਉਗਾਓ- ਸਿਹਤ ਬਣਾਓ, ਪੈਸੇ ਬਚਾਓ’’ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿੱਚ 12 ਲੱਖ ਕਿਸਾਨੀ ਨਾਲ ਜੁੜੇ ਪਰਿਵਾਰ ਆਪਣੇ ਪਰਿਵਾਰ ਲਈ ਸਬਜ਼ੀਆਂ ਅਤੇ ਦਾਲਾਂ ਉਗਾਉਂਦੇ ਹਨ ਤਾਂ ਇਸ ਨਾਲ ਖੇਤੀ ਵਿਭਿੰਨਤਾ ਵੱਲ ਇਕ ਚੰਗਾ ਕਦਮ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਨਾਸਕ (ਮਹਾਂਰਾਸ਼ਟਰਾ) ਦਾ ਕਿਸਾਨ ਸਬਜ਼ੀਆਂ ਗੁਆਂਢੀ ਮੁਲਕ ਪਾਕਿਸਤਾਨ ਭੇਜ ਸਕਦਾ ਹੈ ਤਾਂ ਸਾਨੂੰ ਵੀ ਇਸ ਪਾਸੇ ਤੁਰਨਾ ਜ਼ਰੂਰ ਚਾਹੀਦਾ ਹੈ। ਉਨ੍ਹਾਂ ਬਾਸਮਤੀ ਉਗਾਉਣ ਵਾਲੇ ਕਿਸਾਨਾਂ ਨੂੰ ਵਿਸ਼ੇਸ਼ ਤੌਰ ਤੇ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਕੀਟਨਾਸ਼ਕ ਵਰਤਣ ਲਈ ਕਿਹਾ ਤਾਂ ਜੋ ਨਿਰਯਾਤ ਵੇਲੇ ਉਨ੍ਹਾਂ ਦੀ ਉਪਜ ਨੂੰ ਦੂਜੇ ਮੁਲਕਾਂ ਵੱਲੋਂ ਸਵੀਕਾਰ ਕੀਤਾ ਜਾਵੇ। ਡਾ: ਢਿੱਲੋਂ ਨੇ ਕਿਸਾਨਾਂ ਨੂੰ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਲਈ ਲੇਜ਼ਰ ਲੈਂਡ ਲੈਵਲਰ, ਟੈਂਸ਼ੀਓਮੀਟਰ ਆਦਿ ਯੰਤਰਾਂ ਦੀ ਵਰਤੋਂ ਕਰਨ ਲਈ ਕਿਸਾਨਾਂ ਨੂੰ ਅਪੀਲ ਕੀਤੀ।
ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ: ਮੁਖਤਾਰ ਸਿੰਘ ਗਿੱਲ ਨੇ ਜੀ ਆਇਆਂ ਦੇ ਸ਼ਬਦ ਬੋਲਦਿਆਂ ਕਿਹਾ ਕਿ ਕਿਸਾਨਾਂ ਨੂੰ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਦੀ ਇਨਬਿਨ ਪਾਲਣਾ ਆਪਣੇ ਖੇਤ ਵਿੱਚ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੱਖੀ ਪਾਲਣ, ਪੋਲਟਰੀ, ਪਸ਼ੂ ਪਾਲਣ, ਖੁੰਭਾਂ ਦੀ ਕਾਸ਼ਤ ਆਦਿ ਸਹਾਇਕ ਧੰਦਿਆਂ ਨਾਲ ਖੇਤੀ ਨੂੰ ਲਾਹੇਵੰਦ ਬਣਾਇਆ ਜਾ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਇਸ ਸੰਬੰਧੀ ਤਕਨੀਕੀ ਜਾਣਕਾਰੀ ਹਾਸਿਲ ਕਰਨ ਲਈ ਆਪਣੇ ਆਪਣੇ ਜ਼ਿਲ੍ਹੇ ਵਿੱਚ ਸਥਾਪਿਤ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਫਾਰਮ ਸਲਾਹਕਾਰ ਕੇਂਦਰਾਂ ਨਾਲ ਜੁੜਨ ਨੂੰ ਕਿਹਾ। ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ ਨੇ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਖੋਜਕਾਰਜਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਯੂਨੀਵਰਸਿਟੀ ਵੱਲੋਂ ਨਵੀਂਆਂ ਜਾਰੀ ਕੀਤੀਆਂ ਝੋਨੇ ਦੀਆਂ ਕਿਸਮਾਂ ਬਾਰੇ ਜਾਣਕਾਰੀ ਵੀ ਪ੍ਰਦਾਨ ਕੀਤੀ। ਮੇਲੇ ਦੌਰਾਨ ਵਿਸ਼ੇਸ਼ ਤੌਰ ਤੇ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਵੱਲੋਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ। ਮੇਲੇ ਦੌਰਾਨ ਬੀਜ ਅਤੇ ਸਾਹਿਤ ਦੀ ਵਿਕਰੀ ਮੁੱਖ ਖਿੱਚ ਦਾ ਕੇਂਦਰ ਰਹੀ। ਕਿਸਾਨਾਂ ਦੀਆਂ ਸਮੱਸਿਆਵਾਂ ਦੇ ਸਵਾਲਾਂ ਦੇ ਜਵਾਬ ਵੀ ਵਿਸ਼ਾ ਵਸਤੂ ਮਾਹਿਰਾਂ ਵੱਲੋਂ ਮੌਕੇ ਤੇ ਦਿੱਤੇ ਗਏ।