ਲੁਧਿਆਣਾ: ਨਿੱਜੀ ਖੇਤਰ ਦੀ ਇਕ ਮੁੰਬਈ ਅਧਾਰਿਤ ਟਰੈਕਟਰ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਵੱਲੋਂ ਖੇਤੀਬਾੜੀ ਇੰਜੀਨਅਰਿੰਗ ਅਤੇ ਤਕਨਾਲੋਜੀ ਕਾਲਜ, ਪੀ ਏ ਯੂ ਲੁਧਿਆਣਾ ਵਿਖੇ ਵਿਦਿਆਰਥੀਆਂ ਦੀ ਖੇਤੀ ਇੰਜੀਨੀਅਰਿੰਗ ਵਿੱਚ ਦਿਲਚਸਪੀ ਪਰਖਣ ਅਤੇ ਪੇਸ਼ੇਵਰਾਨਾ ਯੋਗਤਾ ਨਿਖਾਰਨ ਲਈ ਮੁਕਾਬਲੇ ਕਰਵਾਏ ਗਏ। ਕੰਪਨੀ ਦੇ ਮਾਹਿਰ ਪੈਨਲ ਨੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਪੇਸ਼ਕਾਰੀਆਂ ਨੂੰ ਉੱਚ ਪੱਧਰੀ ਕਿਹਾ। ਡੀਨ ਪੋਸਟ ਗਰੈਜੂਏਟ ਸਟੱਡੀਜ਼ ਡਾ: ਗੁਰਸ਼ਰਨ ਸਿੰਘ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਮਾਨਵ ਵਿਕਾਸ ਵਿੱਚ ਪੇਸ਼ੇਵਰਾਨਾ ਯੋਗਤਾ ਦੇ ਵਿਕਾਸ ਲਈ ਇਹੋ ਜਿਹੇ ਮੌਕੇ ਦੇਣਾ ਚੰਗੀ ਗੱਲ ਹੈ। ਉਨ੍ਹਾਂ ਵੱਖ ਵੱਖ ਵਿਦਿਅਕ ਅਦਾਰਿਆਂ ਵਿੱਚ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਦੀ ਸ਼ਲਾਘਾ ਕੀਤੀ। ਇੰਜੀਨੀਅਰਿੰਗ ਕਾਲਜ ਦੇ ਡੀਨ ਡਾ: ਪਿਰਤਪਾਲ ਸਿੰਘ ਲੁਬਾਣਾ ਨੇ ਵਿਦਿਆਰਥੀਆਂ ਵੱਲੋਂ ਆਪਣੀ ਸਰਵੋਤਮਤਾ ਵਿਖਾਉਣ ਲਈ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਆਖਿਆ ਕਿ ਗਲੋਬਲ ਅਰਥਚਾਰੇ ਵਿੱਚ ਆਪਣਾ ਸਥਾਨ ਗ੍ਰਹਿਣ ਕਰਨ ਲਈ ਸਰਵੋਤਮਤਾ ਹੀ ਇਕੋ ਇਕ ਕੁੰਜੀ ਹੈ।
ਡਾ: ਸਤੀਸ਼ ਗੁਪਤਾ ਅਤੇ ਡਾ: ਵਿਸ਼ਾਲ ਬੈਕਟਰ ਨੇ ਪਲੇਸਮੈਂਟ ਕਮੇਟੀ ਵੱਲੋਂ ਇਸ ਪਰਖ਼ ਮੁਕਾਬਲੇ ਨੂੰ ਯੋਗਤਾ ਨਿਖਾਰਣ ਦਾ ਵਸੀਲਾ ਕਿਹਾ। ਖੇਤੀ ਇੰਜੀਨੀਅਰਿੰਗ ਦੇ ਤੀਸਰੇ ਸਾਲ ਦੀ ਵਿਦਿਆਰਥਣ ਪਾਲਕੀ ਅਰੋੜਾ ਤਕਨੀਕੀ ਸੈਸ਼ਨ ਵਿੱਚ ਜੇਤੂ ਰਹੀ। ਡਿਜ਼ਾਈਨ ਮੁਕਾਬਲੇ ਵਿੱਚ ਵਿਸ਼ਵਦੀਪ, ਹਰਮਨਪ੍ਰੀਤ, ਸ਼ਾਇਨਾ, ਮੇਨਕਾ ਅਤੇ ਅਜਲਪ੍ਰੀਤ ਨੇ ਪਹਿਲਾ ਪੁਰਸਕਾਰ ਜਿੱਤਿਆ। ਆਮ ਪ੍ਰਸ਼ਨੋਤਰੀ ਮੁਕਾਬਲੇ ਨਰੇਸ਼ ਕੁਮਾਰ, ਸਾਹਿਲ ਅਤੇ ਸਮਰਿਧ ਤੇ ਅਧਾਰਿਤ ਟੀਮ ਨੇ ਜਿੱਤੇ। ਸਾਰੇ ਜੇਤੂਆਂ ਨੂੰ ਰੁਜ਼ਗਾਰ ਪ੍ਰਾਪਤੀ ਲਈ ਹੁਣ ਬੇਹੱਦ ਅਸਾਨੀ ਹੋ ਜਾਵੇਗੀ ਕਿਉਂਕਿ ਉਨ੍ਹਾਂ ਦੇ ਗੁਣਾਂ ਨੂੰ ਟਰੈਕਟਰ ਕੰਪਨੀ ਨੇ ਖੁਦ ਪੀ ਏ ਯੂ ਕੈਂਪਸ ਵਿੱਚ ਆ ਕੇ ਪਰਖਿਆ ਹੈ।