‘‘ਅਲਬਰਟ, ਅਲਬਰਟ ਓਏ ਸੁਸਤ ਕੁੱਤਿਆ, ਤੇਰਾ ਪੜ੍ਹਾਈ ਵਿੱਚ ਉੱਕਾ ਹੀ ਧਿਆਨ ਨਹੀਂ।’’ ਇਹ ਸ਼ਬਦ, ਗਣਿਤ ਪ੍ਰੋਫੈਸਰ ਦੇ ਉਸ ਮਹਾਨ ਵਿਅਕਤੀ ਬਾਰੇ ਸਨ ਜੋ ਦੁਨੀਆ ਦੇ ਉਨ੍ਹਾਂ ਤਿੰਨ ਸਹੂਦੀਆਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਪੂਰੀ ਦੁਨੀਆਂ ਨੂੰ ਬਦਲ ਕੇ ਰੱਖ ਦਿੱਤਾ। ਇਹ ਵਿਅਕਤੀ ਸਨ ਕਾਰਲ ਮਾਰਕਸ, ਚਾਰਲਸ ਡਾਰਵਿਨ ਤੇ ਅਲਬਰਟ ਆਈਨਸਟਾਈਨ। ਮਾਰਕਸ ਕਮਿਊਨਿਸਟ ਵਿਚਾਰਧਾਰਾ ਦਾ ਮੋਢੀ, ਚਾਰਲਸ ਡਾਰਵਿਨ ਜੀਵਾਂ ਵਿੱਚ ਹੋਏ ਵਿਕਾਸ ਦੀ ਪੁਸ਼ਟੀ ਕਰਨ ਵਾਲਾ ਅਤੇ ਅਲਬਰਟ ਆਈਨਸਟਾਈਨ ਊਰਜਾ ਦੇ ਸਾਪੇਖਤਾ ਸਿਧਾਂਤ ਦਾ ਖੋਜੀ ਸਨ। ਆਈਨਸਟਾਈਨ ਦਾ ਜਨਮ 14 ਮਾਰਚ 1879 ਨੂੰ ਜਰਮਨੀ ਦੇ ਇੱਕ ਛੋਟੇ ਜਿਹੇ ਪਿੰਡ ਉਲਮ ਵਿੱਚ ਹੋਇਆ। ਉਸਦੇ ਮਾਪੇ ਹਰਮਨ ਤੇ ਪਾਲਲਾਈਨ ਨਾ ਤਾਂ ਕੱਟੜ ਧਾਰਮਿਕ ਅਤੇ ਨਾ ਹੀ ਜਾਤ-ਪਾਤ ਦੇ ਹਾਮੀ ਸਨ। ਆਈਨਸਟਾਈਨ ਦੀ ਦੋ ਸਾਲ ਛੋਟੀ ਭੈਣ ਵੀ ਸੀ ਜਿਸਦਾ ਨਾਂ ਮਾਜਾ ਸੀ।
ਜਨਮ ਸਮੇਂ ਹੀ ਆਈਨਸਟਾਈਨ ਦਾ ਸਿਰ ਸਧਾਰਣ ਆਕਾਰ ਨਾਲੋਂ ਕੁਝ ਵੱਡਾ ਸੀ। ਇਸ ਲਈ ਡਾਕਟਰਾਂ ਦਾ ਖਿਆਲ ਸੀ ਕਿ ਇਹ ਅਸਧਾਰਨਤਾ ਆਈਨਸਟਾਈਨ ਨੂੰ ਜਾਂ ਤਾਂ ਮੰਦਬੁੱਧੀ ਦਾ ਜਾਂ ਤੇਜ਼ ਬੁੱਧੀ ਦਾ ਬਣਾ ਦੇਵੇਗੀ। ਜਦੋਂ ਆਈਨਸਟਾਈਨ ਚਾਰ ਸਾਲ ਦੀ ਉਮਰ ਤੱਕ ਵੀ ਸਾਫ਼ ਬੋਲਣਾ ਨਾ ਸਿਖ ਸਕਿਆ ਤਾਂ ਉਸਦੇ ਮਾਪਿਆਂ ਦਾ ਮੱਥਾ ਠਣਕਿਆ। ਬੋਲਣ ਪੱਖੋਂ ਨੌ ਸਾਲ ਦੀ ਉਮਰ ਤੱਕ ਉਸਦਾ ਬੁਰਾ ਹਾਲ ਹੀ ਰਿਹਾ। ਆਈਨਸਟਾਈਨ ਦੇ ਪਿਤਾ ਨੇ ਪੰਜ ਸਾਲ ਦੀ ਉਮਰ ਵਿੱਚ ਉਸਨੂੰ ਇੱਕ ਕੰਪਾਸ ਲੈ ਦਿੱਤੀ। ਕੰਪਾਸ ਦੀਆਂ ਸੂਈਆਂ ਜਦੋਂ ਵੀ ਹਿਲਾਈਆਂ ਜਾਂਦੀਆਂ ਤਾਂ ਉਹ ਮੁੜ ਉੱਤਰ-ਦੱਖਣ ਦਿਸ਼ਾ ਵੱਲ ਆ ਰੁਕਦੀਆਂ। ਸੂਈਆਂ ਤੇ ਕੰਮ ਕਰਦੇ ਬਲ ਨੂੰ ਆਈਨਸਟਾਈਨ ਲੱਭਣ ਦਾ ਯਤਨ ਕਰਦਾ।
ਆਈਨਸਟਾਈਨ ਦੇ ਪਿਤਾ ਹਰਮਨ ਨੇ ਜਰਮਨੀ ਦੇ ਸ਼ਹਿਰ ਮਿਊਨਿਕ ਵਿੱਚ ਹੀ ਇੱਕ ਬਿਜਲੀ ਦੇ ਸਮਾਨ ਬਣਾਉਣ ਦੀ ਫੈਕਟਰੀ ਲਾਈ ਹੋਈ ਸੀ। ਬਿਜਲੀ ਉਪਕਰਣਾਂ ਵਿੱਚ ਦਿਲਚਸਪੀ ਵੀ ਆਈਨਸਟਾਈਨ ਨੂੰ ਵਿਰਸੇ ਵਿਚੋਂ ਮਿਲੀ ਸੀ। ਇਸ ਲਈ ਆਈਨ ਸਟਾਈਨ ਦੀ ਮੁੱਢਲੀ ਪੜ੍ਹਾਈ ਮਿਊਨਿਕ ਦੇ ਐਲੀਮੈਂਟਰੀ ਸਕੂਲ ਵਿੱਚ ਹੀ ਹੋਈ।
ਸਕੂਲੀ ਪੜ੍ਹਾਈ ਦੌਰਾਨ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਆਈਨਸਟਾਈਨ ਨੂੰ ਪੜ੍ਹਾਈ ਵੱਲ ਧਿਆਨ ਨਾ ਦੇਣ ਕਾਰਨ ਸਕੂਲ ਵਿੱਚੋਂ ਕੱਢ ਦਿੱਤਾ ਗਿਆ। ਆਈਨਸਟਾਈਨ ਨੂੰ ਵਾਇਲਨ ਵਜਾਉਣ ਦਾ ਬਹੁਤ ਸ਼ੌਂਕ ਸੀ। ਉਹ ਹਰ ਵੇਲੇ ਇਸ ਨੂੰ ਆਪਣੇ ਪਾਸ ਰੱਖਦਾ। ਆਈਨਸਟਾਈਨ ਦੇ ਪਿਤਾ ਹਰਮਨ ਨੇ ਸਾਇੰਸ ਵਿੱਚ ਉਸਦੀ ਦਿਲਚਸਪੀ ਪੈਦਾ ਕਰਨ ਲਈ ਡਾਕਟਰੀ ਦੀ ਪੜ੍ਹਾਈ ਕਰਨ ਵਾਲੇ ਇੱਕ ਗਰੀਬ ਵਿਦਿਆਰਥੀ ਨੂੰ, ਆਈਨਸਟਾਈਨ ਦੇ ਟਿਉਟਰ ਵਜੋਂ ਆਪਣੇ ਘਰ ਰੱਖ ਲਿਆ। ਉਹ ਆਈਨਸਟਾਈਨ ਨੂੰ ਸਿਲੇਬਸੋਂ ਬਾਹਰਲੀਆਂ ਕਿਤਾਬਾਂ ਲਿਆ ਕੇ ਦਿੰਦਾ ਤੇ ਦੱਸਦਾ ਕਿ ਕਿਤਾਬਾਂ ਵਿੱਚ ਕੀ ਲਿਖਿਆ ਹੈ। ਇਸ ਤਰ੍ਹਾਂ ਉਹ ਇੱਕ ਵਾਰ ਸਾਇੰਸ ਦੀ ਕਿਤਾਬ ਲੈ ਆਇਆ। ਉਸ ਕਿਤਾਬ ਦਾ ਲੇਖਕ ਬਿਜਲੀ ਤੇ ਸਵਾਰ ਹੋ ਕੇ ਟੈਲੀਗ੍ਰਾਫ ਦੀਆਂ ਤਾਰਾਂ ਵਿੱਚੋਂ ਲੰਘਣ ਦੀ ਕਲਪਨਾ ਕਰਦਾ ਹੈ। ਇਸ ਨੂੰ ਪੜ੍ਹਨ ਤੋਂ ਬਾਅਦ ਆਈਨਸਟਾਈਨ ਪ੍ਰਕਾਸ਼ ਦੀ ਗਤੀ ਨਾਲ ਜਾ ਰਹੇ ਨਿਰੀਖਕ ਅਤੇ ਧਰਤੀ ਤੇ ਖੜ੍ਹੇ ਅਹਿਲ ਨਿਰੀਖਕ ਵਿਚਕਾਰ ਗਤੀਆਂ ਦੀ ਕਲਪਨਾ ਕਰਦਾ। ਸੋਚ ਦੀਆਂ ਇਹ ਕਲਪਨਾਵਾਂ ਹੀ ਉਸਦੀ ਭਵਿੱਖ ਦੇ ਸਾਪੇਖਤਾ ਸਿਧਾਂਤ ਦੀ ਖੋਜ ਦਾ ਆਧਾਰ ਬਣੀਆਂ।
1894 ਵਿੱਚ ਉਸਦੇ ਪਿਤਾ ਦੀ ਫੈਕਟਰੀ ਬੰਦ ਹੋ ਗਈ ਤੇ ਉਸਦਾ ਪਰਿਵਾਰ ਇਟਲੀ ਵਿੱਚ ਮਿਲਣ ਵਿਖੇ ਰਹਿਣ ਲਈ ਚਲਿਆ ਗਿਆ। ਪਰ ਆਈਨਸਟਾਈਨ ਕੁਝ ਸਮੇਂ ਲਈ ਮਿਉਨਿਕ ਹੀ ਰਿਹਾ। 1900 ਵਿੱਚ ਉਸਨੇ ਆਪਣੀ ਪੜ੍ਹਾਈ ਖਤਮ ਕਰ ਲਈ ਪਰ ਉਹ ਬਗੈਰ ਕਿਸੇ ਡਿਗਰੀ ਤੋਂ ਹੀ ਸਕੂਲ ਛੱਡ ਗਿਆ। ਭਾਵੇਂ ਮਗਰੋਂ ਜਾ ਕੇ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਲੱਗਣ ਲਈ ਉਸਨੂੰ ਇਹ ਇਮਤਿਹਾਨ ਫਿਰ ਵੀ ਪਾਸ ਕਰਨਾ ਹੀ ਪਿਆ। 1903 ਵਿੱਚ ਉਸਨੇ ਆਪਣੀ ਸਕੂਲ ਪੜ੍ਹਾਈ ਸਮੇਂ ਬਣੀ ਦੋਸਤ ਮਿਲਵਾ ਮੈਰਿਕ ਨਾਲ ਵਿਆਹ ਕਰਵਾ ਲਿਆ। ਇਸ ਜੋੜੇ ਨੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ। ਵਿਆਹ ਤੋਂ ਪਹਿਲਾਂ ਪੈਦਾ ਹੋਈ ਉਸਦੀ ਧੀ ਕਿਸੇ ਪਰਿਵਾਰ ਨੂੰ ਗੋਦ ਦੇ ਦਿੱਤੀ ਗਈ। ਦੋ ਬੇਟੇ ਪੂਰੀ ਉਮਰ ਆਈਨ ਸਟਾਈਨ ਦੇ ਸੰਪਰਕ ਵਿੱਚ ਰਹੇ।
1903 ਵਿੱਚ ਉਸਨੂੰ ਸਵਿਟਜ਼ਰਲੈਂਡ ਦੇ ਸ਼ਹਿਰ ਬਰਨ ਵਿੱਚ ਪੇਟੇਂਟ ਦਫ਼ਤਰ ਵਿੱਚ ਨੌਕਰੀ ਮਿਲ ਗਈ। ਇਸ ਦਫ਼ਤਰ ਵਿੱਚ ਜੋ ਵੀ ਕਾਢਾਂ ਪੇਟੇਂਟ ਕਰਵਾਉਣ ਲਈ ਆਉਂਦੀਆਂ ਉਹ ਉਨ੍ਹਾਂ ਵਿੱਚ ਭਰਪੂਰ ਦਿਲਚਸਪੀ ਲੈਂਦਾ। 1905 ਵਿੱਚ ਸਾਇੰਸ ਦੇ ਪ੍ਰਸਿੱਧ ਰਸਾਲਿਆਂ ਵਿੱਚ ਉਸਦੇ ਖੋਜ ਪੱਤਰ ਛਪਣੇ ਸ਼ੁਰੂ ਹੋ ਗਏ। ਇਨ੍ਹਾਂ ਵਿੱਚੋਂ ਇੱਕ ਖੋਜ਼ ਪੱਤਰ ਪ੍ਰਕਾਸ਼ ਦੇ ਬਿਜਲੀ ਪ੍ਰਭਾਵ ਬਾਰੇ ਸੀ। ਜਿਸ ਅਨੁਸਾਰ ਪ੍ਰਕਾਸ਼ ਤੇ ਬਿਜਲੀ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਹਨ। ਬਾਅਦ ਵਿੱਚ ਇਸੇ ਪ੍ਰਭਾਵ ਦੀ ਵਰਤੋਂ ਨਾਲ ਅੱਜ ਦੇ ਰੀਮੋਟ ਆਪਣੇ ਆਪ ਪਾਣੀ ਦੇਣ ਵਾਲੀਆਂ ਟੂਟੀਆਂ ਤੇ ਆਟੋਮੈਟਿਕ ਖੁੱਲ੍ਹਣ ਤੇ ਬੰਦ ਹੋਣ ਵਾਲੇ ਦਰਵਾਜ਼ੇ ਬਣਨ ਲੱਗ ਪਏ। ਆਈਨਸਟਾਈਨ ਨੇ ਇਸ ਫੋਟੋ ਇਲੈਕਟਰਿਕ ਪ੍ਰਭਾਵ ਨਾਲੋਂ ਜਿਆਦਾ ਮਹੱਤਵਪੂਰਨ ਖੋਜਾਂ ਕੀਤੀਆਂ ਹਨ। ਪਰ ਫੋਟੋ ਇਲੈਕਟ੍ਰਿਕ ਪ੍ਰਭਾਵ ਸਿਧਾਂਤ ਕਾਰਨ ਹੀ ਉਸਨੂੰ 1921 ਵਿੱਚ ਨੌਬਲ ਪ੍ਰਾਈਜ਼ ਮਿਲਿਆ। ਉਸਦੀ ਦੂਸਰੀ ਮਹੱਤਵਪੂਰਨ ਖੋਜ ਪਦਾਰਥ ਦੇ ਊਰਜਾ ਨਾਲ ਸਬੰਧਾਂ ਬਾਰੇ ਹੈ। ਇਸ ਖੋਜ ਅਨੁਸਾਰ ਹਰੇਕ ਪਦਾਰਥ ਵਿੱਚ ਉਸਦੀ ਮਾਤਰਾ ਨੂੰ ਪ੍ਰਕਾਸ਼ ਦੀ ਗਤੀ ਦੇ ਵਰਗ ਨਾਲ ਗੁਣਾ ਕਰਨ ਜਿੰਨੀ ਊਰਜਾ ਹੁੰਦੀ ਹੈ। ਜਦੋਂ ਦੁਨੀਆਂ ਦੇ ਵਿਗਿਆਨਕਾਂ ਨੂੰ ਇਸ ਸਿਧਾਂਤ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਪਦਾਰਥ ਨੂੰ ਊਰਜਾ ਵਿੱਚ ਬਦਲਣ ਲਈ ਸੁਖਾਲੇ ਢੰਗ ਲੱਭਣ ਦਾ ਯਤਨ ਕਰਨਾ ਸ਼ੁਰੂ ਕਰ ਦਿੱਤਾ। ਸਿੱਟੇ ਵਜੋਂ ਅੱਜ ਦਾ ਐਟਮੀ ਸੰਸਾਰ ਤੇ ਐਟਮੀ ਬਿਜਲੀ ਘਰ ਹੋਂਦ ਵਿੱਚ ਆ ਗਏ। ਉਸਦੀ ਅਗਲੀ ਮਹੱਤਵਪੂਰਨ ਖੋਜ ਊਰਜਾ ਦੇ ਸਾਪੇਖਤਾ ਸਿਧਾਂਤ ਬਾਰੇ ਸੀ। ਆਈਨਸਟਾਈਨ ਅਨੁਸਾਰ ਪ੍ਰਕਾਸ਼ ਦੀ ਗਤੀ ਵੀ ਗੁਰੂਤਾ ਖਿੱਚ ਸ਼ਕਤੀ ਨਾਲ ਪ੍ਰਭਾਵਿਤ ਹੁੰਦੀ ਹੈ। ਪਹਿਲ-ਪਹਿਲ ਤਾਂ ਉਸਦਾ ਇਹ ਸਿਧਾਂਤ ਵਿਗਿਆਨਕਾਂ ਨੂੰ ਸਮਝ ਹੀ ਨਾ ਆਇਆ। ਪਰ ਜਦੋਂ ਉਨ੍ਹਾਂ ਨੇ ਸੂਰਜੀ ਰੌਸ਼ਨੀ ਨੂੰ ਗ੍ਰਹਿਆਂ ਦੇ ਪ੍ਰਭਾਵ ਕਾਰਨ ਸਿੱਧੀ ਰੇਖਾ ਵਿੱਚੋਂ ਚਲਦੇ ਹੋਏ ਟੇਢੀ ਹੁੰਦੇ ਹੋਏ ਵੇਖਿਆ ਤਾਂ ਕਿਤੇ ਜਾ ਕੇ ਵਿਗਿਆਨਕਾਂ ਨੂੰ ਉਸਦੇ ਸਾਪੇਖਤਾ ਸਿਧਾਂਤ ਦੀ ਸਮਝ ਆਈ। ਉਸਦਾ ਸਾਪੇਖਤਾ ਸਿਧਾਂਤ ਪੁਲਾੜ, ਸਮੇਂ ਅਤੇ ਗਤੀ ਵਿਚਲੇ ਸਬੰਧਾਂ ਦੀ ਵਿਆਖਿਆ ਕਰਦਾ ਹੈ। ਆਈਨ ਸਟਾਈਨ ਅਨੁਸਾਰ ਬ੍ਰਹਿਮੰਡ ਵਿੱਚ ਇੱਕੋ ਸਮੇਂ ਵਾਪਰਨ ਵਾਲੀ ਘਟਨਾ ਨੂੰ ਵੇਖਣ ਵਾਲੇ ਵੱਖ-ਵੱਖ ਗਲੈਕਸੀਆਂ ਦੇ ਨਿਰੀਖਕਾਂ ਦਾ ਵੇਖਣ ਦਾ ਸਮਾਂ ਵੱਖ-ਵੱਖ ਹੋਵੇਗਾ। ਕਿਸੇ ਇੱਕ ਗਲੈਕਸੀ ਵਿੱਚ ਫੱਟਦਾ ਸੂਰਜ ਕਿਸੇ ਹੋਰ ਗਲੈਕਸੀ ਵਾਲੇ ਨਿਰੀਖਕ ਨੂੰ ਕਿਸੇ ਦੂਰ ਦੀ ਗਲੈਕਸੀ ਦੇ ਨਿਰੀਖਕ ਨਾਲੋਂ ਕਰੋੜਾਂ ਸਾਲ ਪਹਿਲਾ ਜਾਂ ਪਿੱਛੋਂ ਵਿਖਾਈ ਦੇ ਸਕਦਾ ਹੈ। ਆਈਨ ਸਟਾਈਨ ਅਨੁਸਾਰ ਤੀਹ ਤੀਹ ਸਾਲ ਦੇ ਦੋ ਜੁੜਵਾਂ ਭਰਾਵਾਂ ਵਿੱਚੋਂ ਜੇ ਇੱਕ ਪ੍ਰਕਾਸ਼ ਦੀ ਗਤੀ ਨਾਲ ਕਿਸੇ ਹੋਰ ਗ੍ਰਹਿ ਵੱਲ ਚਲਿਆ ਜਾਂਦਾ ਹੈ ਤੇ ਪੰਜਾਹ ਸਾਲਾਂ ਬਾਅਦ ਜਦੋਂ ਉਹ ਮੁੜ ਧਰਤੀ ‘ਤੇ ਆਵੇਗਾ ਤਾਂ ਉਸਦੀ ਉਮਰ ਤੀਹ ਸਾਲ ਹੀ ਰਹੇਗੀ ਪਰ ਉਸਦਾ ਜੁੜਵਾਂ ਭਰਾ ਅੱਸੀ ਸਾਲ ਦਾ ਹੋ ਚੁੱਕਿਆ ਹੋਵੇਗਾ। ਇਸਦਾ ਭਾਵ ਹੈ ਕਿ ਪ੍ਰਕਾਸ਼ ਦੀ ਗਤੀ ‘ਤੇ ਜਾ ਕੇ ਨਿਰੀਖਕ ਲਈ ਸਮੇਂ ਦਾ ਵੱਧਣਾ ਜ਼ੀਰੋ ਹੋ ਜਾਂਦਾ ਹੈ। ਆਈਨਸਟਾਈਨ ਦਾ ਆਪਣੀ ਪਹਿਲੀ ਪਤਨੀ ਸਿਲਵਾ ਨਾਲ ਤਲਾਕ ਹੋ ਗਿਆ ਇਸ ਲਈ ਉਸਨੇ 1919 ਵਿੱਚ ਆਪਣੇ ਬਚਪਨ ਦੀ ਦੋਸਤ ਅਤੇ ਮਸੇਰੀ ਭੈਣ ਏਲਸਾ ਨਾਲ ਵਿਆਹ ਕਰਵਾ ਲਿਆ, ਯਹੂਦੀਆਂ ਵਿੱਚ ਅਜਿਹੇ ਵਿਆਹਾਂ ਦੀ ਖੁੱਲ੍ਹ ਹੈ। ਇਸ ਸਮੇਂ ਜਰਮਨੀ ਵਿੱਚ ਵੀ ਨਾਜੀ ਪਾਰਟੀ ਹਿਟਲਰ ਦੀ ਅਗਵਾਈ ਵਿੱਚ ਹੋਂਦ ਵਿੱਚ ਆ ਗਈ ਸੀ। ਯਹੂਦੀਆਂ ਉਪਰ ਹਰ ਸਮੇਂ ਕਚੀਚੀਆਂ ਵੱਟਦੇ ਰਹਿੰਦੇ ਸਨ। 1931 ਵਿੱਚ ਉਨ੍ਹਾਂ ਨੇ ਇੱਕ ਅਜਿਹਾ ਕਾਨੂੰਨ ਪਾਸ ਕਰ ਦਿੱਤਾ ਜਿਸ ਅਨੁਸਾਰ ਜਰਮਨੀ ਵਿੱਚ ਕਿਸੇ ਵੀ ਯਹੂਦੀ ਲਈ ਅਹਿਮ ਆਹੁਦੇ ‘ਤੇ ਰਹਿਣਾ ਸੰਭਵ ਨਾ ਰਿਹਾ। ਕਹਿੰਦੇ ਹਨ ਇੱਕ ਰਸਾਲੇ ਨੇ ਤਾਂ ਆਪਣੇ ਟਾਈਟਲ ਪੇਜ ਤੇ ਆਈਨਸਟਾਈਨ ਦੀ ਫੋਟੋ ਲਾਕੇ ਲਿਖ ਦਿੱਤਾ, ‘‘ਅਜੇ ਫਾਂਸੀ ਦਿੱਤੀ ਜਾਣੀ ਹੈ।’’ ਜਰਮਨ ਸੂਹੀਏ ਆਈਨਸਟਾਈਨ ਦੀਆਂ ਗਤੀਵਿਧੀਆਂ ਨੂੰ ਹਰ ਵੇਲੇ ਵੇਖਦੇ ਰਹਿੰਦੇ ਸਨ। ਉਸਦੀ ਗੈਰ ਹਾਜ਼ਰੀ ਵਿੱਚ ਇੱਕ ਵਾਰ ਉਸਦੇ ਘਰ ਦੀ ਤਲਾਸੀ ਵੀ ਲਈ ਗਈ। ਸੋ ਸਮੇਂ ਦੀ ਨਬਜ਼ ਨੂੰ ਪਹਿਚਾਣਦਿਆਂ ਆਈਨ ਸਟਾਈਨ ਨੇ ਜਰਮਨੀ ਨੂੰ ਛੱਡਣ ਦਾ ਮਨ ਬਣਾ ਲਿਆ। 1933 ਵਿੱਚ ਉਹ ਅਮਰੀਕਾ ਦੇ ਸ਼ਹਿਰ ਪਰਿੰਸਟਨ ਵਿੱਚ ਜਾ ਵਸਿਆ ਕਿਉਂਕਿ ਅਮਰੀਕਾ ਦੀ ਸਟੇਟ ਨਿਊਜਰਸੀ ਉਸ ਸਮੇਂ ਵਿਗਿਆਨੀਆਂ ਲਈ ਮੱਕਾ ਬਣੀ ਹੋਈ ਸੀ ਤੇ ਅੱਜ ਅਮਰੀਕਾ ਦੀਆਂ ਜੋ ਵੀ ਪ੍ਰਾਪਤੀਆਂ ਹਨ ਉਹ ਉਸ ਸਮੇਂ ਦੇ ਵਿਗਿਆਨਕਾਂ ਦੀ ਦੇਣ ਹਨ। 1936 ਵਿੱਚ ਉਸਦੀ ਪਤਨੀ ਏਲਸਾ ਵੀ ਉਸਨੂੰ ਸਦੀਵੀਂ ਵਿਛੋੜਾ ਦੇ ਗਈ।
ਇਸ ਵਿਗਿਆਨਕ ਨੇ ਆਪਣੇ ਅੰਤਲੇ ਸਮਿਆਂ ਵਿੱਚ ਸਮੁੱਚੀਂ ਫਿਜਿਕਸ ਦੇ ਨਿਯਮਾਂ ਨੂੰ ਇਕੱਠਾ ਕਰਕੇ ਇੱਕ ਹੀ ਸਿਧਾਂਤ ਵਿੱਚ ਪਰੌਣ ਲਈ ਆਪਣੇ ਸਾਰੇ ਦਿਮਾਗ ਦਾ ਇਸਤੇਮਾਲ ਕੀਤਾ ਪਰ ਉਹ ਯੁਨੀਫਾਈਡ ਸਿਧਾਂਤ ਪੇਸ਼ ਕਰਨ ਵਿੱਚ ਸਫ਼ਲ ਨਾ ਹੋ ਸਕਿਆ। ਅਮਰੀਕਨ ਸਰਕਾਰ ਚਾਹੁੰਦੀ ਸੀ ਕਿ ਆਈਨਸਟਾਈਨ, ਇਜ਼ਰਾਈਲ ਦਾ ਰਾਸ਼ਟਰਪਤੀ ਬਣੇ ਉਨ੍ਹਾਂ ਨੇ ਉਸਨੂੰ ਇਹ ਪੇਸ਼ਕਸ਼ ਵੀ ਕੀਤੀ। ਪਰ ਆਈਨਸਟਾਈਨ ਨੇ ਇਹ ਪੇਸ਼ਕਸ਼ ਠੁਕਰਾ ਦਿੱਤੀ। ਲੋਕ ਪੱਖੀ ਇਹ ਮਹਾਨ ਵਿਗਿਆਨਕ 18 ਅਪ੍ਰੈਲ 1955 ਨੂੰ ਸਾਨੂੰ ਸਭ ਨੂੰ ਸਦੀਵੀ ਵਿਛੋੜਾ ਦੇ ਗਿਆ। ਪਰ ਵਿਗਿਆਨਕਾਂ ਨੇ ਇਹ ਵੇਖਣ ਲਈ ਕਿ ਉਸਦੇ ਦਿਮਾਗ ਵਿੱਚ ਅਜਿਹੀ ਕਿਹੜੀ ਚੀਜ਼ ਹੈ ਜਿਸ ਨੇ ਉਸਨੂੰ ਦੁਨੀਆਂ ਦਾ ਸਭ ਤੋਂ ਬੁੱਧੀਮਾਨ ਵਿਅਕਤੀ ਬਣਾ ਦਿੱਤਾ ਹੈ ਉਸਦੇ ਦਿਮਾਗ ਨੂੰ ਸੁਰੱਖਿਅਤ ਰੱਖ ਲਿਆ। ਵਿਗਿਆਨਕਾਂ ਨੇ ਵੇਖਿਆ ਕਿ ਉਸਦੇ ਦਿਮਾਗ ਵਿੱਚ ਸੈਲ ਜਿ਼ਆਦਾ ਗਿਣਤੀ ਵਿੱਚ ਬਣ ਰਹੇ ਸਨ।
ਭਾਵੇਂ ਆਈਨਸਟਾਈਨ ਦੀ ਬੋਧਿਕਤਾ ਐਟਮੀ ਸਿਧਾਂਤ ਦੀ ਜਨਮਦਾਤਾ ਬਣੀ ਪਰ ਉਹ ਆਪਣੀ ਪੂਰੀ ਉਮਰ ਐਟਮੀ ਬੰਬਾਂ ਦੀ ਮਨੁੱਖੀ ਤਬਾਹੀ ਲਈ ਵਰਤੋਂ ਦਾ ਸਖ਼ਤ ਵਿਰੋਧੀ ਰਿਹਾ, ਇਸਦੇ ਇਲਾਵਾ ਵੀ ਉਸਦਾ ਧਰਤੀ ‘ਤੇ ਉਪਲੱਬਧ ਕਿਸੇ ਧਰਮ ਵਿੱਚ ਯਕੀਨ ਨਹੀਂ ਸੀ। ਸਗੋਂ ਉਹ ਚਾਹੁੰਦਾ ਸੀ ਕਿ ਸਮੁੱਚੀ ਧਰਤੀ ਦੇ ਵਸਨੀਕ ਇੱਕ ਹੀ ਧਰਮ ਇੱਕ ਹੀ ਦੇਸ਼ ਤੇ ਇੱਕ ਹੀ ਸਰਕਾਰ ਦੇ ਨਾਗਰਿਕ ਹੋਣ। ਇਸ ਲਈ ਹੀ ਉਹ ਪੁਲਾੜੀ ਧਰਮ ਨੂੰ ਆਪਣਾ ਧਰਮ ਕਹਿੰਦਾ ਹੈ।