ਬਰਨਾਲਾ – ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਸੱਦੇ ’ਤੇ ਤਰਕਸ਼ੀਲ ਸੁਸਾਇਟੀ ਭਾਰਤ ਦੇ ਬਾਨੀ ਆਗੂ ਮੇਘ ਰਾਜ ਮਿੱਤਰ 2 ਅਪ੍ਰੈਲ ਨੂੰ ਕਵੈਤ ਜਾ ਰਹੇ ਹਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ 12 ਅਪ੍ਰੈਲ ਨੂੰ ਉਥੋਂ ਦੇ ਪੰਜਾਬੀ ਭਾਈਚਾਰੇ ਵੱਲੋਂ ਇੱਕ ਤਰਕਸ਼ੀਲ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪ੍ਰੋਗਰਾਮ ਦੀ ਸਫ਼ਲਤਾ ਲਈ ਉਥੋਂ ਦੇ ਸਾਥੀਆਂ ਦੇ ਸੱਦੇ ’ਤੇ ਉਹ 15 ਦਿਨਾਂ ਲਈ ਕਵੈਤ ਸਿਟੀ ਜਾ ਰਹੇ ਹਨ। ਉਨ੍ਹਾਂ ਨਾਲ ਪ੍ਰਸਿੱਧ ਤਰਕਸ਼ੀਲ ਰੰਗਕਰਮੀ ਹਰਵਿੰਦਰ ਦੀਵਾਨਾ ਵੀ ਹੋਣਗੇ। ਕੁਵੈਤ ਦੇ ਲੋਕਲ ਕਲਾਕਾਰਾਂ ਨੂੰ ਸਖਲਾਈ ਦੇ ਕੇ ਇਸ ਤਰਕਸ਼ੀਲ ਮੇਲੇ ਦਾ ਆਯੋਜਨ ਕੀਤਾ ਜਾਵੇਗਾ, ਇਸ ਮੌਕੇ ਗੁਰਮੀਤ ਮੱਲ੍ਹਾ ਵੱਲੋਂ ਜਾਦੂ ਦੇ ਟਰਿੱਕ ਦਿਖਾਏ ਜਾਣਗੇ। ਇਹ ਪ੍ਰੋਗਰਾਮ ਬ੍ਰਹਮਦਾਸ ਕੌਸ਼ਲ ਅਤੇ ਉਨ੍ਹਾਂ ਦੇ ਸਾਥੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇੱਥੇ ਵਰਣਯੋਗ ਹੈ ਕਿ ਬਰਨਾਲਾ ਦੀ ਧਰਤੀ ਤੋਂ ਮੇਘ ਰਾਜ ਮਿੱਤਰ ਦੀ ਅਗਵਾਈ ਵਿੱਚ ਸ਼ੁਰੂ ਹੋਈ ਤਰਕਸ਼ੀਲ ਲਹਿਰ ਨੇ ਦੁਨੀਆਂ ਭਰ ਦੇ ਪੰਜਾਬੀ ਭਾਈਚਾਰੇ ਵਿੱਚ ਆਪਣੀਆਂ ਪੈੜਾਂ ਛੱਡੀਆਂ ਹਨ। ਸ੍ਰੀ ਮਿੱਤਰ ਇਸ ਪਹਿਲਾਂ ਵੀ ਚੀਨ ਸਰਕਾਰ ਦੇ ਸੱਦੇ ’ਤੇ ਬੀਜ਼ਿੰਗ ਵਿਖੇ ਉਥੋਂ ਦੇ ਸਰਕਾਰੀ ਟੈਲੀਵੀਜ਼ਿਨ ’ਤੇ ਤਰਕਸ਼ੀਲ ਪ੍ਰੋਗਰਾਮ ਦਾ ਆਯੋਜਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ ਆਦਿ ਦੇਸ਼ਾਂ ਵਿੱਚ ਵੀ ਮਿੱਤਰ ਵੱਲੋਂ ਤਰਕਸ਼ੀਲ ਸੁਸਾਇਟੀਆਂ ਦਾ ਗਠਨ ਕੀਤਾ ਗਿਆ ਹੈ।