ਵਾਸ਼ਿੰਗਟਨ- ਉਤਰ ਕੋਰੀਆ ਨਾਲ ਵੱਧ ਰਹੇ ਤਣਾਅ ਕਾਰਨ ਅਮਰੀਕਾ ਨੇ ਐਫ- 22 ਲੜਾਕੂ ਜਹਾਜ਼ ਸਿਓਲ ਭੇਜ ਦਿੱਤੇ ਹਨ।ਐਡਵਾਂਸ ਤਕਨੀਕ ਨਾਲ ਲੈਸ ਐਫ- 22 ਰੈਪਟਰ ਜਹਾਜ਼ਾਂ ਨੂੰ ਦੱਖਣ ਕੋਰੀਆ ਵਿੱਚ ਅਮਰੀਕੀ ਏਅਰਫੋਰਸ ਅੱਡੇ ਤੇ ਤੈਨਾਤ ਕੀਤਾ ਗਿਆ ਹੈ।ਉਤਰ ਕੋਰੀਆ ਵੱਲੋਂ ਅਮਰੀਕਾ ਅਤੇ ਦੱਖਣ ਕੋਰੀਆ ਨੂੰ ਧਮਕੀਆਂ ਦੇਣ ਤੋਂ ਬਾਅਦ ਅਜਿਹਾ ਕੀਤਾ ਗਿਆ ਹੈ।
ਦੱਖਣੀ ਕੋਰੀਆ ਵਿੱਚ ਸਥਿਤ ਅਮਰੀਕੀ ਆਰਮੀ ਕਮਾਂਡਰ ਨੇ ਜਾਪਾਨ ਤੋਂ ਵੀ ਇਸ ਮਾਮਲੇ ਵਿੱਚ ਮਦਦ ਮੰਗੀ ਹੈ ਅਤੇ ਇਸ ਦੇ ਨਾਲ ਹੀ ਊਤਰ ਕੋਰੀਆ ਨੂੰ ਵੀ ਨਿਯੰਤਰਣ ਵਿੱਚ ਰਹਿਣ ਦੀ ਅਪੀਲ ਕੀਤੀ ਹੈ ਤਾਂ ਜੋ ਤਣਾਅ ਦੇ ਮਹੌਲ ਨੂੰ ਘਟਾਇਆ ਜਾਵੇ।ਉਨ੍ਹਾਂ ਨੇ ਕਿਹਾ ਹੈ ਕਿ ਅਜਿਹੀਆਂ ਧਮਕੀਆਂ ਨਾਲ ਉਤਰ ਕੋਰੀਆ ਨੂੰ ਕੁਝ ਵੀ ਹਾਸਿਲ ਹੋਣ ਵਾਲਾ ਨਹੀਂ ਹੈ।ਅਜਿਹਾ ਕਰਕੇ ਉਹ ਅੰਤਰਰਾਸ਼ਟਰੀ ਪੱਧਰ ਤੇ ਅਲੱਗ-ਥਲੱਗ ਪੈ ਜਾਵੇਗਾ।ਈਸਟਰ ਦੇ ਮੌਕੇ ਤੇ ਪੋਪ ਫਰਾਂਸਿਸ ਨੇ ਵੀ ਇਸ ਵਿਵਾਦ ਨੂੰ ਗੱਲਬਾਤ ਦੁਆਰਾ ਹਲ ਕਰਨ ਦੀ ਅਪੀਲ ਕੀਤੀ ਹੈ।
ਅਮਰੀਕਾ ਵੱਲੋਂ ਸੰਯੁਕਤ ਅਭਿਆਸ ਦੌਰਾਨ ਬੀ-2 ਪਰਮਾਣੂੰ ਸ਼ਕਤੀ ਨਾਲ ਲੈਸ ਜਹਾਜ਼ਾਂ ਦਾ ਇਸਤੇਮਾਲ ਕਰਨ ਕਰਕੇ ਉਤਰ ਕੋਰੀਆ, ਦੱਖਣੀ ਕੋਰੀਆ ਨਾਲ ਨਰਾਜ਼ ਹੈ।ਉਤਰ ਕੋਰੀਆ ਨੇ ਦੱਖਣੀ ਕੋਰੀਆ ਦੇ ਨਾਲ ਯੁੱਧ ਦਾ ਐਲਾਨ ਕਰਦੇ ਹੋਏ ਆਪਣੀ ਸੀਮਾ ਤੇ ਮਿਸਾਈਲਾਂ ਅਤੇ ਰਾਕੇਟ ਲਾਂਚਰ ਤੈਨਾਤ ਕਰ ਦਿੱਤੇ ਹਨ।ਉਸ ਨੇ ਆਪਣੀਆਂ ਸਾਰੀਆਂ ਰਾਕਿਟ ਯੂਨਿਟਾਂ ਨੂੰ ਯੂਐਸ ਮਿਲਟਰੀ, ਦੱਖਣੀ ਕੋਰੀਆ ਅਤੇ ਉਸ ਦੇ ਨਾਲ ਲਗਦੇ ਪ੍ਰਸ਼ਾਂਤ ਮਹਾਂ ਸਾਗਰ ਦੇ ਖੇਤਰ ਤੇ ਹਮਲੇ ਕਰਨ ਲਈ ਤਿਆਰ ਰਹਿਣ ਲਈ ਕਹਿ ਦਿੱਤਾ ਹੈ।