ਸ੍ਰੀ ਮੁਕਤਸਰ ਸਾਹਿਬ,(ਸੁਨੀਲ ਬਾਂਸਲ)‑ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਦੀਆਂ ਹਦਾਇਤਾਂ ਦੇ ਅਨੁਸਾਰ ਮੋਟਰ ਵਹੀਕਲ ਐਕਟ ਅਤੇ ਸੈਂਟਰਲ ਮੋਟਰ ਵਹੀਕਲ ਦੀਆਂ ਧਰਾਵਾਂ ਨੂੰ ਸਕੂਲੀ ਵੈਨਾਂ, ਬੱਸਾਂ ਅਤੇ ਆਟੋ ਰਿਕਸ਼ਾ ਵਿੱਚ ਸਖਤੀ ਨਾਲ ਲਾਗੂ ਕਰਨ ਲਈ ਇੱਕ ਜ਼ਿਲਾ ਪੱਧਰੀ ਟ੍ਰੈਫਿਕ ਜਾਗਰੂਕਤਾ ਸੈਮੀਨਾਰ ਚਰਨਦੀਪ ਸਿੰਘ ਜ਼ਿਲਾ ਟਰਾਂਸਪੋਰਟ ਅਧਿਕਾਰੀ ਦੀ ਪ੍ਰਧਾਨਗੀ ਹੇਠ ਰੈਡ ਕਰਾਸ ਭਵਨ ਵਿਖੇ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਦਵਿੰਦਰ ਕੁਮਾਰ ਰਾਜੋਰੀਆ ਜ਼ਿਲਾ ਤੇ ਸਿੱਖਿਆ ਅਫ਼ਸਰ , ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਸਮੇਤ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਪਿੰ੍ਰਸੀਪਲਾਂ ਅਤੇ ਵਹੀਕਲ ਚਲਾਉਣ ਵਾਲੇ ਡਰਾਈਵਰਾਂ ਨੇ ਭਾਗ ਲਿਆ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਜ਼ਿਲਾ ਟਰਾਂਸਪੋਰਟ ਅਫ਼ਸਰ ਨੇ ਕਿਹਾ ਕਿ ਸਕੂਲਾਂ ਵਿੱਚ ਪੜ੍ਹਣ ਵਾਲੇ ਬੱਚਿਆਂ ਨੂੰ ਸੁਰੱਖਿਅਤ ਲਿਆਉਣ ਅਤੇ ਛੱਡਣ ਲਈ ਹਰ ਇੱਕ ਸਕੂਲ ਪਾਸ ਵੈਲਿਡ ਪਰਮਿਟ ਹੋਣਾ ਬਹੁਤ ਜਰੂਰੀ ਹੈ ਅਤੇ ਸਕੂਲ ਆਟੋ ਰਿਕਸ਼ਾ ਵੈਨ, ਬੱਸ ਪਾਸ ਚੰਗੀ ਹਾਲਤ ਦਾ ਫਿਟਨੈਸ ਸਰਟੀਫਿਕੇਟ ਹੋਣਾ ਤੋਂ ਇਲਾਵਾ ਸਬੰਧਿਤ ਵਹੀਕਲ ਦਾ ਰੰਗ ਪੀਲਾ ਹੋਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿਸ ਵੀ ਸਕੂਲ ਵਲੋਂ ਬੱਚਿਆਂ ਨੂੰ ਸਕੂਲ ਵਿੱਚ ਲਿਆਉਣ ਅਤੇ ਘਰਾਂ ਨੂੰ ਛੱਡਣ ਲਈ ਵਹੀਕਲ ਵਰਤਿਆਂ ਜਾਂਦਾ ਹੈ, ਸਬੰਧਿਤ ਵਹੀਕਲ ਤੇ ਪਿਛਲੇ ਪਾਸੇ ਸਕੂਲ ਦਾ ਨਾਮ ਅਤੇ ਫੋਨ ਨੰਬਰ ਲਿਖਿਆ ਹੋਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸੈਂਟਰਲ ਮੋਟਰ ਵਹੀਕਲ ਰੂਲਜ਼ 1989 ਦੇ ਰੂਲ 118 ਅਨੁਸਾਰ ਸਕੂਲ ਵੈਨ/ਬੱਸ ਵਿੱਚ ਸਪੀਡ ਗਵਰਨਰ ਲੱਗਿਆ ਹੋਣਾ ਚਾਹੀਦਾ ਹੈ। ਉਨ੍ਹਾਂ ਸਕੂਲ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਕਿ ਸਕੂਲ ਵੈਨ ਅਤੇ ਬੱਸਾਂ ਦੇ ਦਰਵਾਜ਼ਿਆਂ ਦਾ ਲੌਕ ਸਿਸਟਮ ਹੋਣਾ ਚਾਹੀਦਾ ਹੈ ਅਤੇ ਪੜ੍ਹਣ ਵਾਲੇ ਬੱਚਿਆਂ ਦੇ ਸਕੂਲ ਬੈਗ ਰੱਖਣ ਲਈ ਵੈਨ ਅਤੇ ਬੱਸ ਦੀਆਂ ਸੀਟਾਂ ਥੱਲੇ ਜਗ੍ਹਾਂ ਹੋਣੀ ਚਾਹੀਦੀ ਹੈ। ਉਨ੍ਹਾਂ ਅੱਗੇ ਕਿ ਸਬੰਧਿਤ ਵਹੀਕਲ ਵਿੱਚ ਅੱਗ ਬਝਾਊ ਯੰਤਰ ਉਪਲਬੱਧ ਹੋਣਾ ਚਾਹੀਦਾ ਹੈ, ਇਸ ਤੋਂ ਇਲਾਵਾ ਤਜ਼ਰਬੇਕਾਰ ਅਤੇ ਕੁਆਲੀਫਾਈਡ ਕੰਡਕਟਰ ਵੀ ਹੋਣਾ ਚਾਹੀਦਾ ਹੈ ਤਾਂ ਜੋ ਉਹ ਛੋਟਿਆਂ ਬੱਚਿਆਂ ਨੂੰ ਵੈਨ ਜਾਂ ਬੱਸ ਵਿੱਚ ਉਤਾਰ ਅਤੇ ਚੜ੍ਹਾ ਸਕੇ।
ਉਨ੍ਹਾਂ ਸਕੂਲ ਮੁੱਖੀਆਂ, ਮਾਪਿਆਂ ਅਤੇ ਡਰਾਈਵਰਾਂ ਨੂੰ ਕਿਹਾ ਕਿ ਸਬੰਧਿਤ ਡਰਾਈਵਰ ਪਾਸ ਵੇਲਿਡ ਡਰਾਈਵਿੰਗ ਲਾਇਸੰਸ ਹੋਣਾ ਚਾਹੀਦਾ ਹੈ। ਡਰਾਈਵਰ ਪਾਸ ਹੈਵੀ ਵਹੀਕਲ ਚਲਾਉਣ ਦਾ ਘੱਟੋ-ਘੱਟ ਪੰਜ ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ। ਉਨ੍ਹਾਂ ਸਕੂਲ ਮੁੱਖੀਆਂ ਅਤੇ ਮਾਪਿਆਂ ਨੂੰ ਕਿਹਾ ਕਿ ਜਿਸ ਡਰਾਈਵਰ ਦਾ ਤੇਜ ਸਪੀਡ ਨਸ਼ੇ ਕਰਕੇ ਡਰਾਈਵਿੰਗ ਕਰਨ ਅਤੇ ਖਤਰਨਾਕ ਡਰਾਈਵਿੰਗ ਦਾ ਚਲਾਨ ਹੋਇਆ ਹੋਵੇ, ਉਸ ਨੂੰ ਸਕੂਲ ਵੈਨ ਅਤੇ ਬੱਸ ਲਈ ਨੌਕਰੀ ਤੇ ਨਾ ਰੱਖਿਆ ਜਾਵੇ। ਉਨ੍ਹਾਂ ਡਰਾਈਵਰਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਰੇਲਵੇ ਫਾਟਕ ਕਰਾਸ ਕਰਨ ਤੋਂ ਪਹਿਲਾਂ ਵਹੀਕਲ ਖੜ੍ਹਾ ਕਰਕੇ ਦੋਵੇ ਪਾਸੇ ਤੋਂ ਉਹ ਖੁਦ ਜਾਂ ਕੰਡਕਟਰ ਚੈਕ ਕਰੇ ਕਿ ਕਿਤੇ ਰੇਲ ਗੱਡੀ ਤਾਂ ਨਹੀਂ ਆ ਰਹੀ ਜੇਕਰ ਕਿਤੇ ਰੇਲ ਗੱਡੀ ਆ ਰਹੀ ਹੋਵੇ ਤਾਂ ਵਹੀਕਲ ਕਰਾਸ ਨਾ ਕੀਤਾ ਜਾਵੇ। ਸਬੰਧਿਤ ਡਰਾਈਵਰ ਅਤੇ ਕੰਡਕਟਰ ਦੀ ਵਰਦੀ ਪਹਿਣੀ ਹੋਣੀ ਚਾਹੀਦੀ ਹੈ ਅਤੇ ਟਰੈਫਿਕ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ।
ਉਨ੍ਹਾਂ ਸਬੰਧਿਤ ਸਕੂਲ ਮੁੱਖੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਬੱਚਿਆਂ ਲਈ ਵਰਤੇ ਜਾਂਦੇ ਵਹੀਕਲਾਂ ਦੀ ਰੋਜ਼ਾਨਾ ਜਾਂਚ ਕੀਤੀ ਜਾਇਆ ਕਰੇ ਤਾਂ ਜੋ ਕਿਸੇ ਤਰ੍ਹਾਂ ਦੀ ਮੰਦਭਾਵਨਾ ਨਾ ਵਾਪਰੇ ਅਤੇ ਸਬੰਧਿਤ ਡਰਾਈਵਰ ਅਤੇ ਵਹੀਕਲ ਦਾ ਪੂਰਾ ਰਿਕਾਰਡ ਰੱਖਿਆ ਜਾਵੇ।
ਇਸ ਮੌਕੇ ਤੇ ਦਵਿੰਦਰ ਕੁਮਾਰ ਰਾਜੋਰੀਆ ਜ਼ਿਲਾ ਸਿੱਖਿਆ ਅਫ਼ਸਰ, ਕਾਸਮ ਅਲੀ ਪੰਜਾਬ ਪੁਲਿਸ ਟ੍ਰੈਫਿਕ ਸਿੱਖਿਆ ਸੈਲ ਨੇ ਵੀ ਸੜਕੀ ਨਿਯਮਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਜਾਣਕਾਰੀ ਦਿੱਤੀ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਜਸਪੀਤ ਛਾਬੜਾ, ਸ਼ਾਮ ਲਾਲ ਅਤੇ ਪਤਵੰਤੇ ਵਿਅਕਤੀ ਵੀ ਹਾਜ਼ਰ ਸਨ।