ਬਰਨਾਲਾ,(ਜੀਵਨ ਰਾਮਗੜ੍ਹ)-ਦੇਸ਼ ਦੀ ਭ੍ਰਿਸ਼ਟ ਵਿਵਸਥਾ ਦੇ ਪਰਿਵਰਤਨ ਦੇ ਮੁੱਦੇ ਨੂੰ ਲੈ ਕੇ ਸਰਕਾਰ ਦੇ ਨੱਕ ’ਚ ਦਮ ਕਰਨ ਵਾਲੇ ਗਾਂਧੀਵਾਤੀ ਨੇਤਾ ਅੰਨਾ ਹਜਾਰੇ ਵੱਲੋਂ ਜ਼ਲ੍ਹਿਆਂ ਵਾਲੇ ਬਾਗ ਅੰਮ੍ਰਿਤਸਰ ਤੋਂ ਸ਼ੁਰੂ ਕੀਤੀ ਜਨਤੰਤਰ ਜਾਗਰੂਕਤਾ ਮੁਹਿੰਮ ਅੱਜ ਬਰਨਾਲਾ ਪੁੱਜੀ ਜਿਸਦਾ ਬਰਨਾਲਾ ਪਹੁੰਚਣ ’ਤੇ ਕਚਿਹਰੀ ਚੌਂਕ, ਨਹਿਰੂ ਚੌਂਕ, ਸ਼ਹੀਦ ਭਗਤ ਸਿੰਘ ਚੌਂਕ ਵਿਖੇ ਕਾਫਲੇ ਉਪਰ ਫੁੱਲਾਂ ਦੀ ਬਰਖਾ ਨਾਲ ਸਵਾਗਤ ਕੀਤਾ ਗਿਆ ਅਤੇ ਇਸ ਉਪਰੰਤ ਸਥਾਨਕ ਰਾਮ ਬਾਗ ਵਿਖੇ ਇੱਕ ਭਰਵੀਂ ਰੈਲੀ ਦਾ ਆਯੋਜਨ ਕੀਤਾ ਗਿਆ।
ਰੈਲੀ ਨੂੰ ਸੰਬੋਧਨ ਕਰਦਿਆਂ ਅੰਨਾ ਹਜ਼ਾਰੇ ਨੇ ਕਿਹਾ ਕਿ ਉਨ੍ਹਾਂ ਦੇ ਜਨਤੰਤਰ ਮੋਰਚੇ ਦਾ ਮਕਸਦ ਜਨ ਸ਼ਕਤੀ ਦਾ ਨਿਰਮਾਣ ਕਰਕੇ ਸੰਘਰਸ਼ ਰਾਹੀ ਦੇਸ਼ ਦੀ ਭ੍ਰਿਸ਼ਟ ਸਰਕਾਰੀ ਵਿਵਸਥਾ ਨੂੰ ਮੁੱਢੋ ਤਬਦੀਲ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਾ ਮੋਰਚਾ ਕੋਈ ਵੱਖਰੀ ਪਾਰਟੀ ਦਾ ਸੰਗਠਨ ਨਹੀਂ ਕਰੇਗਾ ਨਾ ਹੀ ਕਿਸੇ ਪਾਰਟੀ ਦੀ ਮੱਦਦ ’ਤੇ ਆਵੇਗਾ। ਉਨ੍ਹਾਂ ਆਪਣੇ ਜੀਵਨ ’ਤੇ ਝਾਤ ਪਾਉਦਿਆਂ ਦੱਸਿਆ ਕਿ 26 ਸਾਲ ਦੀ ਉਮਰ ਤੋਂ ਇਸ ਕਾਜ ਲਈ ਜੁੜੇ ਹੋਏ ਹਨ ਅਤੇ ਆਪਣੇ ਸੁੱਧ ਆਚਾਰ, ਸ਼ੁੱਧ ਵਿਚਾਰ, ਨਿਸਕ¦ਕ ਜੀਵਨ ਤੇ ਤਿਆਗ ਦਾ ਰਸਤਾ ਅਪਣਾਉਦੇ ਹੋਏ ਅਡੋਲਤਾ ਨਾਲ ਚੱਲਦਿਆਂ ਜਨਤਾ ਦੀ ਸੇਵਾ ਤੋਂ ਮੁਨਕਰ 6 ਮੰਤਰੀਆਂ, 400 ਅਧਿਕਾਰੀਆਂ ਨੂੰ ਘਰੇ ਬਿਠਾ ਚੁੱਕੇ ਹਨ ਅਤੇ ਇਸੇ ਮਾਰਗ ’ਤੇ ਚੱਲ ਕੇ ਦੇਸ਼ ਵਿੱਚ ਸਭ ਤੋਂ ਪਹਿਲਾ ਮਹਾਰਾਸ਼ਟਰ ਸੂਬੇ ਅੰਦਰ ਸੰਨ 2002 ਵਿੱਚ ਆਰਟੀਆਈ ਕਾਨੂੰਨ ਲਾਗੂ ਕਰਵਾਇਆ। ਦੇਸ਼ ਭਰ ’ਚ ਲਾਗੂ ਹੋਏ ਆਰਟੀਆਈ ਨੇ ਕਈ ਮੰਤਰੀਆਂ, ਅਫ਼ਸਰਾਂ ਦੇ ਨੱਕ ‘ਚ ਦਮ ਕਰ ਰੱਖਿਆ ਹੈ। ਇਸੇ ਕਾਨੂੰਨ ਤਹਿਤ ਹੀ ਦੇਸ਼ ਦੇ ਮਹਾਂ ਘੁਟਾਲੇ ਬਾਹਰ ਆ ਰਹੇ ਹਨ। ਅੰਨਾ ਨੇ ਕਿਹਾ ਕਿ ਸੱਚ ਨੂੰ ਦਬਾਉਣ ਲਈ ਉਸ ਨੂੰ 2 ਮੰਤਰੀਆਂ ਨੇ ਮਰਵਾਉਣ ਲਈ ਤੀਹ ਲੱਖ ਦੀ ਸਪਾਰੀ ਵੀ ਦਿੱਤੀ ਸੀ ਪ੍ਰੰਤੂ ਉਸਦਾ ਵਾਲ ਵਿੰਗਾ ਨਹੀਂ ਕਰ ਸਕਿਆ।
ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਉਹ ਇਕੱਲੇ ਜਨਤਾ ਦੇ ਸਹਿਯੋਗ ਨਾਲ ਇਹ ਕੁੱਝ ਕਰ ਸਕਦੇ ਹਨ ਤਾਂ ਦੇਸ਼ ਦੀ ਸੌ ਕਰੋੜ ਦੀ ਆਬਾਦੀ ਦੇ ਜਾਗਰੂਕ ਹੋਣ ’ਤੇ ਦੇਸ਼ ਦੀ ਸੱਤਾ ਕਾਇਆ ਕਲਪ ਕਿਉ ਨਹੀਂ ਹੋ ਸਕਦੀ? ਉਨ੍ਹਾਂ ਆਪਣੇ ਚੁਣੇ ਨੁਮਾਇੰਦਿਆਂ ਨੂੰ ਵਾਪਸ ਬੁਲਾਉਣ ਦੀ ਅਧਿਕਾਰ ਦੀ ਮੰਗ ਵੀ ਕੀਤੀ ਅਤੇ ਕਿਹਾ ਕਿ ਦੇਸ਼ ਦੀ ਸਹੀ ਆਜਾਦੀ ਲਈ ਦੇਸ਼ ਕੁਰਬਾਨੀ ਦੀ ਮੰਗ ਕਰ ਰਿਹਾ ਹੈ। ਜਿਸਦੇ ਲਈ ਨੌਜਵਾਨਾਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ। ਭਾਰਤੀ ਫੌਜ ਦੇ ਸਾਬਕਾ ਜਨਰਲ ਵੀਕੇ ਸਿੰਘ ਨੇ ਕਿਹਾ ਕਿ ਦੇਸ਼ ਦਾ ਸੰਵਿਧਾਨ ਆਜ਼ਾਦੀ ਤੋਂ ਬਾਅਦ ਆਮ ਆਦਮੀ ਦੇ ਕਲਿਆਣ ਲਈ ਬਣਿਆ ਸੀ ਪ੍ਰੰਤੂ ਇੱਥੋਂ ਦਾ ਰਾਜਤੰਤਰ ਪਿਛਲੇ 65 ਸਾਲ ਤੋਂ ਆਪਣੇ ਹੀ ਕਲਿਆਣ ਵਿੱਚ ਲੱਗਿਆ ਹੋਇਆ ਹੈ। ਅੱਜ ਦੀ ਰਾਜਨੀਤੀ ਦੇਸ਼ ਦੀ ਆਤਮਾ ਨੂੰ ਖਾ ਰਹੀ ਹੈ ਜਿਸਦੇ ਖਿਲਾਫ਼ ਆਪਣੀ ਤਾਕਤ ਨੂੰ ਪਹਿਚਾਣ ਕੇ ਉਠ ਖੜੇ ਹੋਣ ਦਾ ਹੋਕਾ ਦਿੱਤਾ। ਵਰਲਡ ਸੂਫੀ ਕੌਸਲ ਦੇ ਚੇਅਰਮੈਨ ਸੱਯਦ ਗੁਲਾਮ ਸੂਫੀ ਗਿਲਾਨੀ ਤੇ ਚੌਥੀ ਦੁਨੀਆਂ ਦੇ ਚੀਫ਼ ਆਡੀਟਰ ਸੰਤੋਸ਼ ਭਾਰਤੀ ਨੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਕਾਰ ਕਰਨ ਤੇ ਸੰਸਦ ਨੂੰ ਬੇਇਮਾਨਾਂ ਤੋਂ ਬਚਾਉਦੇ ਹੋਏ ਲੋਕ ਤਰਜੀਹ ਲਈ ਗਲੀ ਸੜੀ ਵਿਵਸਥਾ ਨੂੰ ਬਦਲਣ ਹਿਤ ਜਾਗਰੂਕਤਾ ਲਈ ਇਹ ਜਨ ਯਾਤਰਾ ਕੱਢੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਭ ਧਰਮਾਂ, ਮਜ੍ਹਬਾਂ ਤੇ ਫਿਰਕਿਆਂ ਦੇ ਲੋਕਾਂ ਨੂੰ ਆਪਣੇ ਧਾਰਮਿਕ ਜਜਬਾਤਾਂ ਨੂੰ ਘਰ ਤੱਕ ਸੀਮਤ ਰੱਖ ਕੇ ਦੇਸ਼ ਦਾ ਚੋਲਾ ਪਹਿਨ ਕੇ ਬਾਹਰ ਆਉਣਾ ਚਾਹੀਦਾ ਹੈ।
ਅੰਨਾ ਦੀਆਂ ਦੋ ਟੁਕ
ਅੰਨਾ ਹਜਾਰੇ ਨੇ ਬਰਨਾਲਾ ਵਾਸੀਆਂ ਨੂੰ ਕਿਹਾ ਕਿ ਉਹ ਵੋਟ ਜਾਂ ਫੰਡ ਮੰਗਣ ਨਹੀਂ ਆਏ ਸਗੋਂ ਸੁੱਤੇ ਲੋਕਾਂ ਨੂੰ ਜਗਾਉਣ ਆਏ ਹਨ।
ਅਗਾਮੀ ਲੋਕ ਸਭਾ ਚੋਣਾਂ ’ਚ 40 ਪ੍ਰਤੀਸ਼ਤ ਸਾਫ਼ ਸੁਥਰੇ ਅਕਸ਼ ਵਾਲੇ ਉਮੀਦਵਾਰਾਂ ਦਾ ਸਮਰਥਨ ਕਰਕੇ ਲੋਕ ਸਭਾ ’ਚ ਭੇਜਣਗੇ।
ਅੰਨਾ ਨੇ ਕਿਹਾ ਕਿ ਸਾਡੇ ਦੇਸ਼ ਦੀ ਕਿੰਨੀ ਮਾੜੀ ਕਿਸਮਤ ਹੈ ਕਿ ਸਾਡੇ ਪਾਰਲੀਮੈਂਟ ਦੇ 164 ਸਾਂਸਦ ਅੱਜ ਵੀ ਗੰਭੀਰ ਦੋਸ਼ਾਂ ਦਾ ਸਾਹਮਣਾਂ ਕਰ ਰਹੇ ਹਨ। 35 ਕੇਂਦਰੀ ਮੰਤਰੀਆਂ ’ਚੋਂ 15 ਤਾਂ ਅਜਿਹੇ ਮੰਤਰੀ ਹਨ ਜਿੰਨ੍ਹਾਂ ’ਤੇ ਭ੍ਰਿਸ਼ਟਾਚਾਰ ਤੇ ਹੋਰ ਕੇਸ ਚੱਲ ਰਹੇ ਹਨ।
ਕਿਸਾਨੀ ਫਿਕਰ ਜਤਾਉਦਿਆਂ ਅੰਨਾ ਹਜ਼ਾਰੇ ਨੇ ਕਿਹਾ ਕਿ ਕਿਸੇ ਵੀ ਫੈਕਟਰੀ ’ਚ ਬਣਨ ਵਾਲੇ ਉਤਪਾਦ ਦਾ ਭਾਅ ਫੈਕਟਰੀ ਮਾਲਕ ਤੈਅ ਕਰਦਾ ਹੈ ਪ੍ਰੰਤੂ ਜੋ ਕਿਸਾਨ ਅਨੇਕਾਂ ਮੁਸੀਬਤਾਂ ਉਪਰੰਤ ਫ਼ਸਲ ਪੈਦਾ ਕਰਦਾ ਹੈ ਉਸਦੀਆਂ ਕੀਮਤਾਂ ਕੇਂਦਰ ਸਰਕਾਰ ਤੈਅ ਕਰਦੀ ਹੈ।
ਅੰਨਾ ਨੇ ਕਿਹਾ ਭ੍ਰਿਸਟਾਚਾਰ ਬਹੁਰੂਪੀਆ ਹੈ। ਭ੍ਰਿਸਟਾਚਾਰ ਸਿਰਫ਼ ਰਿਸ਼ਵਤ ਲੈਣਾ ਦੇਣ ਨਹੀਂ ਹੈ ਸਗੋਂ ਰਿਸ਼ਵਤ ਲੈਣਾਂ, ਕਮਿਸ਼ਨ ਲੈਣਾਂ, ਕਾਲਾਬਾਜ਼ਾਰੀ, ਮੁਨਾਫ਼ਾਖੋਰੀ, ਮਿਲਾਵਟਖੋਰੀ, ਚੋਰ ਅਪਰਾਧੀਆਂ ਦਾ ਸਹਿਯੋਗ ਕਰਨਾ, ਨੌਕਰੀਆਂ ਦੌਰਾਨ ਆਮ ਲੋਕਾਂ ਦੇ ਕੰਮਾਂ ਦੀ ਬਜਾਇ ਖਾਸ ਲੋਕਾਂ ਦੇ ਕੌਲੀ ਚੱਟ ਬਣੇ ਰਹਿਣਾ ਇਹ ਸਭ ਭ੍ਰਿਸਟਾਚਾਰ ਅਧੀਨ ਹੀ ਆਉਂਦੇ ਹਨ। ਉਨ੍ਹਾਂ ਭ੍ਰਿਸਟਾਚਾਰ ਨੂੰ ਆਮ ਲੋਕਾਂ ਦਾ ਗਲ਼ਾ ਘੁੱਟਣ ਅਤੇ ਖਾਸ ਲੋਕਾਂ ਦੀ ਸੇਵਾ ਕਰਨ ਵਾਲਾ ਹਥਿਆਰ ਦੱਸਿਆ।
..ਤੇ ਫਿਰ ਅੰਨਾ ਨੇ ਲਿਆ ਜਿੰਦਗੀ ਦੇਸ਼ ਦੇ ਲੇਖੇ ਲਾਉਣ ਦਾ ਪ੍ਰਣ
ਜਨ ਲੋਕਪਾਲ ਬਿੱਲ ਨੂੰ ਲੈ ਕੇ ਸਰਕਾਰ ਦੇ ਨੱਕ ’ਚ ਦਮ ਕਰਨ ਵਾਲੇ ਅੰਨਾ ਹਜਾਰੇ ਆਪਣੀ ਜਵਾਨੀ ਦੇ ਦਿਨਾਂ ’ਚ ਮਜ਼ਬੂਤ ਇੱਛਾਸ਼ਕਤੀ ਵਾਲੇ ਨਹੀਂ ਸਨ ਪ੍ਰੰਤੂ 1965 ਵਾਲੀ ਭਾਰਤੀ=ਪਾਕਿ ਦਰਮਿਆਨ ਲੜੀ ਗਈ ਜੰਗ ਨੇ ਉਨ੍ਹਾਂ ’ਚ ਜੋਸ਼ ਭਰ ਦਿੱਤਾ ਸੀ। ਅੰਨਾ ਦਾ ਇਹ ਜੋਸ਼ ਉਨ੍ਹਾਂ ਜਵਾਨਾਂ ਦੇ ਖੂਨ ਨਾਲ ਸਿੰਜਿਆ ਹੋਇਆ ਹੈ ਜਿਹੜੇ ਖੇਮਕਰਨ ਸੈਕਟਰ ’ਚ ਦੁਸ਼ਮਣਾਂ ਨਾਲ ਲੋਹਾ ਲੈਂਦੇ ਸ਼ਹੀਦੀਆਂ ਪਾ ਗਏ। ਇਸ ਲਈ ਹੀ ਉਨ੍ਹਾਂ ਪੰਜਾਬ ਦੀ ਯਾਤਰਾ ਜਲ੍ਹਿਆਂ ਵਾਲਾ ਬਾਗ ਤੋਂ ਸੁਰੂ ਕੀਤੀ ਹੈ। ਅੰਨਾ ਨੇ ਦੱਸਿਆ ਕਿ ਜਦੋਂ 1965 ,ਚ ਉਹ ਅੰਬਾਲਾ ਸਨ ਤਾਂ ਇਸ ਸਮੇਂ ਪਾਕਿ ਨੇ ਭਾਰਤ ’ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦੀ ਬਟਾਲੀਅਨ ਖੇਮਕਰਨ ਬਾਰਡਰ ’ਤੇ ਤੈਨਾਤ ਕਰ ਦਿੱਤੀ। ਜੰਗ ’ਚ ਉਨ੍ਹਾਂ ਦੇ ਸਾਰੇ ਸਾਥੀ ਸ਼ਹੀਦ ਹੋ ਗਏ ਇਕੱਲੇ ਉਹ ਹੀ ਬਚੇ। ਉਸਨੇ ਸਾਰੇ ਸਾਥੀਆਂ ਦੀ ਸ਼ਹਾਦਤ ਉਪਰੰਤ ਆਤਮਹੱਤਿਆ ਦਾ ਵਿਚਾਰ ਬਣਾ ਲਿਆ ਸੀ ਪ੍ਰੰਤੂ ਆਪਣੇ ਆਪ ਨੂੰ ਸਮਝਾਕੇ ਸ਼ਾਦੀ ਨਾ ਕਰਨ ਦਾ ਇਰਾਦਾ ਕਰ ਲਿਆ ਅਤੇ ਪੂਰੀ ਜਿੰਦਗੀ ਦੇਸ਼ ਲਈ ਲਾਉਣ ਦਾ ਪ੍ਰਣ ਲੈ ਲਿਆ।
..ਦੇਸ਼ ਦਾ ਵੱਡਾ ਤਿਆਗੀ ਅੰਨਾ
ਅੰਨਾ ਹਜ਼ਾਰੇ ਨੂੰ ਘਰ ਗਿਆਂ 40 ਸਾਲ ਬੀਤ ਗਏ। 26 ਸਾਲ ਦੀ ਉਮਰ ਵਿੱਚ ਉਨ੍ਹਾਂ ਵਿਆਹ ਨਾ ਕਰਾਉਣ ਅਤੇ ਮਰਦੇ ਦਮ ਤੱਕ ਦੇਸ਼ ਦੇ ਲੋਕਾਂ ਦੇ ਹੱਕਾਂ ਲਈ ਜੱਦੋ ਜਹਿਦ ਜਾਰੀ ਰੱਖਣ ਦਾ ਅਹਿਦ ਲਿਆ। 75 ਸਾਲ ਦੇ ਗਾਂਧੀਵਾਦੀ ਨੇਤਾ ਨੇ ਆਪਣਾ ਘਰ ਬਨਾਉਣ ਦੀ ਬਜਾਇ ਆਪਣੀ ਜਨਮ ਭੂਮੀ ਮਹਾਂਰਾਸਟਰ ਦੇ ਪਿੰਡ ਰਾਲੇਗਾਓ ਸਿੱਧੀ ਦੇ ਮੰਦਿਰ ’ਚ 40 ਸਾਲ ਤੋਂ ਵਸੇਬਾ ਕੀਤਾ ਹੋਇਆ ਹੈ। ਉਨ੍ਹਾਂ ਇਹ ਵੀ ਦੱਸਿਆ ਉਨ੍ਹਾਂ ਨੂੰ ਮਿਲ ਰਹੀ 6000 ਮਹੀਨਾ ਪੈਨਸ਼ਨ ਤੇ 55 ਲੱਖ ਰੁਪਏ ਦੇ ਮਾਨ ਸਨਮਾਨ ਵੀ ਟਰੱਸਟ ਬਣਾ ਕੇ ਲੋਕ ਭਲਾਈ ਵਿੱਚ ਲਗਾ ਰਿਹਾ ਹੈ।