ਚੰਡੀਗੜ੍ਹ-ਇਸ ਸਾਲ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ ਯੰਗ ਮਲੰਗ ਦੀ ਸ਼ੂਟਿੰਗ ਅੱਜ ਕੱਲ੍ਹ ਜੋਰਾਂ ’ਤੇ ਹੈ। ਆਰ.ਐਸ. ਜੀ. ਸਟੂਡਿਓ ਦੇ ਸੀ.ਈ.ਓ. ਰਾਹੁਲਇੰਦਰ ਸਿੰਘ ਦੀ ਪਹਿਲੀ ਪੇਸ਼ਕਸ਼ ਇਸ ਫਿਲਮ ਵਿੱਚ ਬਾਲੀਬੁੱਡ ਅਤੇ ਪੰਜਾਬੀ ਸਿਨੇਮਾ ਦੇ ਬੇਹਤਰੀਨ ਕਲਾਕਾਰ ਆਪਣੀ ਭੂਮਿਕਾ ਨਿਭਾਉਣਗੇ। ਇਸ ਫਿਲਮ ਵਿੱਚ ਪੰਜਾਬੀ ਦੇ ਰਾਜ ਗਾਇਕ ਹੰਸ ਰਾਜ ਹੰਸ ਦੇ ਸਪੁੱਤਰ ਯੁਵਰਾਜ ਹੰਸ ਤੋਂ ਇਲਾਵਾ ਹਿੰਦੀ ਫਿਲਮਾਂ ਦੀ ਅਦਾਕਾਰ ਅੰਜਨਾ ਸੁਖਾਨੀ, ਨੀਤੂ ਸਿੰਘ, ਅਨੀਤਾ ਕੈਲੀ, ਪ੍ਰਸਿੱਧ ਗਾਇਕ ਬੱਲੀ ਰਿਆੜ, ਵਿਨੈਪਾਲ ਸਿੰਘ ਬੁੱਟਰ ਆਦਿ ਵੀ ਨਜ਼ਰ ਆਉਣਗੇ।
ਪਿੰਕੀ ਮੋਗੇਵਾਲੀ ਦੇ ਸਹਾਇਕ ਡਾਇਰੈਕਟਰ ਦੀ ਭੂਮਿਕਾ ਨਿਭਾਅ ਚੁੱਕੇ ਇਸ ਫਿਲਮ ਦੇ ਡਾਇਰੈਕਟਰ ਰਾਜਦੀਪ ਸਿੰਘ ਨੂੰ ਇਸ ਫਿਲਮ ਤੋਂ ਕਾਫ਼ੀ ਉਮੀਦਾਂ ਹਨ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਕੇਂਦਰਿਤ ਕੀਤੀ ਇਸ ਫਿਲਮ ਵਿੱਚ ਜਵਾਨੀ ਦੇ ਹਰ ਪਹਿਲੂ ਨੂੰ ਬਹੁਤ ਗੰਭੀਰਤਾ ਨਾਲ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਫਿਲਮ ਦੀ ਸ਼ੂਟਿੰਗ ਲਈ ਚੰਡੀਗੜ੍ਹ ਅਤੇ ਇਸ ਦੇ ਆਸਪਾਸ ਦੇ ਇਲਾਕੇ ਦੀ ਚੋਣ ਕੀਤੀ ਗਈ ਹੈ। ਜਿਸ ਤਹਿਤ ਚਿਤਕਾਰਾ ਕਾਲਜ਼, ਮੋਰਨੀ ਹਿੱਲਜ਼ ਆਦਿ ਨੂੰ ਨਿਰਧਾਰਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਟਲੀ ਵਿੱਚ ਸ਼੍ਯੁਟਿੰਗ ਲਈ ਜਗ੍ਹਾਂ ਦੀ ਚੋਣ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਫਿਲਮ ਦੀ ਅਦਾਕਾਰਾ ਅੰਜਨਾ ਸੁਖਾਨੀ ਇਸ ਤੋਂ ਪਹਿਲਾਂ ਹਿੰਦੀ ਫਿਲਮ ਸਲਾਮੇ ਇਸ਼ਕ, ਗੋਲਮਾਲ ਰਿਟਰਨਜ਼, ਜੈ ਵੀਰੂ ਤੇ ਜਸ਼ਨ ਆਦਿ ਕਰੀਬ 22 ਫਿਲਮਾਂ ਵਿੱਚ ਕੰਮ ਕਰਨ ਤੋਂ ਇਲਾਵਾ ਕੈਨੇਡਾ ਅਤੇ ਟੌਲੀਵੁੱਡ ਫਿਲਮਾਂ ਵਿੱਚ ਵੀ ਕੰਮ ਕਰ ਚੁੱਕੀ ਹੈ ਜਦਕਿ ਨੀਤੂ ਸਿੰਘ ਮਾਡਲ ਤੋਂ ਸਿਨੇਮਾ ਜਗਤ ਵੱਲ ਆਈ ਹੈ। ਨੀਤੂ ਸਿੰਘ ਪੀਟੀਸੀ ਦੀ ਮਿਸ ਰਹਿਣ ਤੋਂ ਇਲਾਵਾ ਦਿਲ ਤੈਨੂੰ ਕਰਦਾ ਹੈ ਪਿਆਰ, ਸਾਡੀ ਲਵ ਸਟੋਰੀ ਅਤੇ ਯਾਰ ਮੇਰਾ ਰੱਬ ਵਰਗਾ ਫਿਲਮਾਂ ਲਈ ਕੰਮ ਕਰ ਚੁੱਕੀ ਹੈ। ਇਸ ਤਰ੍ਹਾਂ ਹੀ ਅਨੀਤਾ ਕੈਲੇ ਵੀ ਪੰਜਾਬੀ ਦੀਆਂ ਕਈ ਫਿਲਮਾਂ ਵਿੱਚ ਕੰਮ ਕਰ ਚੁੱਕੇ ਹੈ ਅਤੇ ਉਸ ਦੀਆਂ ਦੋ ਫਿਲਮਾਂ ਮੇਰੇ ਯਾਰ ਕਮਲੇ ਅਤੇ ਰੰਗਰੂਟ ਵੀ ਰਿਲੀਜ਼ ਹੋਣ ਲਈ ਤਿਆਰ ਹਨ।
ਦੱਸਣਾ ਬਣਦਾ ਹੈ ਕਿ ਰਾਹੁਲਇੰਦਰ ਸਿੰਘ ਫਿਲਮ ਦੀ ਪ੍ਰੋਡਕਸ਼ਨ ਨਾਲ ਹੀ ਨਹੀਂ ਜੁੜੇ ਬਲਕਿ ਫਿਲਮ ਦੇ ਹਰ ਪਹਿਲੂ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਇਸ ਫਿਲਮ ਦੀ ਸ਼ੂਟਿੰਗ ਪਹਿਲੀ ਅਪ੍ਰੈਲ ਤੋਂ ਹੋਈ ਹੈ ਅਤੇ ਇਸ ਦੇ 40 ਦਿਨ ਵਿੱਚ ਪੂਰੇ ਹੋਣ ਦੀ ਸੰਭਾਵਨਾ ਹੈ। ਇਸ ਦੀ ਕਹਾਣੀ ਮਨਸ਼ਿੰਦਰ ਸਿੰਘ ਨੇ ਲਿਖੀ ਹੈ ਜਦਕਿ ਸਕਰੀਨ ਪਲੇਅ ਰਾਜਦੀਪ ਸਿੰਘ ਦਾ ਹੈ। ਫਿਲਮ ਦੀ ਸਿਨਮੈਟੋਗ੍ਰਾਫ਼ੀ ਅੰਸ਼ੁਲ ਚੌਬੇ ਦੀ ਹੈ ਜਦਕਿ ਡਾਇਲਾਗ ਰਾਜਦੀਪ ਨੇ ਲਿਖੇ ਹਨ। ਫਿਲਮ ਦਾ ਸੰਗੀਤ ਪੀ.ਟੀ.ਸੀ. ਐਵਾਰਡ ਜੇਤੂ ਗੁਰਮੀਤ ਸਿੰਘ ਨੇ ਦਿੱਤਾ ਹੈ । ਇਹ ਫਿਲਮ ਅਗਸਤ ਦੇ ਅੱਧ ਤੱਕ ਰਿਲੀਜ਼ ਹੋਣ ਦੀ ਸੰਭਾਵਨਾ ਹੈ।