ਲੰਡਨ- ਬ੍ਰਿਟੇਨ ਦੀ ਸਾਬਕਾ ਪ੍ਰਧਾਨਮੰਤਰੀ ਮਾਰਗਰੇਟ ਥੈਚਰ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਹੈ। ਉਹ ਪਿੱਛਲੇ ਕੁਝ ਸਮੇਂ ਤੋਂ ਡੀਮੇਸ਼ੀਆ ਤੋਂ ਪੀੜਤ ਸੀ।87 ਸਾਲਾ ਮਾਰਗਰੇਟ ਨੂੰ ਆਇਰਨ ਲੇਡੀ ਦੇ ਨਾਂ ਨਾਲ ਵੀ ਪੁਕਾਰਿਆ ਜਾਂਦਾ ਸੀ।
ਲਾਰਡ ਬੇਲ ਨੇ ਕਿਹਾ, ‘ਇਹ ਦਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਮਾਰਕ ਅਤੇ ਕਾਰੋਲ ਥੈਚਰ ਨੇ ਇਹ ਘੋਸ਼ਣਾ ਕੀਤੀ ਹੈ ਕਿ ਉਨ੍ਹਾਂ ਦੀ ਮਾਂ ਮਾਰਗਰੇਟ ਥੈਚਰ ਦਾ ਦਿਲ ਦਾ ਦੌਰਾ ਪੈਣ ਕਰਕੇ ਦੇਹਾਂਤ ਹੋ ਗਿਆ ਹੈ। ਥੈਚਰ 1979 ਤੋਂ 1990 ਤੱਕ ਕੰਜਰਵੇਟਿਵ ਪਾਰਟੀ ਵੱਲੋਂ ਬ੍ਰਿਟੇਨ ਦੀ ਪ੍ਰਧਾਨਮੰਤਰੀ ਰਹੀ। ਉਹ ਬ੍ਰਿਟੇਨ ਵਿੱਚ ਸੱਭ ਤੋਂ ਵੱਧ ਸਮੇਂ ਤੱਕ ਦੇਸ਼ ਦੀ ਪ੍ਰਧਾਨਮੰਤਰੀ ਰਹੀ।ਉਹ 1959 ਵਿੱਚ ਫਿੰਚਲੇ ਤੋਂ ਸੰਸਦ ਮੈਂਬਰ ਬਣੀ।ਸਿੱਖਿਆ ਮੰਤਰੀ ਦੇ ਅਹੁਦੇ ਤੇ ਰਹਿੰਦੇ ਹੋਏ ਉਨ੍ਹਾਂ ਨੇ ਪਾਰਟੀ ਦੀ ਅਗਵਾਈ ਲਈ 1975 ਵਿੱਚ ਸਾਬਕਾ ਪ੍ਰਧਾਨਮੰਤਰੀ ਹੀਥ ਨੂੰ ਸਫਲਤਾਪੂਰਵਕ ਚੁਣੌਤੀ ਦਿੱਤੀ ਸੀ।
ਮਾਰਗਰੇਟ ਨੇ 1979,1983ਅਤੇ 1987 ਵਿੱਚ ਆਮ ਚੋਣਾਂ ਵਿੱਚ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਦੀ ਸਰਕਾਰ ਨੇ ਬਹੁਤ ਸਾਰੇ ਸਰਕਾਰੀ ਉਦਯੋਗਾਂ ਦਾ ਨਿਜੀਕਰਣ ਕੀਤਾ ਸੀ। ਸਰਗਰਮ ਰਾਜਨੀਤੀ ਛੱਡ ਕੇ ਉਹ ਏਕਾਂਤ ਜਿੰਦਗੀ ਜੀਅ ਰਹੀ ਸੀ।ਅੰਤਿਮ ਦਿਨਾਂ ਵਿੱਚ ਉਹ ਰਿਟਜ਼ ਹੋਟਲ ਵਿੱਚ ਰਹਿ ਰਹੀ ਸੀ।ਪ੍ਰਧਾਨਮੰਤਰੀ ਕੈਮਰਾਨ ਨੇ ਥੈਚਰ ਦੀ ਮੌਤ ਤੇ ਅਫਸੋਸ ਪ੍ਰਗਟ ਕਰਦੇ ਹੋਏ ਕਿਹਾ, ‘ਅਸਾਂ ਇੱਕ ਮਹਾਨ ਨੇਤਾ ਗਵਾ ਦਿੱਤਾ ਹੈ।ਮਹਾਰਾਣੀ ਨੇ ਵੀ ਥੈਚਰ ਦੀ ਮੌਤ ਤੇ ਦੁੱਖ ਦਾ ਇਜ਼ਹਾਰ ਕੀਤਾ।