ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਦਸ ਰੋਜ਼ਾ ਦੌਰੇ ਤੇ ਅਮਰੀਕਾ ਦੀ ਯੂਨੀਵਰਸਿਟੀ ਆਫ ਫਲੋਰੀਡਾ ਲੇਕ ਅਲਫਰੈੱਡ ਦੇ ਵਿਗਿਆਨੀ ਡਾ: ਫਰੈੱਡ ਜੀ ਜਮਿੱਤਰ ਨੇ ਅੱਜ ਯੂਨੀਵਰਸਿਟੀ ਵਿਗਿਆਨੀਆਂ ਨਾਲ ਨਿੰਬੂ ਜਾਤੀ ਦੇ ਫ਼ਲਾਂ ਬਾਰੇ ਵਿਸ਼ਾਲ ਵਿਚਾਰ ਵਟਾਂਦਰਾ ਕੀਤਾ। ਵਿਚਾਰ ਵਟਾਂਦਰੇ ਵਿੱਚ ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਪੀ ਕੇ ਖੰਨਾ, ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ, ਡੀਨ ਪੋਸਟ ਗਰੈਜੂਏਟ ਸਟੱਡੀਜ਼ ਡਾ: ਗੁਰਸ਼ਰਨ ਸਿੰਘ, ਖੇਤੀਬਾੜੀ ਕਾਲਜ ਦੇ ਡੀਨ ਅਤੇ ਬਾਗਬਾਨੀ ਵਿਗਿਆਨੀ ਡਾ: ਹਰਵਿੰਦਰ ਸਿੰਘ ਧਾਲੀਵਾਲ ਤੋਂ ਇਲਾਵਾ ਸਬੰਧਿਤ ਵਿਭਾਗਾਂ ਦੇ ਮੁਖੀ ਅਤੇ ਡੀਨ ਸਾਹਿਬਾਨ ਹਾਜ਼ਰ ਸਨ।
ਡਾ: ਜਮਿੱਤਰ ਨੇ ਆਖਿਆ ਕਿ ਆਪਣੀ ਦਸ ਰੋਜ਼ਾ ਪੰਜਾਬ ਫੇਰੀ ਦੌਰਾਨ ਉਨ੍ਹਾਂ ਦਾ ਮਨੋਰਥ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਬਾਰੇ ਜਾਣਕਾਰੀ ਗ੍ਰਹਿਣ ਕਰਨ ਦੇ ਨਾਲ ਨਾਲ ਬਾਗਬਾਨੀ ਵਿੱਚੋਂ ਨਿੰਬੂ ਜਾਤੀ ਫ਼ਲਾਂ ਅਧੀਨ ਖੇਤਰਾਂ ਦੀ ਗੂੜ ਜਾਣਕਾਰੀ ਹਾਸਿਲ ਕਰਨਾ ਹੈ। ਉਨ੍ਹਾਂ ਆਖਿਆ ਕਿ ਨਿੰਬੂ ਜਾਤੀ ਫ਼ਲਾਂ ਦੀ ਬ੍ਰੀਡਿੰਗ ਅਤੇ ਜੈਨੇਟਿਕਸ ਬਾਰੇ ਜਾਣਕਾਰੀ ਸਿਰਫ ਵਿਗਿਆਨੀਆਂ ਨੂੰ ਹੀ ਨਹੀਂ ਸਗੋਂ ਬਾਗਬਾਨਾਂ ਲਈ ਵੀ ਉਨੀ ਹੀ ਮਹੱਤਵਪੂਰਨ ਹੈ । ਉਨ੍ਹਾਂ ਆਖਿਆ ਕਿ ਫਲੋਰੀਡਾ ਸੂਬੇ ਵਿੱਚ ਲਗਪਗ 40 ਹਜ਼ਾਰ ਕਿਸਾਨ ਖੇਤੀ ਦਾ ਕਾਰਜ ਕਰਦੇ ਹਨ। ਉਨ੍ਹਾਂ ਆਖਿਆ ਕਿ ਨਿੰਬੂ ਜਾਤੀ ਫ਼ਲਾਂ ਨੂੰ ਲੱਗਣ ਵਾਲੀਆਂ ਬੀਮਾਰੀਆਂ ਇਸ ਵੇਲੇ ਫਲੋਰੀਡਾ ਸੂਬੇ ਵਿੱਚ ਵੀ ਨਿੰਬੂ ਜਾਤੀ ਫ਼ਲਾਂ ਨੂੰ ਵੱਡਾ ਖਤਰਾ ਬਣ ਕੇ ਆਈਆਂ ਹਨ।
ਯੂਨੀਵਰਸਿਟੀ ਰਜਿਸਟਰਾਰ ਡਾ: ਪੀ ਕੇ ਖੰਨਾ ਨੇ ਡਾ: ਜਮਿੱਤਰ ਦਾ ਸੁਆਗਤ ਕਰਦਿਆਂ ਯੂਨੀਵਰਸਿਟੀ ਢਾਂਚੇ ਬਾਰੇ ਜਾਣਕਾਰੀ ਦਿੱਤੀ। ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਗੋਸਲ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਇਸ ਵੇਲੇ 100 ਤੋਂ ਵੱਧ ਫ਼ਸਲਾਂ ਬਾਰੇ ਖੋਜ ਕਾਰਜ ਜਾਰੀ ਹਨ ਅਤੇ ਮੌਸਮੀ ਤਬਦੀਲੀਆਂ ਦਾ ਧਿਆਨ ਰੱਖਦੇ ਹੋਏ ਉਹ ਤਕਨੀਕਾਂ ਵਿਕਸਤ ਕੀਤੀਆਂ ਜਾ ਰਹੀਆਂ ਹਨ ਜਿਸ ਨਾਲ ਉਤਪਾਦਨ ਵਿੱਚ ਕਮੀ ਨਾ ਆਵੇ। ਪ੍ਰੋਸੈਸਿੰਗ ਅਤੇ ਮੁੱਲ ਵਾਧੇ ਤੋਂ ਇਲਾਵਾ ਸੁਰੱਖਿਅਤ ਖੇਤੀ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਡੀਨ ਪੋਸਟ ਗਰੈਜੂਏਟ ਸਟੱਡੀਜ਼ ਡਾ: ਗੁਰਸ਼ਰਨ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਵਿੱਚ ਇਸ ਵੇਲੇ 56 ਫੀ ਸਦੀ ਲੜਕੀਆਂ ਸਿੱਖਿਆ ਪ੍ਰਾਪਤ ਕਰ ਰਹੀਆਂ ਹਨ ਅਤੇ ਪਿਛਲੇ ਚਾਰ ਸਾਲਾਂ ਤੋਂ ਲਗਾਤਾਰ ਅੰਤਰਰਾਸ਼ਟਰੀ ਪੱਧਰ ਦਾ ਮਹੱਤਵਪੂਰਨ ਮੌਨਸੈਂਟੋ ਬੀਚਲ ਬੋਰਲਾਗ ਐਵਾਰਡ ਸਾਡੇ ਚਾਰ ਵਿਦਿਆਰਥੀਆਂ ਨੇ ਹਾਸਿਲ ਕੀਤਾ ਹੈ। ਖੇਤੀ ਕਾਲਜ ਦੇ ਡੀਨ ਡਾ: ਹਰਵਿੰਦਰ ਸਿੰਘ ਧਾਲੀਵਾਲ, ਖੇਤੀ ਇੰਜੀਨੀਅਰਿੰਗ ਕਾਲਜ ਦੇ ਡੀਨ ਡਾ: ਪਿਰਤਪਾਲ ਸਿੰਘ ਲੁਬਾਣਾ ਅਤੇ ਹੋਮ ਸਾਇੰਸ ਕਾਲਜ ਦੀ ਡੀਨ ਡਾ: ਨੀਲਮ ਗਰੇਵਾਲ ਨੇ ਵੀ ਆਪੋ ਆਪਣੇ ਕਾਲਜਾਂ ਬਾਰੇ ਜਾਣਕਾਰੀ ਦਿੱਤੀ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਗਿਆਨੀਆਂ ਨੇ ਦੱਸਿਆ ਕਿ ਤਿੰਨ ਮੁੱਖ ਫ਼ਲਾਂ ਕਿਨੂੰ , ਅਮਰੂਦ ਅਤੇ ਅੰਬਾਂ ਦੇ ਰੋਗਾਂ ਉੱਪਰ ਵਿਸ਼ੇਸ਼ ਖੋਜ ਜਾਰੀ ਹੈ। ਸਕੂਲ ਆਫ ਐਗਰੀਕਲਚਰਲ ਬਾਇਓਟੈਕਨਾਲੋਜੀ ਦੇ ਡਾਇਰੈਕਟਰ ਡਾ: ਕੁਲਦੀਪ ਸਿੰਘ, ਅਪਰ ਨਿਰਦੇਸ਼ਕ ਪਸਾਰ ਸਿੱਖਿਆ ਡਾ: ਹਰਜੀਤ ਸਿੰਘ ਧਾਲੀਵਾਲ, ਪਲਾਂਟ ਬ੍ਰੀਡਿੰਗ ਵਿਭਾਗ ਦੇ ਮੁਖੀ ਡਾ: ਆਰ ਕੇ ਗੁੰਬਰ, ਬਾਗਬਾਨੀ ਦੇ ਅਪਰ ਨਿਰਦੇਸ਼ਕ ਡਾ: ਪੁਸ਼ਪਿੰਦਰ ਸਿੰਘ ਔਲਖ, ਭੋਜਨ ਵਿਗਿਆਨ ਪੌਸ਼ਟਿਕਤਾ ਅਤੇ ਇੰਜੀਨੀਅਰਿੰਗ ਨਾਲ ਸਬੰਧਿਤ ਅਪਰ ਨਿਰਦੇਸ਼ਕ ਡਾ: ਜਸਵਿੰਦਰ ਕੌਰ ਸਾਂਘਾ, ਖੇਤੀਬਾੜੀ ਮਸ਼ੀਨਰੀ ਅਤੇ ਬਾਇਓ ਐਨਰਜੀ ਦੇ ਅਪਰ ਨਿਰਦੇਸ਼ਕ ਡਾ: ਜਸਕਰਨ ਸਿੰਘ ਮਾਹਲ ਨੇ ਵੀ ਵਿਚਾਰ ਵਟਾਂਦਰੇ ਵਿੱਚ ਹਿੱਸਾ ਲਿਆ।