ਨਵੀਂ ਦਿੱਲੀ- ਦਵਿੰਦਰਪਾਲ ਸਿੰਘ ਭੁੱਲਰ ਦੀ ਉਸ ਦਰਖਾਸਤ ਨੂੰ ਰਦ ਕਰ ਦਿੱਤਾ ਗਿਆ ਹੈ ਜਿਸ ਵਿੱਚ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦੀ ਮੰਗ ਕੀਤੀ ਗਈ ਸੀ। ਭੁੱਲਰ ਨੇ ਰਾਸ਼ਟਰਪਤੀ ਵੱਲੋਂ 11 ਸਾਲ ਤੱਕ ਰਹਿਮ ਦੀ ਅਪੀਲ ਨੂੰ ਪੈਡਿੰਗ ਰੱਖਣ ਦੇ ਮਾਮਲੇ ਨੂੰ ਚੁਣੌਤੀ ਦਿੱਤੀ ਸੀ।ਭੁੱਲਰ ਨੇ ਕਿਹਾ ਸੀ ਕਿ ਉਹ ਏਨੇ ਸਾਲਾਂ ਤੋਂ ਮੌਤ ਦਾ ਇੰਤਜਾਰ ਕਰਦੇ ਹੋਏ ਆਪਣਾ ਮਾਨਸਿਕ ਸੰਤੁਲਨ ਗਵਾ ਚੁੱਕਿਆ ਹੈ।ਇਸ ਫੈਸਲੇ ਤੋਂ ਬਾਅਦ 17ਹੋਰ ਵਿਅਕਤੀਆਂ ਨੂੰ ਫਾਂਸੀ ਦੇਣ ਦਾ ਰਸਤਾ ਵੀ ਸਾਫ ਹੋ ਗਿਆ ਹੈ।
ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਕਈਆਂ ਹੋਰਨਾਂ ਮੁਜਰਿਮਾਂ ਤੇ ਵੀ ਅਸਰ ਪਵੇਗਾ।ਰਜੀਵ ਗਾਂਧੀ ਦੀ ਹੱਤਿਆ ਦੇ ਜੁਰਮ ਵਿੱਚ ਫਾਂਸੀ ਦੀ ਸਜ਼ਾ ਪਾਉਣ ਵਾਲੇ ਮੁਜਰਿਮ ਵੀ ਸ਼ਾਮਿਲ ਹਨ। ਇਹ ਸੱਭ ਚਾਹੁੰਦੇ ਹਨ ਕਿ ਰਹਿਮ ਦੀਆਂ ਅਪੀਲਾਂ ਦੇ ਨਿਪਟਾਰੇ ਵਿੱਚ ਦੇਰੀ ਦੇ ਆਧਾਰ ਤੇ ਉਨ੍ਹਾਂ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕੀਤਾ ਜਾਵੇ।ਭੁੱਲਰ ਵੱਲੋਂ ਇਹ ਦਲੀਲ ਦਿੱਤੀ ਗਈ ਸੀ ਕਿ ਲੰਬੇ ਸਮੇਂ ਤੱਕ ਕਾਲ ਕੋਠਰੀ ਵਿੱਚ ਮੌਤ ਦੀ ਸਜ਼ਾ ਦਾ ਇੰਤਜ਼ਾਰ ਕਰਨਾ ਕਰੂਰਤਾ ਹੈ ਅਤੇ ਇਹ ਮੂਲ ਅਧਿਕਾਰਾਂ ਦਾ ਉਲੰਘਣ ਹੈ।