12 ਅਪਰੈਲ 2013 ਦੇ ਦਿਨ ਸੁਪਰੀਮ ਕੋਰਟ ਨੇ ਪ੍ਰੋ. ਦਵਿੰਦਰ ਸਿੰਘ ਭੁੱਲਰ ਦੀ ਨਵੀਂ ਅਪੀਲ ਰੱਦ ਕਰ ਦਿੱਤੀ ਹੈ। ਉਂਞ ਸਾਨੂੰ ਤਾਂ 29 ਮਾਰਚ 2012 ਦੇ ਦਿਨ ਹੀ ਇਹ ਫ਼ੈਸਲਾ ਦਾ ਪਤਾ ਲਗ ਗਿਆ ਸੀ ਜਦ ਉਸ ਦਿਨ ਸੁਪਰੀਮ ਕੋਰਟ ਕੋਲ ਦਵਿੰਦਰਪਾਲ ਸਿੰਘ ਭੁੱਲਰ ਦਾ ਕੇਸ ਪੇਸ਼ ਹੋਇਆ ਸੀ ਅਤੇ ਸੁਪਰੀਮ ਕੋਰਟ ਦੇ ਜੱਜਾਂ ਜੀ. ਐਸ. ਸਿੰਘਵੀ ਅਤੇ ਐਸ.ਜੇ. ਮੁਖੋਪਾਧਿਆਏ ਨੇ ਬਲਵੰਤ ਸਿੰਘ ਰਾਜੋਆਣਾ ਦੀ ਹਿਮਾਇਤ ਕਰਨ ‘ਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਗ਼ੈਰ ਕਾਨੂੰਨੀ ਟਿੱਪਣੀਆਂ ਕੀਤੀਆਂ ਅਤੇ ਆਪਣੀ ਸਿੱਖ-ਨਫ਼ਰਤ ਦਾ ਇਜ਼ਹਾਰ ਕੀਤਾ ਸੀ। ਫ਼ਿਰਕੂ ਜੱਜਾਂ ਨੇ ਰਾਜੋਆਣਾ ਦੇ ਹੱਕ ਵਿਚ ਐਜੀਟੇਸ਼ਨ ‘ਤੇ ਵੀ ਸਾੜੇ ਅਤੇ ਕੀਨੇ ਦਾ ਇਜ਼ਹਾਰ ਕੀਤਾ ਸੀ। ਜੱਜਾਂ ਨੇ ਤਾਂ ਇਥੋਂ ਤਕ ਕਿਹਾ ਕਿ “ਇਕ ਬੰਦੇ ਨੂੰ ਕਤਲਾਂ ਦੀ ਸਜ਼ਾ ਦਿੱਤੀ ਗਈ ਹੈ; ਉਹ ਇਕ ਚੀਫ਼ ਮਨਿਸਟਰ ਨੂੰ ਦਿਨ-ਦਿਹਾੜੇ ਕਤਲ ਕਰਨ ਦਾ ਮੁਜਰਮ ਹੈ; ਉਸ ਨੂੰ ਕਿਵੇਂ ਛੱਡਿਆ ਜਾ ਸਕਦਾ ਹੈ। ਪਿਛਲੇ ਚਾਰ ਦਿਨ ਤੋਂ ਪੰਜਾਬ ਵਿਚ ਗੜਬੜ ਹੋ ਰਹੀ ਹੈ।” ਇਹ ਦਿਲਚਸਪ ਗੱਲ ਹੈ ਇਨ੍ਹਾਂ ਜੱਜਾਂ ਕੋਲ ਕੇਸ ਭੁੱਲਰ ਦਾ ਪੇਸ਼ ਹੋਇਆ ਸੀ ਨਾ ਕਿ ਰਾਜੋਆਣਾ ਦਾ। ਖ਼ੈਰ, ਸੁਪਰੀਮ ਕੋਰਟ ਦੇ ਜਿਨ੍ਹਾਂ ਜੱਜਾਂ ਨੇ ਸਿੱਖਾਂ ਵਾਸਤੇ ਅਜਿਹੀ ਨਫ਼ਰਤ ਰੱਖੀ ਹੋਈ ਸੀ ਉਨ੍ਹਾਂ ਤੋਂ ਇਨਸਾਫ਼ ਦੀ ਆਸ ਰਖਣਾ ਮੂਰਖਾਂ ਦੀ ਦੁਨੀਆਂ ਵਿਚ ਰਹਿਣ ਵਾਲੀ ਗੱਲ ਸੀ।
ਸੁਪਰੀਮ ਕੋਰਟ ਦੇ ਫ਼ਿਰਕੂ ਜੱਜਾਂ ਨੇ ਸਿੱਖਾਂ ਨਾਲ ਅਜਿਹੀ ਨਫ਼ਰਤ ਦਾ ਇਜ਼ਹਾਰ ਕੋਈ ਪਹਿਲੀ ਵਾਰ ਨਹੀਂ ਕੀਤਾ ਸੀ। 1988 ਵਿਚ ਕਿਹਰ ਸਿੰਘ ਨੂੰ ਫ਼ਾਂਸੀ ਦੀ ਸਜ਼ਾ ਦੇਣਾ ਦੁਨੀਆਂ ਭਰ ਦੀ ਕਾਨੂੰਨ ਤੇ ਇਨਸਾਫ਼ ਦੀ ਤਵਾਰੀਖ਼ ਵਿਚ ਸਭ ਤੋਂ ਸ਼ਰਮਨਾਕ ਫ਼ੈਸਲਾ ਸੀ। ਦਵਿੰਦਰਪਾਲ ਸਿੰਘ ਭੁੱਲਰ ਨੂੰ ਬਿਨਾ ਕਿਸੇ ਸਬੂਤ ਦੇ, ਪੁਲਸ ਦੇ ਪੇਸ਼ ਕੀਤੇ ਅਖੌਤੀ ਇਕਬਾਲੀਆ ਬਿਆਨ ਦੀ ਬਿਨਾਅ ‘ਤੇ, ਜਰਮਨ ਸਰਕਾਰ ਨੂੰ ਫ਼ਾਂਸੀ ਨਾ ਦੇਣ ਬਾਰੇ ਕੀਤੇ ਕੌਮਾਂਤਰੀ ਮੁਆਹਦੇ ਦੇ ਹੁੰਦੇ ਹੋਏ, ਅਤੇ ਸੁਪਰੀਮ ਕੋਰਟ ਦੇ ਉਸ ਬੈਂਚ ਦੇ ਮੁਖ ਜੱਜ ਵੱਲੋਂ ਭੁੱਲਰ ਨੂੰ ਬਰੀ ਕਰਨ ਦਾ ਫ਼ੈਸਲਾ ਦੇਣ ਦੇ ਬਾਵਜੂਦ, ਉਸ ਨੂੰ ਫ਼ਾਂਸੀ ਦੀ ਸਣਾ ਦੇਣਾ, ਸਾਫ਼ ਸਾਬਿਤ ਕਰਦਾ ਹੈ ਕਿ ਸੁਪਰੀਮ ਕੋਰਟ ਸਿੱਖ ਦੁਸ਼ਮਣੀ ਦਾ ਸੈਂਟਰ ਹੈ। ਸੁਪਰੀਮ ਕੋਰਟ ਵੱਲੋਂ ਦਰਜਨਾਂ ਸਿਖਾਂ ਦੇ ਕਤਲਾਂ ਵਿਚ ਸੱਤ ਫ਼ਾਂਸੀਆਂ ਦੀ ਸਜ਼ਾ ਵਾਲੇ ਹਿੰਦੂ ਕਾਂਗਰਸੀ ਆਗੂ ਕਿਸ਼ੋਰੀ ਲਾਲ ਦੀ ਸਜ਼ਾਏ ਮੌਤ ਨੂੰ ਉਮਰ ਕੈਦ ਵਿਚ ਬਦਲ ਦੇਣਾ ਵੀ ਸੁਪਰੀਮ ਕੋਰਟ ਦਾ ਸਿੱਖਾਂ ਵਾਸਤੇ ਨਫ਼ਰਤ ਦਾ ਇਜ਼ਹਾਰ ਸੀ। ਸੋ, ਜੇ ਕੋਈ ਸਿੱਖ ਸੁਪਰੀਮ ਕੋਰਟ ਦੇ ਹਿੰਦੂ ਜੱਜਾਂ ਤੋਂ ਇਨਸਾਫ਼ ਦੀ ਕੋਈ ਆਸ ਰਖਦਾ ਹੈ ਤਾਂ ਉਹ ਅਹਿਮਕ ਹੈ, ਭੋਲਾ ਹੈ, ਬੇਸਮਝ ਹੈ।
ਕੋਈ ਸ਼ਖ਼ਸ ਜਗਦੀਸ਼ ਟਾਈਟਲਰ ਦੇ ਕੇਸ ਵਿਚ ਦਿੱਲੀ ਦੀ ਇਕ ਸੈਸ਼ਨ ਕੋਰਟ ਦੀ ਜੱਜ ਬੀਬੀ ਅਨੁਰਾਧਾ ਸ਼ੁਕਲਾ ਭਾਰਦਵਾਜ ਵੱਲੋਂ ਸੀ.ਬੀ.ਆਈ. ਵੱਲੋਂ ‘ਕਲੀਨ ਚਿਟ’ ਦਿੱਤੇ ਜਾਣ ਨੂੰ ਇਨਸਾਫ਼ ਕਹਿਣਾ ਚਾਹਵੇ ਤਾਂ ਇਹ ਉਸ ਦੀ ਭੁੱਲ ਹੈ। ਟਾਈਟਲਰ ਦੇ ਮਾਮਲੇ ਵਿਚ ਅਦਾਲਤ ਦਾ ਇਹ ਫ਼ੈਸਲਾ ਤਾਂ ਇਕ ਤਕਨੀਨੀ ਅਧਾਰ ‘ਤੇ ਕੀਤਾ ਗਿਆ ਹੈ, ਉਸ ਨੂਮ ਸਜ਼ਾ ਨਹੀਂ ਦਿੱਤੀ ਗਈ। ਅਸਲ ਤਾਂ ਹੁਣ ਸ਼ੁਰੂ ਹੋਣਾ ਹੈ। ਸੀ.ਬੀ.ਆਈ. ਤਾਂ ਸਰਕਾਰ ਅਤੇ ਕਾਂਗਰਸ ਪਾਰਟੀ ਦਾ ਇਕ ਕਿਸਮ ਦਾ ਇਕ ਵਿੰਗ ਹੀ ਹੈ। ਦਿੱਲੀ ਦੇ ਕਾਂਗਰਸੀ ਆਗੂਆਂ ਨੇ ਤਾਂ ਹੁਣੇ ਹੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਟਾਈਟਲਰ ਦਾ ਕੋਈ ਗੁਨਾਹ ਨਹੀਂ, ਉਹ ਨਿਰਦੋਸ਼ ਹੈ ਵਗ਼ੈਰਾ।
ਭੋਲਿਓ ਕਿੱਥੇ ਫਿਰਦੇ ਹੋ! ਪਹਿਲਾਂ ਐਚ.ਕੇ.ਐਲ. ਭਗਤ ਨੂੰ ਵੱਡੀ ਉਮਰ ਦੇ ਬਹਾਨੇ ਨਾਲ ਅਦਾਲਤਾਂ ਨੇ ‘ਬਰੀ’ ਕਰ ਦਿੱਤਾ ਸੀ ਤੇ ਹੁਣ ਭਾਵੇਂ ਸੱਜਣ ਕੁਮਾਰ ‘ਤੇ ਕੇਸ ਚਲ ਰਿਹਾ ਹੈ ਤੇ ਉਸ ਨੂੰ ਕਿਹੜਾ ਸਜ਼ਾ ਮਿਲ ਜਾਣੀ ਹੈ? ਕਾਂਗਰਸ ਪਾਰਟੀ ਸੱਜਣ ਕੁਮਾਰ ਅਤੇ ਟਾਈਟਲਰ ਨੂੰ ਸਜ਼ਾ ਕਿਵੇਂ ਦੇ ਸਕਦੀ ਹੈ ਜਦ ਕਿ ਉਨ੍ਹਾਂ ਨੇ ‘ਖ਼ੂਨੀ ਨਵੰਬਰ 84’ ਵਾਲਾ ਕਤਲੇਆਮ ਤਾਂ ਕੀਤਾ/ਕਰਵਾਇਆ ਹੀ ਰਾਜੀਵ ਗਾਂਧੀ ਨੂੰ ਖ਼ੁਸ਼ ਕਰਨ ਵਾਸਤੇ ਸੀ। ਜੇ ਕਾਂਗਰਸ ਪਾਰਟੀ ਨੇ ਇਸ ਮਸਲੇ ‘ਤੇ ਜ਼ਰਾ ਮਾਸਾ ਵੀ ਇਨਸਾਫ਼ ਕਰਨਾ ਹੁੰਦਾ ਤਾਂ ਇਨਸਾਨੀ ਹਕੂਕ ਦੀਆਂ ਜਮਾਤਾਂ ਅਤੇ ਚਸ਼ਮਦੀਦ ਗਵਾਹਾਂ ਵੱਲੋਂ ਦਾਗ਼ੀ ਕਰਾਰ ਦਿੱਤੇ ਇਨ੍ਹਾਂ ਆਗੂਆਂ (ਐਚ.ਕੇ.ਐਲ. ਭਗਤ, ਭਜਨ ਲਾਲ, ਲਲਿਤ ਮਾਕਨ, ਧਰਮ ਦਾਸ ਸ਼ਾਸਤਰੀ, ਸੱਜਣ ਕੁਮਾਰ ਅਤੇ ਟਾਈਟਲਰ) ਨੂੰ ਜੇ ਸਜ਼ਾ ਅਦਾਲਤਾਂ ਵੱਲੋਂ ਨਾ ਵੀ ਦਿਵਾਉਂਦੀ ਤਾਂ ਘਟੋ ਘਟ ਵਜ਼ਾਰਤਾਂ ਅਤੇ ਪਾਰਟੀ ਅਹੁਦਿਆਂ ਤੋਂ ਹੀ ਹਟਾ ਦੇਂਦੀ। ਚਲੋ ਦਿਖਾਵੇ ਦਾ, ਇਨਸਾਫ਼ ਦਾ, ਡਰਾਮਾ ਹੀ ਕਰ ਦੇਂਦੀ। ਪਰ, ਇਹ ਕਿਵੇਂ ਹੋ ਸਕਦਾ ਸੀ। ਜਿਹੜੇ ਕਾਤਲਾਂ, ਮੁਜਰਿਮਾਂ ਨੇ ਸਰਕਾਰ ਅਤੇ ਪਾਰਟੀ ਦੇ ਇਸ਼ਾਰਿਆਂ, ਹਿਮਾਇਤ ਅਤੇ ਸਾਥ ਨਾਲ ਕਤਲੇਆਮ ਕਰਵਾਇਆ ਹੋਵੇ ਕਾਂਗਰਸ ਆਪਣੇ ਉਨ੍ਹਾਂ ‘ਲਾਡਲਿਆਂ’ ਨੂੰ ਕਿਵੇਂ ਸਜ਼ਾ ਦੇ ਸਕਦੀ ਸੀ? ਸੋ, ਭੋਲਿਓ ਭੁੱਲ ਜਾਓ ਕਿ ਜਦ ਤਕ ਕਾਂਗਰਸ ਪਾਰਟੀ ਦੀ ਕਮਾਂਡ ਰਾਜੀਵ ਦੀ ਘਰਵਾਲੀ, ਇੰਦਰਾ ਦੀ ਨੂੰਹ ਜਾਂ ਇਸ ਟੱਬਰ ਜਾਂ ਇਸ ਦੇ ਚਾਪਲੂਸਾਂ ਦੇ ਹੱਥ ਹੈ ਉਦੋਂ ਤਕ ਕੋਈ ਇਨਸਾਫ਼ ਹੋਵੇਗਾ। ਭਾਜਪਾ, ਵੀ.ਪੀ. ਸਿੰਹ, ਗੁਜਰਾਲ, ਦੇਵੇਗੌੜਾ ਤੋਂ ਜ਼ਰਾ ਮਾਸਾ ਆਸ ਸੀ ਪਰ ਉਹ ਵੀ ਸਿੱਖਾਂ ਨੂੰ ਇਨਸਾਫ਼ ਦੇਣ ਵਿਚ ਫ਼ੇਲ੍ਹ ਹੋ ਗਏ।
ਸ਼ਰਮ ਦੀ ਗੱਲ ਇਹ ਹੈ ਕਿ ਕੁਝ ਪਗੜੀਧਾਰੀ ਵੀ ਟਾਈਟਰ ਤੇ ਹੋਰ ਕਾਤਲਾਂ ਦਾ ਪੱਖ ਪੂਰਦੇ ਨਜ਼ਰ ਆਏ ਹਨ। ਖਾਲਿਸਤਾਨੀ ਆਗੂ ਸੁਖਜਿੰਦਰ ਸਿੰਘ ਦਾ ਪਤਿਤ ਮੁੰਡਾ, ਸਾਬਕਾ ਕਾਂਗਰਸੀ ਐਮ.ਐਲ.ਏ. ਸੁਖਪਾਲ ਖਹਿਰਾ ਟਾਈਟਰ ਦੀ ਚਾਪਲੂਸੀ ਕਰਨ ਵਾਸਤੇ ਸਭ ਤੋਂ ਅੱਗੇ ਸੀ। ਇਹ ਲੋਕ ਏਨੇ ਬੇਗ਼ੈਰਤ ਹੋ ਚੁਕੇ ਹਨ ਕਿ ਇਨ੍ਹਾਂ ਨੂੰ ਜ਼ੁਲਮ ਦੀ ਇੰਤਹਾ ਵੀ ਪਿਘਲਾ ਨਹੀਂ ਸਕਦੀ ਅਤੇ ਇਹ ਚੰਗੇਜ਼ੀ ਤੇ ਹਿਟਲਰੀ ਸੋਚ ਵਾਲਿਆਂ ਦਾ ਪੱਖ ਪੂਰਨ ਵਾਸਤੇ ਟੁਰ ਪੈਂਦੇ ਹਨ (ਦਰਅਸਲ 1984 ਵਿਚ ਇਨ੍ਹਾਂ ਦਾ ਆਪਣਾ ਕੋਈ ਨਹੀਂ ਮਰਿਆ ਜਾਂ ਇਨ੍ਹਾਂ ਦੀ ਆਪਣੀ ਧੀ ਭੈਣ ਦਾ ਰੇਪ ਨਹੀਂ ਹੋਇਆ)। ਪਰ ਇਹ ਭੁੱਲ ਜਾਂਦੇ ਹਨ ਕਿ ਕਾਂਗਰਸ ਨੇ ਪਹਿਲਾਂ ਜ਼ੈਲ ਸਿੰਘ, ਫਿਰ ਬੇਅੰਤ ਸਿੰਘ, ਸੁਰਜੀਤ ਬਰਨਾਲਾ ਨੂੰ ਵਰਤ ਕੇ ਸਿੱਖਾਂ ਨੂੰ ਇਨਸਾਫ਼ ਲੈਣ ਤੋਂ ਰੋਕ ਲਿਆ ਸੀ ਤੇ ਹੁਣ ਇਹ ਆਪਣੀ ਟਿਕਟ ਪੱਕੀ ਕਰਨ ਦੇ ਚਾਹਵਾਨ ਨਿੱਕੇ ਮੋਟੇ ਝੋਲੀ ਚੁੱਕ ਵਰਤ ਰਹੀ ਹੈ। ਇਨ੍ਹਾਂ ਨੂੰ ਇਹ ਨਹੀਂ ਪਤਾ ਕਿ ਕਾਂਗਰਸ ਨੇ ਜ਼ੈਲ ਸਿੰਘ, ਬੇਅੰਤ ਸਿੰਘ, ਸੁਰਜੀਤ ਬਰਨਾਲਾ ਨੂੰ ਵਰਤ ਕੇ ਇੰਞ ਸੁੱਟ ਦਿੱਤਾ ਹੈ ਜਿਵੇਂ ਚੂਪੇ ਅੰਬ ਦੇ ਛਿੱਲੜਾਂ ਨੂੰ ਸੁੱਟ ਦਿੱਤਾ ਜਾਂਦਾ ਹੈ (ਫਿਕਰ ਨਾ ਕਰੋ 2014 ਮਗਰੋਂ ਮਨਮੋਹਨ ਸਿੰਘ ਦਾ ਹਸ਼ਰ ਵੀ ਇਹੀ ਹੋਣਾ ਹੈ)। ਇਨ੍ਹਾਂ ਨਿੱਕੇ ਚਾਪਲੂਸਾਂ ਦਾ ਹਸ਼ਰ ਤਾਂ ਇਨ੍ਹਾਂ ਤੋਂ ਵੀ ਕਿਤੇ ਮਾੜਾ ਹੋਣਾ ਹੈ।
ਹੁਣ ਆਈ ਗੱਲ ਦਵਿੰਦਰਪਾਲ ਸਿੰਘ ਭੁੱਲਰ ਦੀ। ਮੈਨੂੰ ਪਤਾ ਹੈ ਕਿ ਭਾਰਤ ਸਰਕਾਰ ਨੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਯਕੀਨਨ ਫ਼ਾਂਸੀ ਦੇਣੀ ਹੈ। ਕਾਂਗਰਸ ਪਾਰਟੀ ਨੇ ਭਾਜਪਾ ਦਾ ਫ਼ਿਰਕੂ ਪੱਤਾ, ਨਰਿੰਦਰ ਮੋਦੀ, ਰਾਮ ਮੰਦਰ ਦਾ ਮੁੱਦਾਅ ਵਗ਼ੈਰਾ ਬੇਅਸਰ (ਨਿਊਟਰਲਾਈਜ਼) ਕਰਨ ਵਾਸਤੇ ਪਹਿਲਾਂ ਇਕ ਮੁਸਲਮਾਨ ਅਫ਼ਜ਼ਲ ਗੁਰੁ ਨੂੰ ਚੁਪ ਚੁਪੀਤੇ ਫ਼ਾਂਸੀ ਦਿੱਤੀ ਸੀ ਤੇ ਹੁਣ ਉਨ੍ਹਾਂ ਇਕ ਸਿੱਖ ਨੂੰ ਆਪਣੀਆਂ ਵੋਟਾਂ ਵਾਸਤੇ ਬਲੀ ਦਾ ਬਕਰਾ ਬਣਾਉਣਾ ਹੀ ਹੈ।
ਓਏ ਸਿੱਖੋ! ਤੁਸੀਂ ਇਕ ਕਰੋੜ ਦਸਤਖ਼ਤ ਕਰਵਾ ਰਹੇ ਹੋ; ਹੋ ਵੀ ਜਾਣਗੇ। ਤੁਸੀਂ ਜਰਮਨ, ਇੰਗਲੈਂਡ, ਕਨੇਡਾ, ਅਮਰੀਕਾ ਤੇ ਕੁਝ ਹੋਰ ਮੁਲਕਾਂ ਦੇ ਆਗੂਆਂ ਅਤੇ ਸਰਕਾਰਾਂ ਕੋਲੋਂ ਅਪੀਲਾਂ ਵੀ ਕਰਵਾ ਲਓਗੇ। ਪਰ ਦੇਖ ਲੈਣਾ ਕਾਂਗਰਸ ਸਰਕਾਰ ਇਸ ਸਭ ਨੂੰ ਨਜ਼ਰ ਅੰਦਾਜ਼ ਕਰ ਕੇ ਹਿੰਦੂ ਵੋਟਾਂ ਨੂੰ ਲੈਣਾ ਚਾਹੇਗੀ। ਤੁਸੀਂ ਪੰਜਾਬ ਤੇ ਹੋਰ ਜਗਹ ‘ਤੇ ਵੱਡੇ ਜਲੂਸ ਕੱਢ ਕੇ ਵੇਖ ਲੈਣਾ; ਤੁਸੀਂ ਮਾਰਚ 2012 ਵਿਚ ਰਾਜੋਆਣਾ ਵਾਸਤੇ ਜੋ ਕੀਤਾ ਸੀ ਉਸ ਤੋਂ ਵੀ ਸ਼ਾਇਦ ਵੱਡੇ ਜਲੂਸ ਕੱਢੋਗੇ; ਪਰ ਤੁਸੀਂ ਦੇਖੋਗੇ ਕਿ ਕਾਂਗਰਸ ਨੂੰ ਸਿੱਖਾਂ ਦੀ ਜਾਂ ਇਨਸਾਫ਼ ਦੀ ਕੋਈ ਪਰਵਾਹ ਨਹੀਂ ਹੋਣੀ। ਭੁੱਲਰ ਨੂੰ ਕਾਂਗਰਸ ਸਰਕਾਰ ਯਕੀਨਨ ਸ਼ਹੀਦ ਬਣਾਏਗੀ।
ਪਰ, ਦੂਜੇ ਪਾਸੇ ਕਾਂਗਰਸ ਪਾਰਟੀ ਨੂੰ ਇਸ ਦਾ ਬਹੁਤ ਬਹੁਤ ਵੱਡਾ ਖ਼ਮਿਆਜ਼ਾ ਭੁਗਤਣਾ ਪਵੇਗਾ। 2014 ਦੀਆਂ ਚੋਣਾਂ ਨੂੰ ਸਾਹਵੇਂ ਰੱਖ ਕੇ ਕਾਂਗਰਸ ਇਹ ਫ਼ਿਰਕੂ ਪੱਤਾ ਖੇਡ ਰਹੀ ਹੈ ਤੇ ਚੋਣਾਂ ਜਿੱਤਣ ਵਾਸਤੇ ਇਹ ਸਾਰਾ ਕੁਝ ਕਰ ਰਹੀ ਹੈ ਅਤੇ ਅੱਕੀਂ ਪਲਾਹੀਂ ਹੱਥ ਮਾਰ ਰਹੀ ਹੈ। ਕਾਂਗਰਸ ਨੂੰ ਭਰਮ ਹੈ ਕਿ ਉਹ ਇਸ ਵਿਚ ਕਾਮਯਾਬ ਹੋ ਜਾਵੇਗੀ। ਕਾਂਗਰਸ ਨੂੰ ਇਹ ਨਹੀਂ ਪਤਾ ਕਿ ਜੇ ਇਹ ਭਾਜਪਾ ਤੋਂ ਹਿੰਦੂਆਂ ਦੀ 5% ਫ਼ਿਰਕੂ ਵੋਟ ਖੋਹ ਵੀ ਲਵੇਗੀ ਤਾਂ 10 ਤੋਂ 15% ਤਕ ਮੁਸਲਿਮ ਤੇ ਬਹੁਤ ਸਾਰੀ ਸਿੱਖ ਵੋਟ ਵੀ ਗੁਆ ਲਵੇਗੀ। ਉਤਰ ਪ੍ਰਦੇਸ਼ (20%), ਮੱਧ ਪ੍ਰਦੇਸ਼ (5%), ਮਹਾਂਰਾਸ਼ਟਰ (10%), ਬਿਹਾਰ (15%), ਬੰਗਾਲ (25%), ਅਸਾਮ (30%), ਆਂਧਰਾ (10%), ਕਰਨਾਟਕ (12%), ਤਾਮਿਲਨਾਡੂ (6%) ਮੁਸਲਿਮ ਵੋਟ ਹੈ। ਅਫ਼ਜ਼ਲ ਗੁਰੂ ਨੂੰ ਫ਼ਾਂਸੀ ਦੇ ਕੇ ਕਾਂਗਰਸ ਪਾਰਟੀ ਇਨ੍ਹਾਂ ਵਿਚੋਂ ਬਹੁਤੀ ਵੋਟ ਗੁਆ ਚੁਕੀ ਹੈ। ਅਫ਼ਜ਼ਲ ਗੁਰੂ ਦੀ ਫ਼ਾਂਸੀ ਲੋਕਾਂ ਦੀ ਚੁੱਪ ਦਾ ਮਾਅਨਾ ਇਹ ਨਾ ਸਮਝ ਲੈਣਾ ਕਿ ਲੋਕਾਂ ਨੇ ਕਾਂਗਰਸ ਦੀ ਇਸ ਹਰਕਤ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਹੈ। ਇਹ ਪਤਾ ਉਦੋਂ ਲੱਗੇਗਾ ਜਦ ਇਨ੍ਹਾਂ ਮੁਸਲਮਾਨਾਂ ਦੀ ਵੋਟ ਇਲਾਕਾਈ ਪਾਰਟੀਆਂ ਨੂੰ ਪਏਗੀ। ਇਨ੍ਹਾਂ ਸੂਬਿਆਂ ਵਿਚ ਕਾਂਗਰਸ ਨੂੰ 50 ਤੋਂ 70 ਸੀਟਾਂ ‘ਤੇ ਮਾਰ ਪੈਣ ਦੇ ਆਸਾਰ ਹਨ। ਇੰਞ ਹੀ ਪੰਜਾਬ, ਹਰਿਆਣਾ, ਦਿੱਲੀ, ਯੂ.ਪੀ., ਉਤਰਾਖੰਡ, ਮਹਾਂਰਾਸ਼ਟਰ, ਰਾਜਸਥਾਨ, ਮਧ ਪ੍ਰਦੇਸ਼ ਤੇ ਹੋਰ ਜਗਹ ਦੀ ਸਿੱਖ ਵੋਟ ਕਾਂਗਰਸ ਦੇ ਉਲਟ ਜਾਵੇਗੀ। ਸਿੱਖਾਂ ਦੀਆਂ ਵੋਟਾਂ ਖੁਸਣ ਨਾਲ ਕਾਂਗਰਸ ਨੂੰ 25 ਤੋਂ 30 ਸੀਟਾਂ ‘ਤੇ ਮਾਰ ਪੈਣ ਦੇ ਆਸਾਰ ਹਨ ਜਦ ਕਿ ਫ਼ਿਰਕੂ ਪੱਤਾ ਵਰਤ ਕੇ ਕਾਂਗਰਸ ਨੂੰ 4-5 ਸੀਟਾਂ ਵੀ ਵਾਧੂ ਨਹੀਂ ਮਿਲਣਗੀਆਂ।
ਸੋ, ਭੁੱਲਰ ਨੂੰ ਫ਼ਾਂਸੀ ਦੇਣ ਨਾਲ ਜੋ ਨੁਕਸਾਨ ਕਾਂਗਰਸ ਨੂੰ ਪੰਜਾਬ ਵਿਚ ਉਹ ਬੇਅੰਤ ਹੋਵੇਗਾ। ਬਹੁਤੇ ਲੋਕਾਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਕੀ ਇਹ ਇਤਫ਼ਾਕ ਦੀ ਗੱਲ ਹੈ ਜਾਂ ਕਾਂਗਰਸ ਵਿਚ ਬੈਠੇ ਕਿਸੇ ਐਂਟੀ ਕਾਂਗਰਸ ਸੈੱਲ ਦੀ ਸਾਜ਼ਿਸ਼ ਹੈ ਕਿ ਜਿਸ ਵੇਲੇ ਪੰਜਾਬ ਵਿਚ ਬਾਦਲ ਸਰਕਾਰ ਦੇ ਖ਼ਿਲਾਫ਼ ਮਾਹੌਲ ਬਣਨ ਦੇ ਆਸਾਰ ਹੁੰਦੇ ਹਨ ਤਾਂ ਕੋਈ ਨਾ ਕੋਈ ਅਜਿਹੀ ਹਰਕਤ, ਕਾਰਵਾਈ ਜਾਂ ਬਿਆਨ ਜਾਰੀ ਕਰਵਾ ਦਿੱਤੇ ਜਾਂਦੇ ਹਨ ਜਿਸ ਨਾਲ ਬਾਦਲ ਅਕਾਲੀ ਦਲ ਪਹਿਲਾਂ ਤੋਂ ਵਧ ਤਾਕਤ ਹਾਸਿਲ ਕਰ ਲੈਂਦਾ ਹੈ। ਹੁਣੇ ਜਿਹੇ 4 ਅਪ੍ਰੈਲ ਦੀ ਰਾਤ ਨੂੰ ‘ਸਾਡਾ ਹੱਕ’ ਫ਼ਿਲਮ ‘ਤੇ ਬਾਦਲ ਵੱਲੋਂ ਪਾਬੰਦੀ ਲਾਉਣ ਨਾਲ ਪੰਜਾਬ ਦਾ ਪੰਥਕ ਵੋਟਰ ਬਾਦਲ ਦੇ ਸਖ਼ਤ ਖ਼ਿਲਾਫ਼ ਹੋ ਚੁਕਾ ਸੀ। ਜੇ ਹਰਿਆਣਾ ਅਤੇ ਦਿੱਲੀ ਵਿਚ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਨੇ ਇਸ ਫ਼ਿਲਾਮ ਨੂੰ ਚੱਲਣ ਦਿੱਤਾ ਹੁੰਦਾ ਤਾਂ ਆ ਰਹੀਆਂ ਚੋਣਾਂ ਵਿਚ ਸਿੱਖ ਵੋਟਰਾਂ ਦਾ ਵੱਡਾ ਹਿੱਸਾ ਬਾਦਲ ਦੇ ਵਿਰੋਧ ਭੁਗਤਣਾ ਸੀ। ਪਰ ਹਰਿਆਣਾ ਅਤੇ ਦਿੱਲੀ ਵਿਚ ‘ਸਾਡਾ ਹੱਕ’ ਫ਼ਿਲਮ ‘ਤੇ ਪਾਬੰਦੀ ਲਾ ਕੇ ਕਾਂਗਰਸ ਨੇ ਇਹ ਮੌਕਾ ਵੀ ਗੁਆ ਲਿਆ (ਹਾਲਾਂ ਕਿ ਇਸ ਫ਼ਿਲਮ ਨਾਲ ਕਾਂਗਰਸ ਨੂੰ ਕੋਈ ਜ਼ਰਾ ਮਾਸਾ ਵੀ ਨੁਕਸਾਨ ਨਹੀਂ ਹੋਣਾ ਸੀ)।
ਹੁਣ ਦਵਿੰਦਰ ਸਿੰਘ ਭੁੱਲਰ ਨੂੰ ਫ਼ਾਂਸੀ ਦੇਣ ਦੀ ਸਾਜ਼ਸ਼ ਕੀਤੀ ਜਾ ਰਹੀ ਹੈ, ਪਰ, ਕਾਂਗਰਸ ਨੂੰ ਸਮਝ ਲੈਣਾ ਚਾਹੀਦਾ ਹੈ ਭੁੱਲਰ ਦੀ ਸ਼ਹੀਦੀ ਪੰਜਾਬ ਕਾਂਗਰਸ ਦੇ ਕਫ਼ਨ ਵਿਚ ਕਿੱਲ ਸਾਬਿਤ ਹੋਵੇਗੀ। ਇਸ ਦਾ ਮੁੱਢਲਾ ਅਸਰ ਮਈ ਦੀਆਂ ਪੰਚਾਇਤੀ ਚੋਣਾਂ ਵਿਚ ਹੀ ਦਿੱਸ ਪੈਣਾ ਹੈ, ਪਰ 2014 ਦੀਆਂ ਲੋਕ ਸਭਾ ਚੋਣਾਂ ਵਿਚ ਤਾਂ ਕਾਂਗਰਸ ਦਾ ਸਫ਼ਾਇਆ ਹੋ ਜਾਣ ਦੇ ਆਸਾਰ ਬਣ ਸਕਦੇ ਹਨ। ਭੁੱਲਰ ਨੂੰ ਫ਼ਾਂਸੀ ਦੇਣ ਤੋਂ ਪਹਿਲਾਂ ਕਾਂਗਰਸ ਨੂੰ ਕੰਧ ‘ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ।