ਨਵੀਂ ਦਿੱਲੀ- ਆਪਣੇ ਸਮੇਂ ਦੇ ਪ੍ਰਸਿੱਧ ਅਭਿਨੇਤਾ ਪਰਾਣ ਨੂੰ ਭਾਰਤੀ ਸਿਨੇਮੇ ਦਾ ਸਰਵਉਚ ਅਵਾਰਡ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਨਿਵਾਜਿਆ ਜਾਵੇਗਾ।ਦੇਸ਼ ਦੇ ਸੂਚਨਾ ਅਤੇ ਪਰਸਾਰਣ ਮੰਤਰਾਲੇ ਨੇ ਸ਼ੁਕਰਵਾਰ ਨੂੰ ਇਹ ਐਲਾਨ ਕੀਤਾ ਹੈ।
93 ਸਾਲਾ ਪਰਾਣ ਨੂੰ ਇਹ ਸਨਮਾਨ ਦਿੱਤੇ ਜਾਣ ਤੇ ਉਨ੍ਹਾਂ ਦੇ ਪੁੱਤਰ ਸੁਨੀਲ ਸਿਕੰਦ ਨੇ ਸਵਾਗਤ ਕੀਤਾ ਹੈ।ਪਰਾਣ ਪਿੱਛਲੇ ਕੁਝ ਅਰਸੇ ਤੋਂ ਬਿਮਾਰ ਚੱਲ ਰਹੇ ਹਨ।ਉਨ੍ਹਾਂ ਨੂੰ ਇਹ ਅਵਾਰਡ ਤਿੰਨ ਮਈ ਨੂੰ ਪ੍ਰਦਾਨ ਕੀਤਾ ਜਾਵੇਗਾ। ਇਸ ਸਾਲ ਇਸੇ ਹੀ ਦਿਨ ਭਾਰਤੀ ਸਿਨੇਮਾ 100 ਸਾਲ ਦਾ ਹੋ ਜਾਵੇਗਾ। 400 ਤੋਂ ਵੱਧ ਫਿਲਮਾਂ ਕਰਨ ਵਾਲੇ ਪਰਾਣ ਨੇ 1998 ਵਿੱਚ ਸਿਨੇਮਾ ਤੋਂ ਸੰਨਿਆਸ ਲੈ ਲਿਆ ਸੀ।
1940 ਵਿੱਚ ਹੀਰੋ ਦੇ ਤੌਰ ਤੇ ਫਿਲਮ ‘ਯਮਲਾ ਜੱਟ’ ਤੋਂ ਫਿਲਮੀ ਦੁਨੀਆਂ ਵਿੱਚ ਕਦਮ ਰੱਖਣ ਵਾਲੇ ਪਰਾਣ ਨੇ ਬਾਅਦ ਵਿੱਚ ਖਲਨਾਇਕ ਦੇ ਰੋਲ ਨਿਭਾ ਕੇ ਵੀ ਬਹੁਤ ਸ਼ੋਹਰਤ ਹਾਸਿਲ ਕੀਤੀ। ਆਪਣੇ ਫਿਲਮੀ ਕੈਰੀਅਰ ਦੌਰਾਨ ਬੁਲੰਦੀਆਂ ਤੇ ਰਹਿਣ ਦੌਰਾਨ ਵੱਡੇ ਪਰਦੇ ਤੇ ਨਿਭਾਏ ਗਏ ਵਿਲੇਨ ਦੇ ਕਿਰਦਾਰਾਂ ਨੇ ਦਰਸ਼ਕਾਂ ਦੇ ਮਨ ਉਤੇ ਏਨਾ ਖੌਫ਼ ਪੈਦਾ ਕੀਤਾ ਕਿ ਲੋਕਾਂ ਨੇ ਆਪਣੇ ਬੱਚਿਆਂ ਦੇ ਨਾਂ ਪਰਾਣ ਰੱਖਣੇ ਬੰਦ ਕਰ ਦਿੱਤੇ ਸਨ। ਉਨ੍ਹਾਂ ਨੇ ਜੰਜੀਰ, ਪਰੀਚੇ ਅਤੇਉਪਕਾਰ ਵਰਗੀਆਂ ਸੁਪਰ ਹਿੱਟ ਫਿਲਮਾਂ ਵਿੱਚ ਚੰਗੇ ਦੋਸਤ,ਦਾਦਾ ਅਤੇ ਪਿਤਾ ਦੇ ਕਿਰਦਾਰ ਵੀ ਨਿਭਾਏ ਹਨ। ਪਰਾਣ ਨੂੰ ਸਨਮਾਨ ਮਿਲਣ ਤੇ ਪੰਜਾਬ ਦੇ ਹੁਸਿ਼ਆਰਪੁਰ ਤੋਂ 35 ਕਿਲੋਮੀਟਰ ਦੂਰ ਉਨ੍ਹਾਂ ਦੇ ਜਦੀ ਪਿੰਡ ਭਰੋਵਾਲ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ।