ਅੰਮ੍ਰਿਤਸਰ – ਦਸਤਾਰ ਸਿੱਖ ਦੇ ਸਰੂਪ ਦਾ ਅਨਿਖੜਵਾਂ ਅੰਗ ਹੈ। ਦੁਨੀਆ ਦੇ ਕਿਸੇ ਵੀ ਖਿੱਤੇ ਵਿਚ ਬੈਠਾ ਸਿੱਖ ਆਪਣੀ ਦਸਤਾਰ ਦੀ ਪਹਿਚਾਣ ਸਦਕਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਾਰਿਸ ਕਹਾਉਂਦਾ ਹੈ। ਆਪਣੀ ਇਸ ਦਸਤਾਰ ਦਾ ਅਪਮਾਨ ਕਿਸੇ ਵੀ ਸਿੱਖ ਲਈ ਅਸਹਿ ਹੀ ਨਹੀਂ ਨਾ-ਕਾਬਿਲੇ ਬਰਦਾਸ਼ਤ ਵੀ ਹੈ। ਭਾਵੇਂ ਅਮਰੀਕਾ ਵਿਚ ਦਸਤਾਰ ਦੀ ਪਹਿਚਾਣ ਗਵਾਚਣ ਦਾ ਮਸਲਾ ਹੋਵੇ ਜਾਂ ਫਰਾਂਸ ਵਿਚ ਦਸਤਾਰ ਸਜਾਉਣ ਦੀ ਆਗਿਆ ਨਾ ਮਿਲਣ ਦਾ, ਇਟਲੀ ਵਿਚ ਹਵਾਈ ਅੱਡੇ ਉੱਪਰ ਦਸਤਾਰ ਦੀ ਬੇਅਦਬੀ ਦਾ, ਹਰ ਸਿੱਖ ਲਈ ਇਹ ਤਕਲੀਫ ਦਾ ਵਿਸ਼ਾ ਰਹਿੰਦਾ ਹੈ। ਕਿਉਂੋਕਿ ਅਸੀਂ ਆਪਣੇ ਕੌਮੀ ਵਾਰਸਾਂ ਨੂੰ ਕਦੇ ਇਸ ਦਸਤਾਰ ਦਾ ਮਾਣ ਮਹਿਸੂਸ ਕਰਵਾਉਣ ਲਈ ਕੋਈ ਉਪਰਾਲਾ ਹੀ ਨਹੀਂ ਕੀਤਾ, ਸ਼ਾਇਦ ਇਹੀ ਕਾਰਨ ਹੈ ਕਿ ਪੰਜਾਬ ਵਿਚ ਸਿੱਖ ਨੌਜੁਆਨ ਬਿਨਾਂ ਕਿਸੇ ਵਲੋਂ ਕਿਸੇ ਕਿਸਮ ਦੀ ਧੱਕੇਸ਼ਾਹੀ ਦੇ ਆਪ ਮੁਹਾਰੇ ਹੀ ਆਪਣੀ ਦਸਤਾਰ ਨੂੰ ਉਤਾਰ ਰਹੇ ਹਨ। ਕੀ ਇਹ ਸਾਡੇ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਨਹੀਂ ਹੈ?
ਅਕਾਲ ਪੁਰਖ ਕੀ ਫੋਜ ਵਲੋਂ ਪਿਛਲੇ ਲੰਮੇ ਸਮੇਂ ਤੋਂ ਵੱਖ-ਵੱਖ ਤਰੀਕਿਆਂ ਨਾਲ ਪੰਥਕ ਕਾਰਜ ਕਰਦੇ ਹੋਏ ਸਿੱਖ ਧਰਮ ਦਾ ਪ੍ਰਚਾਰ ਕਰਨ ਦੇ ਨਾਲ-ਨਾਲ ਸਿੱਖ ਨੌਜੁਆਨੀ ਨੂੰ ਸੰਭਾਲਣ ਅਤੇ ਯੋਗ ਦਿਸ਼ਾ-ਨਿਰਦੇਸ਼ ਦੇ ਕੇ ਗੁਰਮਤਿ ਗਾਡੀ ਰਾਹ ਪੁਰ ਚਲਾਉਣ ਹਿਤ ਪ੍ਰੇਰਦੇ ਹੋਏ ਬਹੁਤ ਸਾਰੇ ਅਜਿਹੇ ਪ੍ਰੋਗਰਾਮ ਉਲੀਕੇ ਜਾਂਦੇ ਹਨ, ਜਿਸਦਾ ਸਦਕਾ ਨੌਜੁਆਨ ਆਪਣੇ ਵਿਰਸੇ ਨਾਲ ਜੁੜ ਕੇ ਸਿੱਖ ਧਰਮ ਨੂੰ ਅਪਣਾ ਗੁਰੂ ਵਾਲੇ ਬਣ ਕੇ ਸਿੱਖੀ ਦਾ ਪ੍ਰਚਾਰ ਵੀ ਕਰ ਰਹੇ ਹਨ। ਇਸੇ ਤਹਿਤ ਅੱਜ ਮਿਤੀ 13 ਅਪ੍ਰੈਲ 2013 ਨੂੰ ਉੱਚਾ ਪੁੱਲ ਹਾਲ ਗੇਟ, ਸ੍ਰੀ ਅੰਮ੍ਰਿਤਸਰ ਤੋਂ ਇਕ ਵਿਸ਼ਾਲ ਮਾਰਚ ਅਰੰਭ ਹੋ ਕੇ ਡਰਾਈ ਫਰੂਟ ਚੌਂਕ ਹਾਲ ਗੇਟ ਤੋਂ ਹੁੰਦਾ ਹੋਇਆ ਕੋਤਵਾਲੀ, ਧਰਮ ਸਿੰਘ ਮਾਰਕੀਟ, ਜਲਿਆਂਵਾਲਾ ਬਾਗ, ਘੰਟਾ ਘਰ ਚੌਂਕ ਤੋਂ ਹੁੰਦਾ ਹੋਇਆ ਸਿੱਖ ਧਰਮ ਦੇ ਸਰਵਉੱਚ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਪੁੱਜਾ। ਸਮੁੱਚੇ ਦਸਤਾਰ ਮਾਰਚ ਅੰਦਰ ਗੁਰਸਿੱਖ ਮਾਈ-ਭਾਈ ਅਤੇ ਬੱਚੇ-ਬੱਚੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਇਸ ਸਮੇਂ ਸੰਸਾਰ ਨੂੰ ਦਸਤਾਰ ਪ੍ਰਤੀ ਜਾਗਰੂਕ ਕਰਨ ਹਿਤ ਵੱਖ-ਵੱਖ ਸਲੋਗਨ ਜਿਵੇਂ ‘ਸਾਬਤ ਸੂਰਤ ਦਸਤਰ ਸਿਰਾ’, ‘ਦਸਤਾਰ ਸਿੱਖ ਦੀ ਸ਼ਾਨ ਹੈ’, ‘ਦਸਤਾਰ ਨਾਲ ਤੇਰੀ ਸਰਦਾਰੀ ਖਾਲਸਾ’ ਵੀ ਪ੍ਰਦਰਸ਼ਿਤ ਕੀਤੇ ਜਾ ਰਹੇ ਸਨ, ਜਿਨ੍ਹਾ ਦਾ ਮੁੱਖ ਉਦੇਸ਼ ਦਸਤਾਰ ਪ੍ਰਤੀ ਪਿਆਰ ਨੂੰ ਉਜਾਗਰ ਕਰਨਾ, ਜਿਹੜੇ ਸਿੱਖ ਪਰਿਵਾਰ ਦਸਤਾਰ ਨੂੰ ਤਿਲਾਂਜਲੀ ਦੇ ਚੁੱਕੇ ਅਤੇ ਕੇਸ ਕਟਵਾ ਚੁੱਕੇ ਹਨ ਉਨ੍ਹਾ ਨੂੰ ਇਹ ਸੰਦੇਸ਼ ਦੇਣਾ ਸੀ ਕਿ ਉਹ ਸਿੱਖ ਹੋਣ ਦੇ ਨਾਤੇ ਦਸਤਾਰ ਜਰੂਰ ਸਜਾਇਆ ਕਰਨ ਅਤੇ ਸੰਸਾਰ ਭਰ ਅੰਦਰ ਦਸਤਾਰ ਦੀ ਹੋ ਰਹੀ ਬੇਅਦਬੀ ਨੂੰ ਰੋਕਣ ਲਈ ਦਿੜ੍ਹ ਸੰਕਲਪ ਹੋਣਾ ਸੀ। ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੈ ਮਾਰਚ ਪੁੱਜਣ ਉਪਰੰਤ ਅਰਦਾਸੀਏ ਸਿੰਘ ਵਲੋਂ ਸਿੱਖ ਕੌਮ ਦੀ ਚੜ੍ਹਦੀ ਕਲਾ ਅਤੇ ਵਿਲੱਖਣ ਹੋਂਦ ਦੀ ਸਦੀਵੀ ਕਾਇਮੀ ਲਈ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕਰਨ ਉਪਰੰਤ ਮਾਰਚ ਸੰਪੰਨ ਹੋਇਆ।
ਇਸ ਮੌਕੇ ਅਕਾਲ ਪੁਰਖ ਕੀ ਫੋਜ ਦੇ ਡਾਇਰੈਕਟਰ ਸ੍ਰ. ਜਸਵਿੰਦਰ ਸਿੰਘ ਜੀ ਐਡਵੋਕੇਟ ਨੇ ਪ੍ਰੈਸ ਰੀਲੀਜ਼ ਵਿਚ ਦੱਸਿਆ ਕਿ ਸੰਸਾਰ ਅੰਦਰ ਸਿੱਖਾਂ ਦੀ ਹੋਂਦ ਨੂੰ ਸਹੀ ਰੂਪ ਵਿਚ ਪੇਸ਼ ਕਰਨ ਹਿਤ, ਪੰਜਾਬ ਅਤੇ ਪੰਜਾਬੋਂ ਬਾਹਰ ਦੇਸ਼ਾਂ-ਵਿਦੇਸ਼ਾਂ ਵਿਚ ਸਿੱਖ ਦੀ ਦਸਤਾਰ ਨੂੰ ਪੇਸ਼ ਚੁਣੌਤੀਆਂ ਦੇ ਖਾਤਮੇ ਲਈ ਅਤੇ ਦਸਤਾਰ ਨਾਲੋਂ ਟੁੱਟ ਚੁੱਕੇ ਵੀਰਾਂ ਨੂੰ ਮੁੱਖ ਧਾਰਾ ਵਿਚ ਸ਼ਾਮਲ ਕਰਕੇ ਇਕ ਦਸਤਾਰਧਾਰੀ ਸਿੱਖ ਦੇ ਰੂਪ ਵਿਚ ਉਨ੍ਹਾ ਦੀ ਸੁੰਦਰ ਦਿੱਖ ਦਾ ਅਹਿਸਾਸ ਕਰਵਾਉਣ ਲਈ ਸੰਸਾਰ ਭਰ ਵਿਚ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਅੱਜ 13 ਅਪ੍ਰੈਲ ਦਾ ਦਿਨ ‘ਸਿੱਖ ਦਸਤਾਰ ਦਿਵਸ’ ਵਜੋਂ ਮਨਾਇਆ ਗਿਆ ਹੈ। ਇਸ ਰੋਜ਼ ਸੰਸਾਰ ਵਿਚਲਾ ਹਰ ਗੁਰਸਿੱਖ ਮਾਈ-ਭਾਈ ਜੋ ਕਿ ਦਸਤਾਰ ਨਾਲ ਪਿਆਰ ਰੱਖਦਾ ਹੈ, ਇਸ ਮੁਹਿੰਮ ਦਾ ਹਿੱਸਾ ਬਣ ਸਿੱਖ ਕੌਮ ਦਾ ਪ੍ਰਤੀਨਿਧ ਬਣ ਕੇ ਨਿਤਰਦਾ ਹੋਇਆ ਸੰਸਾਰ ਭਰ ਨੂੰ ਇਹ ਸੰਦੇਸ਼ ਦਿੰਦਾ ਹੈ ਕਿ ਸਿੱਖ ਕੌਮ ਇਕ ਵਿਲੱਖਣ ਕੌਮ ਹੈ। ਉਨ੍ਹਾ ਦੱਸਿਆ ਕਿ ਇਸ ਸਮੁੱਚੇ ‘ਸਿੱਖ ਦਸਤਾਰ ਮਾਰਚ’ ਦਾ ਮੁੱਖ ਉਦੇਸ਼ ਸੰਸਾਰ ਭਰ ਅੰਦਰ ਸਿੱਖਾਂ ਦੀ ਦਸਤਾਰ ਨਾਲ ਹੋ ਰਹੀਆਂ ਵਧੀਕੀਆਂ ਨੂੰ ਰੋਕਣਾ ਅਤੇ ਗੁਰੂ ਸਾਹਿਬਾਨ ਵਲੋਂ ਆਪਣੇ ਸਿੱਖਾਂ ਨੂੰ ਸੌਂਪੀ ਗਈ ਗੋਰਵਮਈ ਵਿਰਸੇ ਦੀ ਪ੍ਰਤੀਕ ਦਸਤਾਰ ਨਾਲੋਂ ਤੋੜ ਵਿਛੋੜਾ ਕਰ ਚੁੱਕੇ ਭੁੱਲੇ-ਭਟਕੇ ਵੀਰਾਂ ਨੂੰ ਇਸ ਦੀ ਮਹੱਤਤਾ ਦਾ ਅਹਿਸਾਸ ਕਰਵਾਉਣਾ ਹੈ।
ਅੰਮ੍ਰਿਤਸਰ ਤੋਂ ਬਾਹਰ ਫਗਵਾੜਾ, ਜਲੰਧਰ, ਲੁਧਿਆਣਾ, ਮੋਗਾ, ਹਰਿਆਣਾ, ਦਿੱਲੀ ਤੋਂ ਇਲਾਵਾ ਨਾਗਪੁਰ, ਕਾਨਪੁਰ, ਸੰਭਲਪੁਰ, ਰਾਏਪੁਰ, ਰਾਜਸਥਾਨ ਆਦਿ ਸਾਰੇ ਸ਼ਹਿਰਾਂ ਅਤੇ ਵਿਦੇਸ਼ਾਂ ਵਿਚ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਵਿਖੇ ਵੀ ਅਕਾਲ ਪੁਰਖ ਕੀ ਫੌਜ ਵੱਲੋਂ ਇਹ ਦਿਨ ਮਨਾਇਆ ਗਿਆ ਹੈ ਅਤੇ ਵੱਖ-ਵੱਖ ਸਲੋਗਨਾਂ ਨਾਲ ਦਸਤਾਰ ਦੀ ਸਨਮਾਨ ਬਹਾਲੀ ਲਈ ਸਮੁੱਚੇ ਪੰਥ ਨੂੰ ਇਕਜੁਟ ਹੋਣ ਦਾ ਸੱਦਾ ਦਿੱਤਾ ਗਿਆ।
ਇਸ ਮੌਕੇ ਸ੍ਰ. ਜਸਵਿੰਦਰ ਸਿੰਘ ਜੀ ਐਡਵੋਕੇਟ, ਸ੍ਰ. ਰਜਿੰਦਰ ਸਿੰਘ ਜੀ ਮਹਿਤਾ ਮੈਂਬਰ ਸ਼੍ਰੋਮਣੀ ਗੁ. ਪ੍ਰ. ਕਮੇਟੀ, ਬਲਵਿੰਦਰ ਸਿੰਘ ਜੋੜਾਸਿੰਘਾ ਐਡੀ: ਸਕੱਤਰ ਸ਼੍ਰੋਮਣੀ ਕਮੇਟੀ, ਕੁਲਜੀਤ ਸਿੰਘ ਸਿੰਘ ਬ੍ਰਦਰਜ਼, ਇੰਜੀ: ਜਸਪਾਲ ਸਿੰਘ, ਜਸਵਿੰਦਰ ਸਿੰਘ, ਅਮਰਜੀਤ ਸਿੰਘ ਕੌਂਸਲਰ, ਹਰਜੀਤ ਸਿੰਘ ਨੈਸ਼ਨਲ ਕਮਾਂਡਰ, ਜਸਵਿੰਦਰ ਸਿੰਘ ਜੱਸੀ, ਤਰਸੇਮ ਸਿੰਘ, ਮੋਹਨਦੀਪ ਸਿੰਘ ਤੋਂ ਇਲਾਵਾ ਅਕਾਲ ਪੁਰਖ ਕੀ ਫੌਜ ਦੀਆਂ ਸਮੁੱਚੀਆਂ ਯੂਨਿਟਾਂ ਅਤੇ ਹਰ ਉਮਰ ਦੇ ਬਜ਼ੁਰਗਾਂ ਅਤੇ ਬੱਚਿਆਂ ਨੇ ਇਸ ਵਿਸ਼ਾਲ ਮਾਰਚ ਵਿਚ ਭਾਗ ਲਿਆ।