ਸਾਊਥਾਲ, ਇੰਗਲੈਂਡ: 13 ਤੇ 14 ਅਪਰੈਲ 2013 ਦੋਵੇਂ ਦਿਨ ਇੰਗਲੈਂਡ ਭਰ ਵਿਚ ਸੰਗਤਾਂ ਨੇ ਵਿਸਾਖੀ ਦਾ ਪੁਰਬ ਭਰਪੂਰ ਸ਼ਰਧਾ ਅਤੇ ਉਤਸਾਹ ਨਾਲ ਮਨਾਇਆ। ਸਾਰੇ ਗੁਰਦੁਆਰਿਆਂ ਵਿਚ ਉਚੇਚੇ ਦੀਵਾਨ ਸਜਾਏ ਗਏ ਅਤੇ ਸੰਗਥਾਂ ਹੁਮ ਹੁਮਾ ਕੇ ਵੱਡੀ ਗਿਣਤੀ ਵਿਚ ਪੁੱਜੀਆਂ।
ਇੰਗਲੈਂਡ ਵਿਚ ਸਿੱਖ-ਨਗਰ ਵਜੋਂ ਜਾਣੇ ਜਾਂਦੇ ਸਾਊਥਾਲ ਵਿਚ ਗੁਰਦੁਆਰਾ ਮੀਰੀ ਪੀਰੀ ਵਿਚ ਵਿਸਾਖੀ ਪੁਰਬ ਤੇ ਮੌਕੇ ‘ਤੇ ਦੂਰ ਦੁਰ ਤੋਂ ਸੰਗਤਾਂ ਨਿਸ਼ਾਨ ਸਾਹਿਬ ਦੇ ਚੋਲੇ ਬਦਲਣ ਦੀ ਰਸਮ ਵਿਚ ਸ਼ਾਮਿਲ ਹੋਣ ਵਾਸਤੇ ਪੁੱਜੀਆਂ ਹੋਈਆਂ ਸਨ। ਇਸ ਸਮੇਂ ਉਘੇ ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਬ੍ਰਿਮਿੰਘਮ ਤੋਂ ਉਚੇਚੇ ਤੌਰ ‘ਤੇ ਪੁੱਜੇ ਹੋਏ ਸਨ। ਉਨ੍ਹਾਂ ਨੇ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਦੀ ਸੇਵਾ ਵਿਚ ਹਿੱਸਾ ਵੀ ਪਾਇਆ ਅਤੇ ਨਾਲ ਹੀ ਸੰਗਤਾਂ ਅਤੇ ਪ੍ਰਬੰਧਕਾਂ ਨੂੰ ਦੱਸਿਆ ਕਿ ਗੁਰੁ ਸਾਹਿਬ ਵੇਲੇ ਨਿਸ਼ਾਨ ਸਾਹਿਬ ਦਾ ਰੰਗ ਨੀਲਾ ਹੁੰਦਾ ਸੀ ਅਤੇ ਭਗਵਾ, ਪੀਲਾ ਤੇ ਕੇਸਰੀ ਰੰਗ ਉਦਾਸੀਆਂ ਅਤੇ ਨਿਰਮਲਿਆਂ ਦੇ ਝੰਡਿਆਂ ਦੇ ਸਨ ਜੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਮਹੰਤਾਂ ਨੇ ਗੁਰਦੁਆਰਿਆਂ ਵਿਚ ਝੁਲਾ ਦਿੱਤੇ ਸਨ। ਇਸ ‘ਤੇ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਛੇਤੀ ਹੀ ਗੁਰਦੁਆਰੇ ਵਿਚ ਗੁਰੁ ਦਾ ਨਿਸ਼ਾਨ ਸਾਹਿਬ ਕਾਇਮ ਕਰਨਗੇ।
ਇਸ ਮੌਕੇ ‘ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਜਸਵੰਤ ਸਿੰਘ ਠੇਕੇਦਾਰ ਨੇ ਡਾ ਦਿਲਗੀਰ ਦਾ ਵਿਸ਼ੇਸ਼ ਸਨਮਾਨ ਕੀਤਾ। ਸਮਾਗਮ ਤੋਂ ਮਗਰੋਂ ਅਫ਼ਗ਼ਾਨਿਸਤਾਨ ਦੇ ਸ. ਨਿਰੰਜਨ ਸਿੰਘ ਕਪੂਰ ਨੇ ਉਨ੍ਹਾਂ ਨਾਲ ਆਪਣੇ ਮੁਲਕ ਵਿਚ ਸਿੱਖਾਂ ਦੀ ਹਾਲਤ ਬਾਰੇ ਡੂੰਘੀਆਂ ਵਿਚਾਰਾਂ ਕੀਤੀਆਂ।