ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ ।
ਤੀਲਾ-ਤੀਲਾ ਕਰ ਮੇਰਾ ਘਰ ਨਾ ਉਜਾੜਿਓ ।
ਬੜਾ ਮਜ਼ਾ ਆਉਂਦਾ ਲੋਕੋ ਕਿਰਤ ਕਮਾਈ ਦਾ ।
ਆਪਣਾ ਹੀ ਕਰੀਦਾ ਤੇ ਆਪਣਾ ਹੀ ਖਾਈਦਾ ।
ਰੁੱਖੀ-ਮਿੱਸੀ ਰੋਟੀ ਦਿਓ , ਅਜ਼ਬ ਨਜ਼ਾਰਿਓ ,
ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ।
ਤੀਲਾ-ਤੀਲਾ ਕਰ ਮੇਰਾ ਘਰ ਨਾ ਉਜਾੜਿਓ ।
ਬਾਲੜੀ ਦੇ ਸਿਰ ਉਤੇ ਚੁੰਨੀ ਲੀਰੋ ਲੀਰ ਹੈ।
ਹੱਥ ਅੱਡ ਮੰਗਣੇਂ ਦੀ ਪੈਰਾਂ ‘ਚ ਜੰਜੀਰ ਹੈ ।
ਖ਼ੂਨ ਸਾਡਾ ਪੀਤਾ ਤੁਸਾਂ ਰੰਗਲੇ ਚੁਬਾਰਿਓ ,
ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ।
ਤੀਲਾ-ਤੀਲਾ ਕਰ ਮੇਰਾ ਘਰ ਨਾ ਉਜਾੜਿਓ ।
ਵੇਖੋ! ਮੇਰਾ ਭੁੱਖਾ-ਭਾਣਾ ਸੁੱਤਾ ਪਰਵਾਰ ਹੈ ।
ਪੀ ਕੇ ਸਾਡਾ ਖ਼ੂਨ ਕੋਈ ਮਾਰਦਾ ਡਕਾਰ ਹੈ ।
ਕਢ੍ਹਿਉ ਨਾ ਗਾਲਾਂ ਮੈਨੂੰ ਝਿੜਕਾਂ ਨਾ ਮਾਰਿਓ ,
ਤੀਲਾ-ਤੀਲਾ ਕਰ ਮੇਰਾ ਘਰ ਨਾ ਉਜਾੜਿਓ ।
ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ।
ਬੰਗਲਾ ਬਣਾਇਆ ਅਸੀਂ ਵਢ੍ਹੇ ਸਰਦਾਰ ਦਾ ।
ਫਿਰ ਵੀ ਉਹ “ਸੁਹਲ” ਉਤੇ ਜ਼ੁਲਮ ਗੁਜ਼ਾਰਦਾ।
ਸੁਣ ਮੇਰੀ ਗੱਲ ਬੋਲੋ! ਚੰਨ ਤੇ ਸਿਤਾਰਿਓ ,
ਤੀਲਾ-ਤੀਲਾ ਕਰ ਮੇਰਾ ਘਰ ਨਾ ਉਜਾੜਿਓ ।
ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ।
ਕੀ ਆਖਾਂ ਲੋਕੋ ਆਈਆਂ ਗਈਆਂ ਸਰਕਾਰਾਂ ਨੂੰ।
ਹੱਕ ਸਾਡਾ ਖਾਧਾ ਪੁਛੋ! ਦੇਸ਼ ਦੇ ਗ਼ਦਾਰਾਂ ਨੂੰ ।
ਜੋਕਾਂ ਵਾਂਗ ਚੰਬੜੋ ਨਾ ਖ਼ੂਨੀ ਹਤਿਆਰਿਓ ,
ਤੀਲਾ-ਤੀਲਾ ਕਰ ਮੇਰਾ ਘਰ ਨਾ ਉਜਾੜਿਓ ।
ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ