ਇਸਲਾਮਾਬਾਦ- ਇਲੈਕਸ਼ਨ ਟਰੀਬਿਊਨਲ ਨੇ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ਰੱਫ਼ ਨੂੰ ਕਰਾਰਾ ਝਟਕਾ ਦਿੰਦੇ ਹੋਏ ਅਗਲੇ ਮਹੀਨੇ ਹੋਣ ਵਾਲੀਆਂ ਆਮ ਚੋਣਾਂ ਵਿੱਚ ਉਨ੍ਹਾਂ ਦੇ ਉਮੀਦਵਾਰ ਦੇ ਤੌਰ ਤੇ ਇਨ੍ਹਾਂ ਚੋਣਾਂ ਵਿੱਚ ਹਿੱਸਾ ਲੈਣ ਤੇ ਰੋਕ ਲਗਾ ਦਿੱਤੀ ਹੈ। ਟਰੀਬਿਉਨਲ ਨੇ ਇਸਲਾਮਾਬਾਦ, ਚਿਤਰਾਲ,ਕਰਾਚੀ ਅਤੇ ਕਸੂਰ ਸੰਸਦੀ ਖੇਤਰਾਂ ਤੋਂ ਮੁਸ਼ਰੱਫ਼ ਦੀ ਉਮੀਦਵਾਰੀ ਖਤਮ ਕਰ ਦਿੱਤੀ ਹੈ।
ਜਨਰਲ ਮੁਸ਼ਰੱਫ਼ ਨੇ ਰੀਟਰਨਿੰਗ ਅਫਸਰ ਦੇ ਉਸ ਫੈਸਲੇ ਨੂੰ ਟਰੀਬਿਊਨਲ ਵਿੱਚ ਚੁਣੌਤੀ ਦਿੱਤੀ ਸੀ ਜਿਸ ਨੇ ਉਸ ਦੇ ਨਾਮੀਨੇਸ਼ਨ ਖਾਰਿਜ਼ ਕਰ ਦਿੱਤੇ ਸਨ।ਟਰੀਬਿਉਨਲ ਨੇ ਵੀ ਚਾਰ ਸੀਟਾਂ ਤੇ ਮੁਸ਼ਰੱਫ਼ ਦਾ ਨਾਮੀਨੇਸ਼ਨ ਰੱਦ ਕਰਕੇ ਰੀਟਰਨਿੰਗ ਅਫਸਰ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ।ਉਨ੍ਹਾਂ ਦੀ ਉਮੀਦਵਾਰੀ ਦਾ ਇਸ ਕਰਕੇ ਵਿਰੋਧ ਕੀਤਾ ਗਿਆ ਹੈ ਕਿ ਉਨ੍ਹਾਂ ਨੇ 2007 ਵਿੱਚ ਐਮਰਜੰਸੀ ਲਗਾ ਕੇ ਸੰਵਿਧਾਨ ਦਾ ਉਲੰਘਣ ਕੀਤਾ ਸੀ। ਇਸ ਸਬੰਧੀ ਇਤਰਾਜ਼ ਕੀਤੇ ਜਾਣ ਕਰਕੇ ਹੀ ਚੋਣ ਕਮਿਸ਼ਨ ਨੇ ਇਹ ਨਾਮੀਨੇਸ਼ਨ ਰੱਦ ਕੀਤੇ ਸਨ। ਪਾਕਿਸਤਾਨ ਵਿੱਚ 11 ਮਈ ਨੂੰ ਨੈਸ਼ਨਲ ਅਤੇ ਸੂਬਾ ਅਸੈਂਬਲੀਆਂ ਦੀਆਂ ਚੋਣਾਂ ਹੋ ਰਹੀਆਂ ਹਨ। ਦੇਸ਼ ਦੇ 66 ਸਾਲਾਂ ਦੇ ਇਤਿਹਾਸ ਵਿੱਚ ਪਹਿਲਾ ਡੈਮੋਕਰੇਟਿਕ ਬਦਲਾਅ ਹੈ। 69 ਸਾਲਾ ਮੁਸ਼ਰੱਫ਼ ਦੇ ਇਨ੍ਹਾਂ ਚੋਣਾਂ ਵਿੱਚ ਚੋਣ ਲੜਨ ਦੇ ਮਨਸੂਬੇ ਤੇ ਪਾਣੀ ਫਿਰ ਗਿਆ ਹੈ।