ਭਦੌੜ,(ਜੀਵਨ)- ਭਦੌੜ-ਬਰਨਾਲਾ ਰੋਡ ’ਤੇ ਸਥਿੱਤ ਬਿਜਲੀ ਗਰਿਡ ਦੇ ਪਿਛਲੇ ਪਾਸੇ ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ ਕਾਰਨ 33 ਏਕੜ ਖੜੀ ਕਣਕ ਸੜ ਕੇ ਸੁਆਹ ਹੋ ਗਈ। ਸੂਚਨਾਂ ਮਿਲਦਿਆਂ ਹੀ ਬਰਨਾਲਾ ਤੋਂ ਫਾਇਰ ਬ੍ਰਿਗੇਡ ਦੀ ਟੀਮ ਆਪਣੀਆਂ ਦੋ ਅੱਗ ਬੁਝਾਊ ਗੱਡੀਆਂ ਸਮੇਤ ਪੁੱਜ ਗਈ ਅਤੇ ਆਸ ਪਾਸ ਦੇ ਲੋਕਾਂ ਦੀ ਮੱਦਦ ਸਮੇਤ ਕਾਫੀ ਮੁਸੱਕਤ ਨਾਲ ਲੱਗਭੱਗ ਦੋ ਘੰਟਿਆਂ ਮਗਰੋਂ ਅੱਗ ’ਤੇ ਕਾਬੂ ਪਾਇਆ।
ਜਾਣਕਾਰੀ ਮੁਤਾਬਿਕ ਕਿਸਾਨ ਜੋਗਿੰਦਰ ਸਿੰਘ ਦੇ 5 ਏਕੜ, ਤਰਲੋਚਨ ਸਿੰਘ ਦੇ 10 ਏਕੜ, ਕੇਹਰ ਸਿੰਘ ਦੇ 3 ਏਕੜ, ਰਾਜਦੀਪ ਸਿੰਘ ਦੇ 2 ਏਕੜ, ਰਾਮਚੰਦਰ ਸ਼ਰਮਾ ਦੇ 10 ਏਕੜ, ਜੀਤ ਸਿੰਘ ਦੇ 3 ਏਕੜ ਕਣਕ ਸੜ ਕੇ ਸੁਆਹ ਹੋ ਗਈ। ਘਟਨਾ ਸਥਾਨ ’ਤੇ ਹਾਜਰ ਉਕਤ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਖੇਤਾਂ ’ਚੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ ਹੋ ਗਈ ਅਤੇ ਚੰਗਿਆੜੀਆਂ ਕਾਰਨ ਕਟਾਈ ਲਈ ਤਿਆਰ ਖੜੀ ਕਣਕ ਦੀ ਫਸ਼ਲ ਨੂੰ ਅੱਗ ਲੱਗ ਗਈ। ਹਵਾ ਦੇ ਤੇਜ਼ ਵਹਿਣ ਕਾਰਨ ਦੇਖਦਿਆਂ ਹੀ ਦੇਖਦਿਆਂ ਅੱਗ ਭਿਆਨਕ ਰੂਪ ਧਾਰ ਗਈ। ਘਟਨਾ ਦੇ ਤੁਰੰਤ ਬਾਅਦ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸੂਚਨਾਂ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੇ ਅਧਿਕਾਰੀ ਲਾਮ ਲਸਕਰ ਸਮੇਤ ਕੁਝ ਕੁ ਮਿੰਟਾਂ ’ਚ ਪੁੱਜ ਗਏ ਅਤੇ ਇਕੱਤਰ ਲੋਕਾਂ ਦੀ ਮੱਦਦ ਨਾਲ ਅੱਗ ’ਤੇ ਕਾਬੂ ਪਾਉਣਾਂ ਸ਼ੁਰੂ ਕਰ ਦਿੱਤਾ। ਲੱਗਭੱਗ ਦੋ ਘੰਟਿਆਂ ਦੀ ਕਰੜੀ ਮੁਸੱਕਤ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਮੌਕੇ ’ਤੇ ਥਾਣਾ ਮੁਖੀ ਭੁਪਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਪੁੱਜ ਗਏ। ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ ਵੀ ਹਲਕੇ ਦੇ ਦੌਰੇ ’ਤੇ ਹੋਣ ਕਾਰਨ ਮੌਕੇ ’ਤੇ ਪਹੁੰਚ ਗਏ ਅਤੇ ਪੀੜਿਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਜਦੋਂ ਇਸ ਸਬੰਧੀ ਐਸਡੀਓ ਸੁਸੀਲ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇੰਸੂਲੇਟਰ ਤੇ ਪਟਾਕਾ ਪੈਣ ਕਾਰਨ ਤਾਰ ਟੁੱਟ ਗਈ ਜਿਸ ਕਰਕੇ ਸਪਾਰਕਿੰਗ ਹੋਣ ਕਾਰਨ ਅੱਗ ਲੱਗ ਗਈ।