ਪੰਜਾਬੀ ਯੂਨੀਵਰਸਿਟੀ ਵਲੋਂ ਗਲੋਬਲ ਪੱਧਰ ਉਤੇ ਨਵੀਂ ਪਛਾਣ ਸਥਾਪਿਤ ਕਰਦਿਆਂ ਵਿਸ਼ਵ ਭਾਈਚਾਰੇ ਲਈ ਇਕ ਨਵਾਂ ਅਕਾਦਮਿਕ ਪ੍ਰੋਗਰਾਮ ਆਰੰਭ ਕੀਤਾ ਹੈ। ਇਸ ਅਕਾਦਮਿਕ ਪ੍ਰੋਗਰਾਮ ਦਾ ਨਾਮ ਗੁਰਮਤਿ ਗਿਆਨ ਆਨ ਲਾਈਨ ਟੀਚਿੰਗ ਹੈ। ਵਿਦੇਸ਼ਾਂ ਵਿਚ ਵਸਦੇ ਪੰਜਾਬੀ ਭਾਈਚਾਰੇ ਵਲੋਂ ਪੰਜਾਬੀ ਯੂਨੀਵਰਸਿਟੀ ਤੋਂ ਆਪਣੀ ਨਵੀਂ ਪੀੜ੍ਹੀ ਨੂੰ ਆਪਣੀ ਭਾਸ਼ਾ, ਸੰਗੀਤ ਅਤੇ ਸਭਿਆਚਾਰ ਨਾਲ ਜੋੜਨ ਲਈ ਨਿਰੰਤਰ ਇਹ ਆਸ ਕੀਤੀ ਜਾ ਰਹੀ ਸੀ ਜਿਸ ਨੂੰ ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਵਿਚ ਪਹਿਲੀ ਵਾਰ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਅਤੇ ਡਾ. ਗੁਰਨਾਮ ਸਿੰਘ, ਫਾਊਂਡਰ ਪ੍ਰੋਫੈਸਰ ਤੇ ਮੁਖੀ, ਗੁਰਮਤਿ ਸੰਗੀਤ ਚੇਅਰ-ਗੁਰਮਤਿ ਸੰਗੀਤ ਵਿਭਾਗ ਦੀ ਅਗਵਾਈ ਵਿਚ ਗੁਰਮਤਿ ਸੰਗੀਤ ਚੇਅਰ-ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਸੰਪੂਰਣ ਕੀਤਾ ਹੈ। ਪੰਜਾਬੀ ਯੂਨੀਵਰਸਿਟੀ ਵਲੋਂ ਗੁਰਮਤਿ ਗਿਆਨ ਆਨ ਲਾਈਨ ਟੀਚਿੰਗ ਦੇ ਅੰਤਰਗਤ ਐਲੀਮੈਂਟਰੀ ਕੋਰਸ, ਫਾਊਂਡੇਸ਼ਨ ਕੋਰਸ, ਸਰਟੀਫਿਕੇਟ ਕੋਰਸ, ਅੰਡਰ ਗ੍ਰੈਜੂਏਟ ਡਿਪਲੋਮਾ ਅਤੇ ਪੋਸਟ ਗ੍ਰੈਜੂਏਟ ਡਿਪਲੋਮਾ ਦੇ ਵੱਖ-ਵੱਖ ਕੋਰਸ ਆਰੰਭ ਕੀਤੇ ਗਏ ਹਨ। ਇਨ੍ਹਾਂ ਕੋਰਸਾਂ ਵਿਚ ਗੁਰਮੁਖੀ, ਗੁਰਮਤਿ ਅਧਿਐਨ ਅਤੇ ਗੁਰਮਤਿ ਸੰਗੀਤ ਦੀ ਅਧਿਐਨ ਤੇ ਸਿਖਲਾਈ ਕਰਵਾਈ ਜਾਵੇਗੀ। ਗੁਰਮਤਿ ਸੰਗੀਤ ਨੂੰ ਇਸ ਦੀ ਗਾਇਨ ਪਰੰਪਰਾ ਤੋਂ ਇਲਾਵਾ ਰਬਾਬ, ਸਾਰੰਦਾ, ਤਾਊਸ, ਦਿਲਰੁਬਾ, ਤਬਲਾ, ਪਖਾਵਜ ਆਦਿ ਸਾਜ਼ਾਂ ਦੀ ਆਨ ਲਾਈਨ ਸਿਖਲਾਈ ਦਾ ਇਨ੍ਹਾਂ ਕੋਰਸਾਂ ਵਿਚ ਵਿਸ਼ੇਸ਼ ਪ੍ਰਬੰਧ ਹੈ। ਗੁਰਮਤਿ ਅਧਿਐਨ ਕੋਰਸਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ, ਸਿੱਖ ਮਰਿਆਦਾ ਅਤੇ ਸਿੱਖ ਧਰਮ ਬਾਰੇ ਸਰਬਾਂਗੀ ਜਾਣਕਾਰੀ ਦਿਤੀ ਜਾ ਰਹੀ ਹੈ। ਪੰਜਾਬੀ ਯੂਨੀਵਰਸਿਟੀ ਦੀ ਪੰਜਾਬੀ ਸਾਹਿਤ ਅਧਿਐਨ ਵਿਭਾਗ, ਪੰਜਾਬੀ ਕੋਸ਼ਕਾਰੀ ਵਿਭਾਗ, ਧਰਮ ਅਧਿਐਨ ਵਿਭਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਭਾਗ, ਗੁਰਮਤਿ ਸੰਗੀਤ ਵਿਭਾਗ, ਡਾ. ਹਰਬੰਸ ਸਿੰਘ ਸਿੱਖ ਧਰਮ ਵਿਸ਼ਵਕੋਸ਼ ਆਦਿ ਵਿਭਾਗਾਂ ਦੀ ਫੈਕਲਟੀ ਨੇ ਇਨ੍ਹਾਂ ਆਨ ਲਾਈਨ ਕੋਰਸਾਂ ਵਿਚ ਆਪਣਾ ਵਿਸ਼ੇਸ਼ ਯੋਗਦਾਨ ਪਾਇਆ ਹੈ। ਇਨ੍ਹਾਂ ਕੋਰਸਾਂ ਦੀ ਪਾਠ ਸਮੱਗਰੀ ਨੂੰ ਟੈਕਸਟ, ਆਡੀਓ ਅਤੇ ਵੀਡੀਓਜ਼ ਦੇ ਰੂਪ ਵਿਚ ਦਰਸਾਇਆ ਗਿਆ ਹੈ। ਇਸ ਤੋਂ ਇਲਾਵਾ ਐਨੀਮੇਸ਼ਨ, ਫੋਟੋਗ੍ਰਾਫਸ ਅਤੇ ਗਰਾਫਿਕਸ ਦੁਆਰਾ ਦਿਲਚਸਪ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਗੁਰਮਤਿ ਗਿਆਨ ਆਨ ਲਾਈਨ ਟੀਚਿੰਗ ਦੇ ਅਧੀਨ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਦੀ ਸਾਰੇ ਦੁਨੀਆ ਦੇ ਲਈ ਸ਼ਬਦ ਕੀਰਤਨ ਸੈਲਫ ਲਰਨਿੰਗ ਵੀ ਸ਼ੁਰੂ ਕੀਤੀ ਗਈ ਹੈ ਜਿਸ ਵਿਚ ਆਨ ਲਾਈਨ ਹੀ ਸ਼ਬਦ ਕੀਰਤਨ ਸਿਖਣ ਦੀ ਬੁਨਿਆਦੀ ਸੁਵਿਧਾ ਹੈ। ਇਸੇ ਤਰ੍ਹਾਂ ਹੀ ਗੁਰਮਤਿ ਗਿਆਨ ਐਲੀਮੈਂਟਰੀ ਕੋਰਸ ਸਾਰੇ ਵਿਸ਼ਵ ਭਾਈਚਾਰੇ ਲਈ ਬਿਨਾਂ ਕਿਸੇ ਫੀਸ ਤੋਂ ਕਰਵਾਇਆ ਜਾਵੇਗਾ ਤਾਂ ਜੋ ਗੁਰਮੁਖੀ, ਗੁਰਮਤਿ ਅਧਿਐਨ ਅਤੇ ਗੁਰਮਤਿ ਸੰਗੀਤ ਸਬੰਧੀ ਗਿਆਨ ਸਾਰੀ ਦੁਨੀਆ ਵਿਚ ਵੰਡਿਆ ਜਾ ਸਕੇ। ਸਫਲ ਸਿਖਿਆਰਥੀਆਂ ਨੂੰ ਪੰਜਾਬੀ ਯੂਨੀਵਰਸਿਟੀ ਵਲੋਂ ਸਰਟੀਫਿਕੇਟ ਵੀ ਪ੍ਰਦਾਨ ਕੀਤਾ ਜਾਵੇਗਾ।
ਗੁਰਮਤਿ ਗਿਆਨ ਆਨ ਲਾਈਨ ਟੀਚਿੰਗ ਪ੍ਰੋਗਰਾਮ ਦੇ ਅੰਤਰਗਤ ਕੁਲ ਦੁਨੀਆ ਲਈ ਗੁਰਮਤਿ ਸੰਗੀਤ ਆਨ ਲਾਈਨ ਲਾਇਬਰੇਰੀ ਵੀ ਮੁਹੱਈਆ ਕਰਵਾਈ ਗਈ ਹੈ ਜਿਸ ਵਿੱਚ ਹਰ ਸਿਖਿਆਰਥੀ ਲਈ ਪੁਸਤਕਾਂ, ਖੋਜ ਪੱਤਰ, ਲੇਖ ਆਦਿ ਉਪਲਬੱਧ ਹੋਣਗੇ। ਇਸੇ ਤਰ੍ਹਾਂ ਹੀ ਪੰਜਾਬ ਦੀ ਸੰਗੀਤ ਪਰੰਪਰਾ ਨਾਲ ਸਬੰਧਤ ਇਕ ਵੱਡਾ ਮਿਊਜ਼ਿਕ ਆਰਕਾਈਵਜ਼ ਵੀ ਵੈਬਸਾਈਟ ਦੇ ਰੂਪ ਵਿਚ ਇਨ੍ਹਾਂ ਸਿਖਿਆਰਥੀਆਂ ਦੀ ਸਹਾਇਤਾ ਕਰੇਗਾ ਜਿਸ ਵਿਚ 2100 ਘੰਟਿਆਂ ਤੋਂ ਵੱਧ ਦੀ ਰਿਕਾਰਡਿੰਗ ਪਹਿਲਾਂ ਹੀ ਅਪਲੋਡ ਕੀਤੀ ਜਾ ਚੁੱਕੀ ਹੈ।
ਸਿਖਿਆਰਥੀਆਂ ਦੀ ਸੁਵਿਧਾ ਦੇ ਲਈ ਅੰਗਰੇਜ਼ੀ, ਪੰਜਾਬੀ, ਹਿੰਦੀ ਵਿਚ ‘ਗੁਰਮਤਿ ਸੰਗੀਤ ਟਰਮੀਨਾਲੋਜੀ’ ਨਾਮਕ ਪੁਸਤਕ ਦੁਆਰਾ ਇਸ ਵਿਸ਼ੇ ਨਾਲ ਸਬੰਧਤ ਸਾਰੀ ਤਕਨੀਕੀ ਸ਼ਬਦਾਵਲੀ ਨੂੰ ਵੀ ਵੈਬਸਾਈਟ ਉਤੇ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ।
ਪੰਜਾਬੀ ਯੂਨੀਵਰਸਿਟੀ ਵਲੋਂ ਇਨ੍ਹਾਂ ਕੋਰਸਾਂ ਦੇ ਵਿਸ਼ਵ ਪੱਧਰ ਤੇ ਸੰਚਾਲਨ ਲਈ ਵੱਖ-ਵੱਖ ਦੇਸ਼ਾਂ ਵਿਚ ਵੱਖ-ਵੱਖ ਪ੍ਰਤਿਨਿਧ ਸੰਸਥਾਵਾਂ ਨਾਲ ਮਿਲਕੇ ਗੁਰਮਤਿ ਗਿਆਨ ਸਟੱਡੀ ਸੈਂਟਰ ਸਥਾਪਿਤ ਕੀਤੇ ਜਾ ਰਹੇ ਹਨ ਜਿਹੜੇ ਇਸ ਆਨ ਲਾਈਨ ਅਕਾਦਮਿਕ ਪ੍ਰੋਗਰਾਮ ਨੂੰ ਆਪੋ ਆਪਣੇ ਸਥਾਨਾਂ ਤੇ ਕਾਰਜਸ਼ੀਲ ਕਰਨਗੇ। ਇਨ੍ਹਾਂ ਸਾਰੇ ਕੋਰਸਿਜ਼ ਲਈ ਆਨ ਲਾਈਨ ਦਾਖਲਾ ਹੋਵੇਗਾ ਅਤੇ ਵੀਡੀਓ ਕਾਨਫਰਸਿੰਗ ਦੇ ਜ਼ਰੀਏ ਪਰੀਖਿਆ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ। ਇਥੇ ਵਰਨਣਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਵਿਚ ਆਨ ਲਾਈਨ ਟੀਚਿੰਗ ਦਾ ਇਹ ਪਹਿਲਾ ਸੰਪੂਰਨ ਅਕਾਦਮਿਕ ਪ੍ਰੋਗਰਾਮ ਹੈ ਜਿਸ ਨੂੰ ਸਫਲਤਾ ਨਾਲ ਲਾਂਚ ਕਰਨ ਵਿਚ ਗੁਰਮਤਿ ਸੰਗੀਤ ਚੇਅਰ-ਗੁਰਮਤਿ ਸੰਗੀਤ ਵਿਭਾਗ ਨੇ ਮੋਹਰੀ ਭੂਮਿਕਾ ਨਿਭਾਈ ਹੈ। ਯੂਨੀਵਰਸਿਟੀ ਦੀ ਸਿੰਡੀਕੇਟ ਪਹਿਲਾਂ ਹੀ ਇਸ ਪ੍ਰੋਗਰਾਮ ਨੂੰ ਪ੍ਰਵਾਨਗੀ ਦੇ ਚੁੱਕੀ ਹੈ।
ਇਹ ਆਨ ਲਾਈਨ ਅਕਾਦਮਿਕ ਪ੍ਰੋਗਰਾਮ ਾ.ਗੁਰਮੳਟਗੇੳਨੋਨਲਨਿੲਪੁਪ.ਚੋਮ ‘ਤੇ ਉਪਲਬੱਧ ਹੋਵੇਗਾ। ਇਥੇ ਇਹ ਦਸਣਾ ਵੀ ਉਚਿਤ ਹੋਵੇਗਾ ਕਿ ਪੂਰਨ ਰੂਪ ਵਿਚ ਸਿੱਖ ਸੰਗੀਤ ਪਰੰਪਰਾ ਨੂੰ ਸਮਰਪਿਤ ਗੁਰਮਤਿ ਸੰਗੀਤ ਚੇਅਰ-ਗੁਰਮਤਿ ਸੰਗੀਤ ਵਿਭਾਗ ਵਲੋਂ ਪੰਜਾਬੀ ਯੂਨੀਵਰਸਿਟੀ ਕੈਂਪਸ ਅਤੇ ਡਿਸਟੈਂਸ ਐਜੂਕੇਸ਼ਨ ਦੁਆਰਾ ਪਹਿਲਾਂ ਹੀ ਅੰਡਰ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਕੋਰਸ ਕਰਵਾਏ ਜਾ ਰਹੇ ਹਨ ਅਤੇ 26 ਵਿਦਿਆਰਥੀ ਇਸ ਵਿਸ਼ੇ ਵਿਚ ਪੀ-ਐਚ.ਡੀ. ਦੀ ਉਚੇਰੀ ਖੋਜ ਕਰ ਰਹੇ ਹਨ। ਸ੍ਰੀ ਹਰਿਮੰਦਰ ਸਾਹਿਬ ਅਤੇ ਵਿਸ਼ਵ ਭਰ ਵਿਚ ਤੰਤੀ ਸਾਜ਼ਾਂ ਦੀ ਪੁਨਰ ਸੁਰਜੀਤੀ ਲਈ ਇਸ ਵਿਭਾਗ ਦਾ ਇਤਿਹਾਸਕ ਯੋਗਦਾਨ ਹੈ ਅਤੇ ਭਾਈ ਮਰਦਾਨਾ ਦੀ ਰਬਾਬ ਫਿਰੰਦੀਆ ਨੂੰ ਖੋਜ ਕਰਕੇ ਉਸ ਦੇ ਮੂਲ ਰੂਪ ਵਿਚ ਮੁੜ ਪ੍ਰਚਾਰਨ ਵਿਚ ਵੀ ਇਹ ਵਿਭਾਗ ਮੋਹਰੀ ਹੈ।