ਨਵੀਂ ਦਿੱਲੀ- ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਵਿੱਤਮੰਤਰੀ ਪੀ ਚਿਦੰਬਰਮ ਨੂੰ 2-ਜੀ ਘੋਟਾਲੇ ਦੀ ਜਾਂਚ ਲਈ ਬਣਾਈ ਗਈ ਸੰਯੁਕਤ ਸੰਸਦੀ ਕਮੇਟੀ (ਜੇਪੀਸੀ) ਨੇ ਕਲੀਨ ਚਿੱਟ ਦਿੱਤੀ ਹੈ। ਇਸ ਕਮੇਟੀ ਦਾ ਕਹਿਣਾ ਹੈ ਕਿ ਉਸ ਸਮੇਂ ਦੇ ਟੈਲੀਕਾਮ ਮੰਤਰੀ ਏ. ਰਾਜਾ ਨੇ 2-ਜੀ ਸਪੈਕਟਰਮ ਦੇ ਵੰਡਣ ਦੇ ਮਾਮਲੇ ਵਿੱਚ ਪ੍ਰਧਾਨ ਮੰਤਰੀ ਨੂੰ ਹਨੇਰੇ ਵਿੱਚ ਰੱਖਿਆ ਅਤੇ ਰਾਜਾ ਦੇ ਵਾਅਦੇ ਵੀ ਝੂਠੇ ਸਾਬਿਤ ਹੋਏ।ਕਮੇਟੀ ਨੇ ਇਸ ਘੋਟਾਲੇ ਵਿੱਚ ਰਾਜਾ ਨੂੰ ਹੀ ਦੋਸ਼ੀ ਠਹਿਰਾਇਆ ਹੈ।
ਜੇਪੀਸੀ ਨੇ ਇਸ ਮਾਮਲੇ ਵਿੱਚ ਵਿੱਤਮੰਤਰੀ ਪੀ ਚਿਦੰਬਰਮ ਨੂੰ ਵੀ ਕਲੀਨ ਚਿੱਟ ਦੇ ਦਿੱਤੀ ਹੈ। ਸਮਿਤੀ ਦਾ ਕਹਿਣਾ ਹੈ ਕਿ ਟੈਲੀਕਾਮ ਮੰਤਰਾਲੇ ਨੇ ਪ੍ਰਧਾਨਮੰਤਰੀ ਨੂੰ ਇਸ ਸਬੰਧੀ ਜੋ ਪਾਰਦਿਸ਼ਤਾ ਵਰਤਣ ਦਾ ਭਰੋਸਾ ਦਿਵਾਇਆ ਸੀ, ਵਿਭਾਗ ਉਸ ਉਪਰ ਖਰਾ ਨਹੀਂ ਉਤਰਿਆ ਅਤੇ ਪੀਐਮ ਨਾਲ ਝੂਠ ਬੋਲਿਆ ਗਿਆ।25 ਅਪਰੈਲ ਨੂੰ ਪੇਸ਼ ਹੋਣ ਵਾਲੀ ਇਸ ਰਿਪੋਰਟ ਨੂੰ ਵੀਰਵਾਰ ਨੂੰ ਹੀ ਸੰਸਦ ਮੈਂਬਰਾਂ ਵਿੱਚ ਵੰਡਿਆ ਗਿਆ। ਕਮੇਟੀ ਦਾ ਕਹਿਣਾ ਹੈ ਕਿ ਸਪੈਕਟਰਮ ਵੰਡਣ ਦੇ ਮਾਮਲੇ ਵਿੱਚ ਭਾਂਵੇ ਪੀਐਮਓ, ਟਰਾਈ ਅਤੇ ਵੱਖ-ਵੱਖ ਸਰਕਾਰੀ ਏਜੰਸੀਆਂ ਨੇ ਆਪਣੀ ਰਾਇ ਜਾਹਿਰ ਕੀਤੀ ਸੀ ਪਰ ਪੀਐਮਓ ਨੇ ਕਦੇ ਵੀ ਕਿਸੇ ਬੋਲੀਦਾਤਾ ਕੰਪਨੀ ਨੂੰ ਲਾਭ ਪਹੁੰਚਾਉਣ ਦੇ ਉਦੇਸ਼ ਨਾਲ ਕੋਈ ਸਿਫਾਰਿਸ਼ ਨਹੀਂ ਕੀਤੀ।