ਦੁਬਈ, (ਪਰਮਜੀਤ ਸਿੰਘ ਬਾਗੜੀਆ)- ਦੁਬਈ ਜਿਸਨੂੰ ਪੈਰਸ ਆਫ ਈਸਟ ਕਿਹਾ ਜਾਂਦਾ ਹੈ , ਦੁਨੀਆ ਭਰ ਦੇ ਸੈਲਾਨੀਆਂ ਲਈ ਮਨਪਸੰਦ ਥਾਂ ਹੈ। ਇਹ ਅਰਬ ਨਗਰੀ ਸੈਲਾਨੀਆਂ ਦੇ ਨਾਲ ਨਾਲ ਦੁਨੀਆਂ ਦੇ ਅਮੀਰਾਂ ਅਤੇ ਹੌਲੀਵੁਡ ਅਤੇ ਬਾਲੀਵੁਡ ਦੇ ਸਿਤਾਰਿਆਂ ਨੂੰ ਵੀ ਆਪਣੇ ਵੱਲ ਖਿਚਦੀ ਹੈ ਅਤੇ ਦੁਬਈ ਦੀ ਪੁਲੀਸ ਵੀ ਆਪਣੀ ਫੁਰਤੀ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਰਹਿੰਦੀ ਹੈ। ਕੋਈ 21 ਲੱਖ ਭਾਵ ਪੰਜਾਬ ਦੇ ਸ਼ਹਿਰ ਲੁਧਿਆਣਾ ਜਿੰਨੀ ਅਬਾਦੀ ਵਾਲੇ ਇਸ ਸ਼ਹਿਰ ਵਿਚ 15 ਹਜ਼ਾਰ ਦੀ ਗਿਣਤੀ ਵਿਚ ਪੁਲੀਸ ਮੁਸਤੈਦ ਰਹਿੰਦੀ ਹੈ। ਦੁਬਈ ਪੁਲੀਸ ਕੋਲ ਪੈਟਰੋਲਿੰਗ ਲਈ ਮਹਿੰਗੀਆਂ ਕਾਰਾਂ ਟੋਏਟਾ, ਪੈਰਾਡੋ, ਫੋਰਡ, ਬੀ. ਐਮ. ਡਬਲਯੂ ਅਤੇ ਲੈਂਬਰੋਗਿਨੀ ਤਾਂ ਪਹਿਲਾਂ ਵੀ ਹਨ ਪਰ ਹੁਣ ਸਥਾਨਕ ਪੁਲੀਸ ਨੂੰ ਪੈਟਰੋਲਿੰਗ ਲਈ ਫੇਰਾਰੀ ਦੀ ਪਰਖ ਹੋ ਰਹੀ ਹੈ। ਸਪੋਰਟਸ ਮਾਡਲ ਵਾਲੀ ਇਸ ਕਾਰ ਨਾਲ ਪੁਲੀਸ ਦੁਬਈ ਦੇ ਆਲੀਸ਼ਾਨ ਇਲਾਕਿਆਂ ਵਿਚ ਸੈਲਾਨੀਆਂ ਦੀ ਸਹੁਲਤ ਅਤੇ ਸੁਰੱਖਿਆ ਲਈ ਹੋਵੇਗੀ ਤਾਂ ਕੋ ਉਨ੍ਹਾਂ ਨੂੰ ਕਿਸੇ ਵੀ ਪ੍ਰੇਸ਼ਾਨੀ ਦੌਰਾਨ ਛੇਤੀ ਤੋਂ ਛੇਤੀ ਥਾਂ ‘ਤੇ ਪਹੁੰਚਿਆ ਜਾ ਸਕੇ। ਤਾਕਤਵਰ ਇੰਜਨ ਅਤੇ ਮਜਬੂਤ ਬਾਡੀ ਵਾਲੀ ਇਸ ਕਾਰ ਦੇ ਨਾਲ ਨਾਲ ਦੁਬਈ ਪੁਲੀਸ ਨੇ ਪੈਟਰੋਲਿੰਗ ਲਈ ਵਰਤੀਆਂ ਜਾਂਦੀਆਂ ਕਾਰਾਂ ਦਾ ਵੀ ਅੰਤਰਰਾਸ਼ਟਰੀ ਮਿਆਰਾਂ ਅਨੁਸਾਰ ਮਿਆਰੀਕਰਨ ਕੀਤਾ ਹੈ। ਇਥੇ ਇਹ ਵਰਨਣਯੋਗ ਹੈ ਕਿ ਮਹਿੰਗੀਆਂ ਸਪੋਰਟਸ ਕਾਰਾਂ ਅਤੇ ਹੈਲੀਕਾਪਟਰਾਂ ਨਾਲ ਲੈਸ ਦੁਬਈ ਪੁਲੀਸ ਘਟਨਾ ਵਾਲੀ ਥਾਂ ‘ਤੇ ਪੁੱਜਣ ਲਈ 3 ਤੋਂ 5 ਮਿੰਟ ਤੱਕ ਦਾ ਸਮਾਂ ਲੈਂਦੀ ਹੈ।