ਨਵੀਂ ਦਿੱਲੀ-ਕਾਂਗਰਸ ਸੰਸਦੀ ਮੈਂਬਰਾਂ ਦੀ ਬੈਠਕ ਤੋਂ ਬਾਅਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਪ੍ਰਧਾਨਮੰਤਰੀ ਮਨਮੋਹਨ ਸਿੰਘ ਜਾਂ ਉਨ੍ਹਾਂ ਦੇ ਮੰਤਰੀ ਮੰਡਲ ਦਾ ਕੋਈ ਵੀ ਮੈਂਬਰ ਅਸਤੀਫਾ ਨਹੀਂ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਭਾਜਪਾ ਪ੍ਰਧਾਨਮੰਤਰੀ ਦਾ ਅਸਤੀਫ਼ਾ ਮੰਗਦੀ ਹੈ ਤਾਂ ਮੰਗਦੀ ਰਹੇ।
ਕੋਇਲਾ ਘੋਟਾਲੇ ਤੇ ਵਿਰੋਧੀ ਧਿਰ ਨੇ ਸਰਕਾਰ ਤੇ ਹਮਲੇ ਤੇਜ਼ ਕਰਦੇ ਹੋਏ ਪ੍ਰਧਾਨਮੰਤਰੀ ਦੇ ਅਸਤੀਫ਼ੇ ਦੀ ਮੰਗ ਕਰ ਦਿੱਤੀ ਹੈ। ਭਾਜਪਾ ਵੱਲੋਂ ਕੀਤੇ ਜਾ ਰਹੇ ਵਿਰੋਧ ਨੂੰ ਵੇਖਦੇ ਹੋਏ ਕਾਂਗਰਸ ਕੋਰ ਗਰੁੱਪ ਦੀ ਇੱਕ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ ਵਿਰੋਧੀ ਧਿਰ ਦੀਆਂ ਮੰਗਾਂ ਸਾਹਮਣੇ ਝੁਕਣ ਦੀ ਬਜਾਏ ਉਸ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਬੈਠਕ ਤੋਂ ਬਾਅਦ ਜਦੋਂ ਪੱਤਰਕਾਰਾਂ ਨੇ ਭਾਜਪਾ ਵੱਲੋਂ ਪ੍ਰਧਾਨਮੰਤਰੀ ਦੇ ਅਸਤੀਫੇ ਦੀ ਕੀਤੀ ਜਾ ਰਹੀ ਮੰਗ ਸਬੰਧੀ ਸੋਨੀਆ ਗਾਂਧੀ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਬੜੇ ਰੁੱਖੇ ਢੰਗ ਨਾਲ ਜਵਾਬ ਦਿੱਤਾ, ‘ਉਨ੍ਹਾਂ ਨੂੰ ਮੰਗਣ ਦੇਵੋ’।
ਬੀਜੇਪੀ ਨੇ ਇਸ ਤੋਂ ਪਹਿਲਾਂ ਆਪਣੇ ਸੰਸਦੀ ਦਲ ਦੀ ਮੀਟਿੰਗ ਕਰਕੇ ਇੱਕ ਪ੍ਰਸਤਾਵ ਪਾਸ ਕੀਤਾ ਗਿਆ ਕਿ ਸਰਕਾਰ ਕੋਇਲਾ ਘੋਟਾਲੇ ਨਾਲ ਜੁੜੇ ਤੱਥਾਂ ਨੂੰ ਦਬਾਉਣ ਦਾ ਯਤਨ ਕਰ ਰਹੀ ਹੈ।ਸੀਬੀਆਈ ਦੀ ਰਿਪੋਰਟ ਵਿੱਚ ਫੇਰ ਬਦਲ ਕਰਨ ਦੇ ਅਰੋਪਾਂ ਦੇ ਮੱਦੇਨਜ਼ਰ ਭਾਜਪਾ ਦੁਆਰਾ ਇਹ ਮੰਗ ਰੱਖੀ ਗਈ ਕਿ ਪ੍ਰਧਾਨਮੰਤਰੀ ਮਨਮੋਹਨ ਸਿੰਘ ਅਤੇ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ ਨੂੰ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।