ਨਵੀਂ ਦਿੱਲੀ : ਬੀਤੇ ਦਿਨੀਂ ਤਖਤ ਸ੍ਰੀ ਹਰਿਮੰਦਿਰ ਪਟਨਾ ਸਹਿਬ ਵਿਖੇ ਹੋਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਦੀ ਸਮਾਪਤੀ ਅਤੇ ਅਰਦਾਸ ਉਪਰੰਤ ਪੰਜ ਪਿਆਰਿਆਂ, ਜਿਨ੍ਹਾਂ ਵਿੱਚ ਬਾਬਾ ਮਹਿੰਦਰ ਸਿੰਘ (ਬਰਮਿੰਘਮ), ਬਾਬਾ ਅਮਰ ਸਿੰਘ (ਯੂਕੇ), ਬਾਬਾ ਬਚਨ ਸਿੰਘ (ਦਿੱਲੀ) ਦੇ ਪ੍ਰਤੀਨਿਧੀ ਬਾਬਾ ਬੀਰਾ ਜੀ, ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਅਤੇ ਹੈਡ ਗ੍ਰੰਥੀ ਸ਼ਾਮਲ ਸਨ, ਨੇ ਨੀਂਹ ਪੱਥਰ ਰਖ ਤਖਤ ਸ੍ਰੀ ਹਰਿਮੰਦਿਰ ਪਟਨਾ ਸਾਹਿਬ ਦੇ ਵਿਕਾਸ ਅਤੇ ਵਿਸਥਾਰ ਕਾਰਜਾਂ ਦੀ ਅਰੰਭਤਾ ਦੀ ਰਸਮ ਅਦਾ ਕੀਤੀ।
ਇਹ ਜਾਣਕਾਰੀ ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਦਿੱਲੀ ਤੋਂ ਮੈਂਬਰ ਸ. ਭਜਨ ਸਿੰਘ ਵਾਲੀਆ ਨੇ ਪਟਨਾ ਸਾਹਿਬ ਤੋਂ ਵਾਪਸ ਆ ਇਥੇ ਜਾਰੀ ਇੱਕ ਬਿਆਨ ਰਾਹੀਂ ਦਿੱਤੀ। ਉਨ੍ਹਾਂ ਦਸਿਆ ਕਿ ਤਖਤ ਸਾਹਿਬ ਦੇ ਮੁਖ ਪ੍ਰਕਾਸ਼ ਹਾਲ, ਦਰਸ਼ਨੀ ਡਿਉਢੀ ਅਤੇ ਇਤਿਹਾਸਕ ਗੇਟ, ਜਿਸ ਰਾਹੀਂ ਗੁਰੂ ਸਾਹਿਬ ਦਾਖਲ ਹੋਏ ਸਨ, ਦੀ ਇਤਿਹਾਸਕਤਾ ਨੂੰ ਮੁਖ ਰਖਦਿਆਂ ਉਨ੍ਹਾਂ ਨੂੰ ਮੂਲ ਰੂਪ ਵਿੱਚ ਕਾਇਮ ਰਖਦਿਆਂ, ਤਖਤ ਸਾਹਿਬ ਦੀ ਬਾਕੀ ਦੀ ਸਾਰੀ ਇਮਾਰਤ ਅਤੇ ਉਸਦੇ ਆਸੇ ਪਾਸੇ ਦਾ ਆਧੁਨਿਕ ਲੀਹਾਂ ਪੁਰ ਨਵ-ਨਿਰਮਾਣ, ਵਿਕਾਸ ਅਤੇ ਵਿਸਥਾਰ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਲਗਭਗ 600 ਕਰੋੜ ਦੇ ਇਸ ਪ੍ਰੋਜੈਕਟ ਦੀ ਪ੍ਰਵਾਨਗੀ ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਜੇ ਐਸ ਗਾਂਧੀ ਦੀ ਅਗਵਾਈ ਵਿੱਚ ਹੋਈ ਬੈਠਕ ਵਿੱਚ ਦਿੱਤੀ ਗਈ ਹੈ। ਇਸ ਬੈਠਕ ਵਿੱਚ ਪ੍ਰਬੰਧਕ ਕਮੇਟੀ ਦੇ ਸਥਾਨਕ ਮੈਂਬਰਾਂ ਤੋਂ ਇਲਾਵਾ, ਸ. ਸੁਰਿੰਦਰ ਸਿੰਘ ਟਾਟਾਨਗਰ ਚੇਅਰਮੈਨ ਬਿਲਡਿੰਗ ਕਮੇਟੀ, ਉਹ ਆਪ ( ਸ. ਭਜਨ ਸਿੰਘ ਵਾਲੀਆ), ਤਖਤ ਸਾਹਿਬ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ. ਭੂਪਿੰਦਰ ਸਿੰਘ ਸਾਧੂ ਆਦਿ ਸ਼ਾਮਲ ਹੋਏ ਸਨ।
ਸ. ਵਾਲੀਆ ਨੇ ਤਖਤ ਸ੍ਰੀ ਪਟਨਾ ਸਾਹਿਬ ਦੀ ਇਮਾਰਤ ਦੇ ਵਿਕਾਸ ਅਤੇ ਆਸੇ-ਪਾਸੇ ਦੇ ਵਿਸਥਾਰ ਕਰਜਾਂ ਸਬੰਧੀ ਹੋਰ ਜਾਣਕਾਰੀ ਦਿੰਦਿਆ ਦਸਿਆ ਕਿ ਬਾਬਾ ਮਹਿੰਦਰ ਸਿੰਘ (ਬਰਮਿੰਘਮ) ਦਰਬਾਰ ਹਾਲ, ਤਖਤ ਸਾਹਿਬ ਦੇ ਜਥੇਦਾਰ, ਹੈਡ ਗ੍ਰੰਥੀ ਤੇ ਉਥੋਂ ਦੀ ਸੇਵਾ-ਸੰਭਾਲ ਕਰਨ ਵਾਲੇ ਸਟਾਫ ਲਈ ਆਧੁਨਿਕ ਸਹੂਲਤਾਂ ਨਾਲ ਲੈਸ ਰਿਹਾਇਸ਼ ਅਤੇ ਅੰਡਰ-ਗ੍ਰਾਉਂਡ ਪਾਰਕਿੰਗ ਦੇ ਨਿਰਮਾਣ ਦੀ ਸੇਵਾ ਨਿਭਾਉਣਗੇ, ਇਸਦੇ ਨਾਲ ਹੀ ਸਰਕਾਰ ਦੀ ਪ੍ਰਵਾਨਗੀ ਦੇ ਆਧਾਰ ਤੇ ਕੰਗਨ ਘਾਟ ਨੂੰ ਦਰਬਾਰ ਸਾਹਿਬ ਨਾਲ ਜੋੜਨ ਲਈ ਏਲੀਵੇਟਰ ਜਾਂ ਅੰਡਰ-ਗ੍ਰਾਉਂਡ ਰਾਹ ਵੀ ਤਿਆਰ ਕਰਵਾਣਗੇ।
ਉਨ੍ਹਾਂ ਹੋਰ ਦਸਿਆ ਕਿ ਬਾਬਾ ਅਮਰ ਸਿੰਘ (ਯੂਕੇ) ਕੰਗਨ ਘਾਟ ਵਿਖੇ ਪੰਜ ਸੌ ਯਾਤ੍ਰੀਆਂ ਦੇ ਠਹਿਰਨ ਲਈ ਆਧੁਨਿਕ ਸਹੂਲਤਾਂ ਨਾਲ ਲੈਸ ਪੰਜ ਸੌ ਕਮਰਿਆਂ ਦਾ ਨਿਰਮਾਣ ਕਾਰਜ ਕਰਵਾਣਗੇ, ਜਦਕਿ ਉਹ (ਬਾਬਾ ਅਮਰ ਸਿੰਘ) ਅਤੇ ਬਾਬਾ ਬਚਨ ਸਿੰਘ (ਦਿੱਲੀ) ਆਪਸੀ ਸਹਿਯੋਗ ਨਾਲ ਯਾਤ੍ਰੀਆਂ ਦੇ ਠਹਿਰਣ ਲਈ ਕੇਡੀਆ ਨਿਵਾਸ ਦੇ 125 ਅਤੇ ਜੋਹਰੀ ਨਿਵਾਸ ਦੇ 80 ਕਮਰਿਆਂ ਦੇ ਨਿਰਮਾਣ ਦੀ ਸੇਵਾ ਕਰਨਗੇ। ਸ. ਵਾਲੀਆ ਨੇ ਦਸਿਆ ਕਿ ਤਖਤ ਸਾਹਿਬ ਨਾਲ ਲਗਦੀ 4 ਏਕੜ ਦੀ ਜ਼ਮੀਨ ਦੇ 2-2 ਏਕੜ ਹਿਸੇ ਪੁਰ ਵਿਕਾਸ ਤੇ ਵਿਸਥਾਰ ਕਾਰਜ ਵੀ ਇਹ ਦੋਵੇਂ ਸੇਵਾ-ਪੰਥੀ ਸੰਭਾਲਣਗੇ। ਉਨ੍ਹਾਂ ਹੋਰ ਦਸਿਆ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਹਿਯੋਗ ਨਾਲ ਮੁੰਬਈ ਦੇ ਪ੍ਰਸਿੱਧ ਵਪਾਰੀ ਸ. ਇਕਬਾਲ ਸਿੰਘ ਅਤੇ ਸ. ਸੁਰਿੰਦਰ ਸਿੰਘ ਦਰਬਾਰ ਹਾਲ ਦੇ ਸਟਾਫ ਲਈ ਗੁਰੂ ਕਾ ਬਾਗ਼ ਵਿਖੇ ਆਧੁਨਿਕ ਸਹੂਲਤਾਂ ਨਾਲ ਲੈਸ 180 ਫਲੈਟਾਂ ਦਾ ਨਿਰਮਾਣ ਕਰਵਾਣਗੇ। ਸ. ਵਾਲੀਆ ਨੇ ਦਸਿਆ ਕਿ ਯਾਤ੍ਰੀਆਂ ਦੇ ਠਹਿਰਣ ਲਈ ਉਥੇ ਪਹਿਲਾਂ ਤੋਂ ਹੀ ਮੌਜੂਦ ਸਹੂਲਤਾਂ ਦਾ ਵੀ ਵਿਸਥਾਰ ਅਤੇ ਆਧੁਨਿਕੀਕਰਣ ਕੀਤਾ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਇਹ ਸਾਰਾ ਵਿਕਾਸ ਅਤੇ ਵਿਸਥਾਰ ਕਾਰਜ 2017 ਤਕ ਪੂਰਾ ਕਰ ਲੈਣ ਦੀ ਸਮੇਂ ਸੀਮਾਂ ਨਿਸ਼ਚਿਤ ਕੀਤੀ ਗਈ ਹੈ। ਉਸ ਵਰ੍ਹੇ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਦਿਵਸ ਬਹੁਤ ਹੀ ਸ਼ਰਧਾ ਅਤੇ ਉਤਸਾਹ ਨਾਲ ਮੰਨਾਉਣ ਦੇ ਪ੍ਰੋਗਰਾਮ ਉਲੀਕੇ ਗਏ ਹੋਏ ਹਨ। 000