ਬਰਨਾਲਾ,(ਜੀਵਨ ਸ਼ਰਮਾ)-ਅੱਜ ਸਵੇਰੇ ਢਾਈ ਵਜੇ ਦੇ ਕਰੀਬ ਬਰਨਾਲਾ ਦੇ ਮੁੱਖ ਬੱਸ ਸਟੈਂਡ ਵਿਖੇ ਨਿੱਜੀ ਟ੍ਰਾਂਸਪੋਰਟ ਕੰਪਨੀ ਦੀਆਂ ਖੜ੍ਹੀਆਂ 4 ਬੱਸਾਂ ਨੂੰ ਕੁੱਝ ਅਣਪਛਾਤੇ ਸਰਾਰਤੀ ਅਨਸਰਾਂ ਨੇ ਅੱਗ ਦੀ ਭੇਟ ਚੜਾ ਦਿੱਤਾ ਜਿਸ ਨੂੰ ਫਾਇਰ ਬ੍ਰਿਗੇਡ ਬਰਨਾਲਾ ਦੀ ਟੀਮ ਨੇ ਕਰੜੀ ਮੁਸ਼ੱਕਤ ਨਾਲ ਕਾਬੂ ਪਾਇਆ। ਬੱਸ ਅੱਡੇ ਵਿੱਚ ਭਾਵੇਂ ਹੋਰ ਟਰਾਂਸਪੋਰਟ ਕੰਪਨੀ ਦੀਆਂ ਵੀ ਬੱਸਾਂ ਖੜ੍ਹੀਆਂ ਸਨ ਪ੍ਰੰਤੂ ਸ਼ਰਾਰਤੀ ਅਨਸਰਾਂ ਵੱਲੋ ਸਿਰਫ਼ ਢਿੱਲੋਂ ਟਰਾਂਸਪੋਰਟ ਕੰਪਨੀ ਦੀਆਂ ਬੱਸਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਤੋਂ ਸੋਚੀ ਸਮਝੀ ਸਾਜਿਸ਼ ਨਜਰ ਆਉਦੀ ਜਾਪ ਰਹੀ ਹੈ। ਬਰਨਾਲਾ ਪੁਲਿਸ ਨੇ ਬੱਸ ਮਾਲਕਾਂ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ’ਤੇ ਮਾਮਲਾ ਦਰਜ ਕਰ ਲਿਆ ਹੈ।
ਢਿੱਲੋਂ ਟਰਾਂਸਪੋਰਟ ਕੰਪਨੀ ਦੇ ਮਾਲਕ ਹਰਿੰਦਰ ਸਿੰਘ ਸੀਰਾ ਢਿੱਲੋਂ ਅਤੇ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸੁਵਖਤੇ ਤਕਰੀਬਨ ਪੌਣੇ ਕੁ ਤਿੰਨ ਵਜੇ ਕੰਪਨੀ ਦੇ ਇੱਕ ਮੁਲਾਜ਼ਮ ਨੇ ਸੂਚਿਤ ਕੀਤਾ ਕਿ ਕਿਸੇ ਸ਼ਰਾਰਤੀ ਅਣਪਛਾਤਿਆਂ ਵੱਲੋਂ ਭੇਦਭਰੀ ਹਾਲਤ ’ਚ ਬਰਨਾਲਾ ਦੇ ਮੁੱਖ ਬੱਸ ਸਟੈਂਡ ਵਿਖੇ ਖੜੀਆਂ 4 ਬੱਸਾਂ ਨੂੰ ਅੱਗ ਲਗਾ ਕੇ ਸਾੜ ਦਿੱਤਾ ਜਿਸ ਉਪਰੰਤ ਉਨ੍ਹਾਂ ਤੁਰੰਤ ਫਾਇਰ ਬ੍ਰਿਗੇਡ ਅਤੇ ਪੁਲਿਸ ਪ੍ਰਸਾਸ਼ਨ ਨੂੰ ਸੂਚਿਤ ਕੀਤਾ। ਉਨ੍ਹਾਂ ਦੱਸਿਆ ਕਿ ਜਲਦ ਹੀ ਉਹ ਜਦੋਂ ਘਟਨਾ ਸਥਾਨ ’ਤੇ ਪੁੱਜੇ ਤਾਂ ਬੱਸਾਂ ਲਟ-ਲਟ ਕੇ ਕਰਕੇ ਮੱਚ ਰਹੀਆਂ ਸਨ। ਸੂਚਨਾ ਮਿਲਦਿਆਂ ਹੀ ਘਟਨਾ ਸਥਾਨ ’ਤੇ ਪੁਲਿਸ ਪ੍ਰਸ਼ਾਸਨ ਤੇ ਫਾਇਰ ਬ੍ਰਿਗੇਡ ਬਰਨਾਲਾ ਦੀ ਟੀਮ ਨੇ ਆਪਣੀਆਂ ਅੱਗ ਬਝਾਊ ਗੱਡੀਆਂ ਨਾਲ ਅੱਗ ’ਤੇ ਕਾਬੂ ਪਾਉਣ ਵਿੱਚ ਜੁਟ ਗਈਆਂ। ਜਦੋਂ ਤੱਕ ਫਾਇਰ ਬ੍ਰਿਗੇਡ ਦੀ ਟੀਮ ਨੇ ਕਰੜੀ ਮੁਸੱਕਤ ਉਪਰੰਤ ਬੱਸਾਂ ਨੂੰ ਲੱਗੀ ਅੱਗ ’ਤੇ ਕਾਬੂ ਪਾਇਆ ਤਾਂ ਉਸ ਸਮੇਂ ਤੱਕ ਢਿੱਲੋਂ ਕੰਪਨੀ ਦੀਆਂ ਦੋ ਬੱਸਾਂ ਪੀਬੀ 19 ਈ 0407 ਅਤੇ ਪੀਬੀ 19 ਐਚ 9407 ਜਲ ਕੇ ਬਿਲਕੁਲ ਰਾਖ ਹੋ ਗਈਆਂ ਅਤੇ ਇਸੇ ਕੰਪਨੀ ਦੀ ਇੱਕ ਹੋਰ ਪੀਬੀ 19 ਐਚ 7607 ਅੱਧ ਤੱਕ ਸੜ ਗਈ। ਇਸ ਕੰਪਨੀ ਦੀਆਂ ਬੱਸਾਂ ਦੇ ਨਾਲ ਹੀ ਖੜੀ ਇੱਕ ਹਿੰਦ ਟਰਾਂਸਪੋਰਟ ਕੰਪਨੀ ਦੀ ਬੱਸ ਨੰ: ਪੀਬੀ 19 ਈ 6225 ਦਾ ਵੀ ਅੱਗ ਦਾ ਸੇਕ ਲੱਗਣ ਕਾਰਨ 25 ਪ੍ਰਤੀਸ਼ਤ ਨੁਕਸਾਨ ਹੋ ਗਿਆ। ਬੱਸ ਮਾਲਕ ਸੀਰਾ ਢਿੱਲੋਂ ਨੇ ਦੱਸਿਆ ਕਿ ਸ਼ਰਾਰਤੀ ਅਨਸਰਾਂ ਵੱਲੋਂ ਸਾੜ੍ਹੀਆਂ ਗਈਆਂ ਬਸਾਂ ’ਚੋਂ 2 ਬਿਲਕੁਲ ਨਵੀਆਂ ਸਨ ਜਿਨ੍ਹਾਂ ਨੂੰ ਨਵੀਆਂ ਤਿਆਰ ਕਰਵਾਈਆਂ ਨੂੰ ਹਾਲੇ ਕੁੱਝ ਮਹੀਨੇ ਹੀ ਹੋਏ ਸਨ ਅਤੇ ਇੱਕ ਬੱਸ ਸਿਰਫ਼ ਡੇਢ ਕੁ ਸਾਲ ਪੁਰਾਣੀ ਸੀ। ਬਸ ਮਾਲਕਾਂ ਨੇ ਦੱਸਿਆ ਕਿ ਇਸ ਘਟਨਾ ’ਚ ਉਨ੍ਹਾਂ ਦਾ ਲਗਭਗ 50 ਲੱਖ ਰੁਪਏ ਦਾ ਮਾਲੀ ਨੁਕਸਾਨ ਹੋ ਗਿਆ ਹੈ। ਉਨ੍ਹਾਂ ਉਕਤ ਘਟਨਾ ਨੂੰ ਕਿਸੇ ਵੀ ਰੰਜ਼ਿਸ ਦੇ ਕਾਰਨ ਤੋਂ ਸਾਫ਼ ਇਨਕਾਰ ਕੀਤਾ।
ਬੱਸ ਅੱਡਾ ਚੌਂਕੀ ਦੇ ਇੰਚਾਰਜ ਜਗਰਾਜ ਸਿੰਘ ਨੇ ਦੱਸਿਆ ਕਿ ਢਿੱਲੋਂ ਟਰਾਂਸਪੋਰਟ ਕੰਪਨੀ ਦੇ ਮਾਲਕ ਕੁਲਦੀਪ ਸਿੰਘ ਕਾਲਾ ਢਿੱਲੋਂ ਪੁੱਤਰ ਮੇਜਰ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਅਣਪਛਾਤੇ ਸ਼ਰਾਰਤੀ ਅਨਸਰਾਂ ਖਿਲਾਫ਼ ਆਈਪੀਸੀ ਦੀ ਧਾਰਾ 435, 427 ਤਹਿਤ ਮੁਕੱਦਮਾ ਨੰ: 79 ਦਰਜ ਕਰਕੇ ਤਫਤੀਸ ਆਰੰਭ ਦਿੱਤੀ ਹੈ।