ਬਰਨਾਲਾ,(ਜੀਵਨ ਸ਼ਰਮਾ)-ਜਿਲ੍ਹਾ ਬਰਨਾਲਾ ਦੀ ਪੁਲਿਸ ਨੇ ਅੱਜ ਹਲਕਾ ਬਰਨਾਲਾ ਦੇ ਅਕਾਲੀ ਵਿਧਾਇਕ ਮਰਹੂਮ ਮਲਕੀਤ ਸਿੰਘ ਕੀਤੂ ਦੇ ਕਤਲ ਕੇਸ ’ਚ ਮੁੱਖ ਮੁਲਜ਼ਮ ਜਸਪ੍ਰੀਤ ਸਿੰਘ ਜੱਸਾ ਦੇ ਦੋ ਹੋਰ ਸਾਥੀਆਂ ਨੂੰ ਵੀ ਸਕਾਰਪਿਓ ਗੱਡੀ ਤੇ ਮਾਰੂ ਹਥਿਆਰਾਂ ਸਮੇਤ ਕਾਬੂ ਕਰ ਲਿਆ। ਬਰਨਾਲਾ ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਲੈ ਲਿਆ।
ਪ੍ਰੈਸ ਕਾਨਫਰੰਸ ਦੌਰਾਨ ਐਸਐਸਪੀ ਬਰਨਾਲਾ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਹਲਕਾ ਬਰਨਾਲਾ ਦੇ ਸਾਬਕਾ ਅਕਾਲੀ ਵਿਧਾਇਕ ਮਰਹੂਮ ਮਲਕੀਤ ਸਿੰਘ ਕੀਤੂ ਦੇ ਕਤਲ ਮਾਮਲੇ ਅਤੇ ਜਿਲ੍ਹਾ ਬਰਨਾਲਾ ਦੇ ਥਾਣਾ ਰੂੜੇਕੇ ਕਲਾਂ ਤੇ ਮਹਿਲ ਕਲਾਂ ਵਿਖੇ ਦਰਜ਼ ਵੱਖ-ਵੱਖ ਮਾਮਲਿਆਂ ’ਚ ਲੋੜੀਂਦਾ ਮੁੱਖ ਮੁਲਜ਼ਮ ਮ੍ਰਿਤਕ ਕੀਤੂ ਦਾ ਭਤੀਜਾ ਜਸਪ੍ਰੀਤ ਸਿੰਘ ਜੱਸਾ ਗੈਂਗ ਦੇ ਦੋ ਸਾਥੀ ਅਰਸਦੀਪ ਸਿੰਘ ਬਿੱਟੂ ਪੁੱਤਰ ਮਹਿੰਦਰ ਸਿੰਘ ਵਾਸੀ ਮਹਿਲ ਕਲਾਂ ਅਤੇ ਇੰਦਰਜੀਤ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਢਿੱਲਵਾਂ (ਬਰਨਾਲਾ) ਨੂੰ ਅੱਜ ਮਾਨਸਾ ਜ਼ਿਲ੍ਹੇ ਪਿੰਡ ਪੁਲਾੜਾ ਨੇੜੇ ਐਸਪੀ (ਡੀ)ਬਲਰਾਜ ਸਿੰਘ ਸਿੱਧੂ ਦੀ ਨਿਗਰਾਨੀ ਹੇਠ ਐਸਆਈ ਬਲਜੀਤ ਸਿੰਘ ਇੰਚਾਰਜ ਸੀਆਈਏ ਬਰਨਾਲਾ ਅਤੇ ਐਸਆਈ ਮਲਕੀਤ ਸਿੰਘ ਇੰਚਾਰਜ ਥਾਣਾ ਰੂੜੇਕੇ ਕਲਾਂ ਦੀ ਅਗਵਾਈ ਵਿੱਚ ਪੁਲਿਸ ਟੀਮ ਨੇ ਗੁਪਤ ਸੂਹ ਦੇ ਆਧਾਰ ’ਤੇ ਸਕਾਰਪੀਓ ਗੱਡੀ ਨੰ: ਪੀਬੀ 73-4449 ਸਮੇਤ ਕਾਬੂ ਕਰ ਲਿਆ। ਐਸ ਐਸ ਪੀ ਸ੍ਰੀ ਸ਼ਰਮਾ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਮੰਨਿਆ ਕਿ ਉਨ੍ਹਾਂ ਨੇ ਜਸਪ੍ਰੀਤ ਜੱਸਾ ਦੀ ਅਗਵਾਈ ਵਿੱਚ ਜ਼ਿਲ੍ਹਾਂ ਬਰਨਾਲਾ ਵਿੱਚ 5 ਵਾਰਦਾਤਾਂ, ਜ਼ਿਲ੍ਹਾ ਮੋਗਾ ਵਿੱਚ 10 ਤੇ ਮੋਹਾਲੀ ਵਿੱਚ 2 ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਹੈ। ਜਿਸ ਵਿੱਚ ਬੀਤੇ ਕੱਲ੍ਹ ਡੇਰਾ ਬੱਸੀ ਦੇ ਖੇਤਰ ’ਚ ਜੱਸੇ ਹੋਰਾਂ ਕੋਲੋਂ ਫੜ੍ਹੀ ਗਈ ਵਰਨਾ ਕਾਰ ਜਿਸਤੇ ਜਾਅਲੀ ਨੰਬਰ ਪਲੇਟ ਲਗਾਈ ਹੋਈ ਸੀ ਵੀ ਉਨ੍ਹਾਂ ਸਰਹੰਦ ਤੋਂ ਖੋਹੀ ਹੋਈ ਸੀ ਅਤੇ ਇੱਕ ਆਈ ਟਵੰਟੀ ਕਾਰ ਪੰਚਕੂਲਾ ਤੋ ਖੋਹੇ ਜਾਣ ਤੋਂ ਇਲਾਵਾ ਫੜੇ ਗਏ ਮੁਲਜ਼ਮਾਂ ਨੇ ਚੰੜ੍ਹੀਗੜ ਦੇ ਸੈਕਟਰ 22 ਵਿੱਚ ਵੀ ਗੋਲੀਬਾਰੀ ਕੀਤੇ ਜਾਣਾ ਮੰਨਿਆ ਹੈ।
ਐਸਐਸਪੀ ਨੇ ਦੱਸਿਆ ਕਿ ਉਕਤਾਨ ਦੋਸ਼ੀਆਂ ਜਸਪ੍ਰੀਤ ਸਿੰਘ ਜੱਸਾ, ਰਛਪਾਲ ਸਿੰਘ ਬੱਟੀ, ਅਰਸਦੀਪ ਸਿੰਘ ਬਿੱਟੂ, ਇੰਦਰਜੀਤ ਸਿੰਘ ਕੋਲੋਂ ਬਰਨਾਲਾ ਪੁਲਿਸ ਨੇ 2 ਰਿਵਾਲਵਰ 32 ਬੋਰ, 2 ਜਿੰਦਾ ਕਾਰਤੂਸ ਤੇ 4 ਖੋਲ ਸਮੇਤ, ਇੱਕ 303 ਬੋਰ ਦੇਸੀ ਰਾਇਫਲ 5 ਜਿੰਦਾ ਕਾਰਤੂਸ ਸਮੇਤ, ਇੱਕ ਥਰਟੀ ਸਪਰਿੰਗ ਰਾਈਫਲ 4 ਜਿੰਦਾ ਕਾਰਤੂਸਾ ਸਮੇਤ, ਇੱਕ ਪਿਸਟਲ 32 ਬੋਰ ਦੇਸੀ ਇੱਕ ਜਿੰਦਾ ਕਾਰਤੂਸ ਸਮੇਤ, ਇੱਕ 315 ਬੋਰ ਰਾਈਫਲ ਦੇਸੀ 2 ਜਿੰਦਾ ਕਾਰਤੂਸ ਸਮੇਤ ਅਤੇ ਇੱਕ 12 ਬੋਰ ਬੰਦੂਕ ਦੋ ਜਿੰਦਾ ਕਾਰਤੂਸਾਂ ਸਮੇਤ ਬਰਾਮਦ ਕੀਤੇ ਗਏ ਹਨ। ਜਿਲ੍ਹਾ ਪੁਲਿਸ ਮੁਖੀ ਨੇ ਇਹ ਵੀ ਦੱਸਿਆ ਕਿ ਜਸਪ੍ਰੀਤ ਸਿੰਘ ਜੱਸਾ ਦੀ ਅਗਵਾਈ ਵਿੱਚ ਉਕਤ ਮੁਲਜ਼ਮਾਂ ਨੇ ਮੁੰਬਈ, ਅਜਮੇਰ, ਹਰਿਦੁਆਰ ਤੋਂ ਇਲਾਵਾ ਦੇਸ਼ ਦੇ ਹੋਰ ਕਈ ਸ਼ਹਿਰਾਂ ਵਿੱਚ ਆਪਣੀਆਂ ਠਾਹਰਾਂ ਬਣਾਏ ਜਾਣਾ ਵੀ ਮੰਨਿਆ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਐਸਪੀ (ਡੀ) ਬਲਰਾਜ ਸਿੰਘ ਸਿੱਧੂ, ਐਸਪੀ (ਐਚ) ਬਰਨਾਲਾ ਵਿਪਨ ਚੌਧਰੀ, ਜ਼ਿਲ੍ਹਾ ਸੀਆਈਏ ਇੰਚਾਰਜ ਬਲਜੀਤ ਸਿੰਘ, ਮਲਕੀਤ ਸਿੰਘ ਇੰਚਾਰਜ ਥਾਣਾ ਰੂੜੇਕੇ ਕਲਾਂ, ਥਾਣੇਦਾਰ ਰਣਧੀਰ ਸਿੰਘ ਆਦਿ ਹਾਜ਼ਰ ਸਨ। ਐਸਐਸਪੀ ਨੇ ਜਾਣਕਾਰੀ ਹਿਤ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਨੂੰ ਅੱਜ ਮਾਣਯੋਗ ਜੱਜ ਮਨੀਸ਼ਾ ਜੈਨ ਦੀ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਪੁਲਿਸ ਰਿਮਾਂਡ ਲਿਆ ਗਿਆ ਹੈ ਜਿਸ ਦੌਰਾਨ ਫੜੇ ਗਏ ਮੁਲਜ਼ਮਾਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ ਜਿਲ੍ਹੇ ਦੇ ਥਾਣਾ ਮਹਿਲ ਕਲਾਂ ਵਿਖੇ ਜਸਪ੍ਰੀਤ ਸਿੰਘ ਜੱਸਾ ਵਾਸੀ ਬਿਲਾਸਪੁਰ (ਮੋਗਾ) ਖਿਲਾਫ਼ ਮੁਕੱਦਮਾ ਨੰ: 3 ਧਾਰਾ 307,34 ਆਈਪੀਸੀ ਅਤੇ ਥਾਣਾ ਰੂੜੇਕੇ ਵਿਖੇ 17/13 ਆਰਮਜ਼ ਐਕਟ ਤਹਿਤ ਮੁਕੱਦਮਾ ਦਰਜ ਹੈ। ਤਲਾਸ਼ ਦੇ ਚੱਲਦਿਆਂ ਬੀਤੇ ਕੱਲ੍ਹ ਬਰਨਾਲਾ ਪੁਲਿਸ ਨੇ ਉਕਤ ਮੁਲਜ਼ਮ ਤੇ ਉਸਦੇ ਇੱਕ ਸਾਥੀ ਨੂੰ ਸੰਖੇਪ ਪੁਲਿਸ ਮੁਕਾਬਲੇ ਦੌਰਾਨ ਡੇਰਾ ਬੱਸੀ (ਮੋਹਾਲੀ) ਖੇਤਰ ’ਚੋਂ ਕਾਬੂ ਕਰ ਲਿਆ ਸੀ। ਇਸ ਦੌਰਾਨ ਮੁਲਜ਼ਮਾਂ ਦੇ 2 ਸਾਥੀ ਇੰਦਰਜੀਤ ਸਿੰਘ ਵਾਸੀ ਢਿੱਲਵਾਂ ਅਤੇ ਜਸਵੀਰ ਸਿੰਘ ਜੱਗਾ ਵਾਸੀ ਭੋਜੋਵਾਲ ਭੱਜਣ ਵਿੱਚ ਸਫ਼ਲ ਹੋ ਗਏ ਸਨ। ਬੀਤੇ ਵਰ੍ਹੇ ਦੀ 29 ਅਕਤੂਬਰ ਨੂੰ ਸਵੇਰੇ 8 ਵਜੇ ਜਸਪ੍ਰੀਤ ਸਿੰਘ ਜੱਸਾ ਤੇ ਉਸਦੇ ਸਾਥੀਆਂ ਨੇ ਹਲਕਾ ਬਰਨਾਲਾ ਦੇ ਸਾਬਕਾ ਅਕਾਲੀ ਵਿਧਾਇਕ ਮਲਕੀਤ ਸਿੰਘ ਕੀਤੂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।