ਸਤੰਬਰ ਦੋ ਹਜ਼ਾਰ ਤਿੰਨ ਇੱਕ ਸਵੇਰ ਦੀ ਗੱਲ ਹੈ ਕਿ ਮੈਂ ਬਿਸਤਰੇ ਵਿੱਚ ਸੁੱਤਾ ਹੀ ਪਿਆ ਸੀ ਕਿ ਟੈਲੀਫੋਨ ਦੀ ਘੰਟੀ ਵੱਜਣ ਲੱਗ ਪਈ ਮੈਂ ਉਭੜਵਾਹੇ ਉਠਿਆ ਟੈਲੀਫੋਨ ਤੋਂ ਕੋਈ ਦੱਸ ਰਿਹਾ ਸੀ ਕਿ ‘‘ਮੈਂ ਟਰਾਂਟੋ ਤੋਂ ਹਰਬੰਸ ਬੋਲ ਰਿਹਾ ਹਾਂ ਮੈਂ ਪੰਜਾਬ ਦੇ ਨਵਾਂ ਸ਼ਹਿਰ ਲਾਗੇ ਪਿੰਡ ਚੀਕਾ ਦਾ ਰਹਿਣ ਵਾਲਾ ਹਾਂ ਤੇ ਲੱਗਭਗ ਤੀਹ ਵਰ੍ਹੇ ਪਹਿਲਾਂ ਰੁਜ਼ਗਾਰ ਦੀ ਭਾਲ ਵਿੱਚ ਕੈਨੇਡਾ ਦੇ ਸ਼ਹਿਰ ਟਰਾਂਟੋ ਆ ਡੇਰੇ ਲਾਏ ਸਨ ਮੈਨੂੰ ਪਿਛਲੇ ਬਾਰਾਂ ਵਰ੍ਹਿਆਂ ਤੋਂ ਭੂਤਾਂ ਤੇ ਨਾਗਾਂ ਨੇ ਬਹੁਤ ਤੰਗ ਕੀਤਾ ਹੋਇਆ ਹੈ ਸਾਡੇ ਪਰਿਵਾਰ ਦੀ ਜ਼ਿੰਦਗੀ ਨਰਕ ਬਣਾਈ ਹੋਈ ਹੈ ਮੈਂ ਤਿੰਨ ਬੇਟੀਆਂ ਦਾ ਬਾਪ ਹਾਂ’’ ਮੈਂ ਉਸਦੀ ਗੱਲ ਧਿਆਨ ਨਾਲ ਸੁਣੀ ਤੇ ਉਸਨੂੰ ਕਿਹਾ ਕਿ ‘ਛੇਤੀ ਹੀ ਮੈਂ ਟਰਾਂਟੋ ਇੱਕ ਫੰਕਸ਼ਨ ਵਿੱਚ ਸ਼ਾਮਲ ਹੋਣ ਲਈ ਆ ਰਿਹਾ ਹਾਂ ਉਸ ਸਮੇਂ ਤੇਰੀ ਇਹ ਸਮੱਸਿਆ ਹੱਲ ਕਰ ਦਿੱਤੀ ਜਾਵੇਗੀ’’ ਮੈਂ ਉਸਨੂੰ ਆਪਣੇ ਰਹਿਣ ਟਿਕਾਣੇ ਹਰਪਿੰਦਰ ਬਰਾੜ ਤੇ ਹਰਪ੍ਰੀਤ ਬਰਾੜ ਦਾ ਫੋਨ ਨੰਬਰ ਦੇ ਦਿੱਤਾ ਇਹ ਦੋਏ ਪਤੀ ਪਤਨੀ ਸੁਸਾਇਟੀ ਦੇ ਮੈਂਬਰ ਹਨ ਤੇ ਸੁਸਾਇਟੀ ਲਈ ਹਰ ਕਿਸਮ ਦੀ ਕੁਰਬਾਨੀ ਕਰਨ ਲਈ ਤਿਆਰ ਹਨ ਇਨ੍ਹਾਂ ਦੇ ਸੱਦੇ ’ਤੇ ਹੀ ਮੈਨੂੰ ਟਰਾਂਟੋ ਜਾਣ ਦਾ ਸੁਭਾਗ ਪ੍ਰਾਪਤ ਹੋਇਆ ਹੈ।
ਜਨਵਰੀ ਦੋ ਹਜ਼ਾਰ ਚਾਰ ਵਿੱਚ ਮੈਂ ਟਰਾਂਟੋ ਪੁੱਜ ਗਿਆ ਹੋਰ ਕੰਮਾਂ ਦੇ ਨਾਲ ਨਾਲ ਇਸ ਕੇਸ ਨੂੰ ਵੀ ਹੱਲ ਕਰਨ ਦਾ ਤਹੱਈਆ ਕੀਤਾ ਮਿਤੀ 30 ਜਨਵਰੀ ਦੋ ਹਜ਼ਾਰ ਚਾਰ ਨੂੰ ਮੈਂ ਤੇ ਹਰਪਿੰਦਰ ਹਰਬੰਸ ਦੇ ਸ਼ਹਿਰ ਬਰਲਿਗਟਨ ਲਈ ਚਲ ਪਏ ਆਲੇ ਦੁਆਲੇ ਦੇ ਨਜ਼ਾਰੇ ਬਹੁਤ ਹੀ ਖੂਬਸੂਰਤ ਸਨ ਸਭ ਚੀਜ਼ਾਂ ਦੁੱਧ ਚਿੱਟੀ ਬਰਫ਼ ਨਾਲ ਢੱਕੀਆਂ ਸਨ ਹਰਪਿੰਦਰ ਦੀ ਵੱਡੀ ਕਾਰ ਇੱਕ ਸੌ ਚਾਲੀ ਕਿਲੋਮੀਟਰ ਦੀ ਰਫ਼ਤਾਰ ਨਾਲ ਜਾ ਰਹੀ ਸੀ ਲਗਭੱਗ ਇੱਕ ਘੰਟੇ ਦੇ ਸਫ਼ਰ ਬਾਅਦ ਅਸੀਂ ਸਬੰਧਤ ਘਰੇ ਜਾ ਪੁੱਜੇ ਘਰ ਦਾ ਮਾਲਕ ਹਰਬੰਸ ਘਰ ਦੇ ਬਾਹਰੋਂ ਬਰਫ਼ ਹਟਾਉਣ ਲੱਗਿਆ ਹੋਇਆ ਸੀ ਘਰ ਬਹੁਤ ਹੀ ਸ਼ਾਨਦਾਰ ਸਾਰੇ ਘਰ ਵਿੱਚ ਗਲੀਚੇ ਵਿਛੇ ਹੋਏ ਸਨ ਕੈਨੇਡਾ ਵਿਚਲੇ ਘਰਾਂ ਦੀ ਸਫ਼ਾਈ ਦਾ ਜਦੋਂ ਮੈਂ ਪੰਜਾਬੀ ਘਰਾਂ ਨਾਲ ਮੁਕਾਬਲਾ ਕਰਦਾ ਹਾਂ ਤਾਂ ਮੈਨੂੰ ਜ਼ਮੀਨ ਅਸਮਾਨ ਦਾ ਅੰਤਰ ਨਜ਼ਰ ਆਉਦਾ ਹੈ ਖੈਰ ਇਨ੍ਹਾਂ ਗੱਲਾਂ ਨੂੰ ਕਿਸੇ ਹੋਰ ਥਾਂ ਛੱਡਦੇ ਹੋਏ ਆਪਾ ਆਪਣਾ ਧਿਆਨ ਇਸ ਕੇਸ ਹਿਸਟਰੀ ਤੇ ਹੀ ਕੇਂਦਰਤ ਕਰਦੇ ਹਾਂ।
ਇਹ ਪਰਿਵਾਰ 1991 ਤੱਕ ਰਾਜੀ ਖੁਸ਼ੀ ਸੀ ਦੋ ਮਕਾਨ ਜਿਨਾਂ ਦੀ ਕੀਮਤ ਅੱਠ ਲੱਖ ਡਾਲਰ ਤੋਂ ਘੱਟ ਨਹੀਂ ਸੀ ਇਨ੍ਹਾਂ ਦੇ ਆਪਣੇ ਬਣ ਚੁੱਕੇ ਸਨ ਪਤੀ ਪਤਨੀ ਦੋਹਾਂ ਨੇ ਮੇਹਨਤ ਕਰਕੇ ਬੈਂਕ ਲੋਨ ਦੀਆਂ ਸਾਰੀਆਂ ਕਿਸਤਾਂ ਤਾਰ ਦਿੱਤੀਆਂ ਸਨ ਪਤੀ ਹਰਬੰਸ ਕਰੇਨ ਉਪਰੇਟਰ ਸੀ ਉਸਦੀ ਪਤਨੀ ਗੁਰਿੰਦਰ ਕਾਰਾਂ ਦੇ ਪੁਰਜੇ ਬਣਾਉਣ ਵਾਲੀ ਫੈਕਟਰੀ ਵਿੱਚ ਇੰਸਪੈਕਸ਼ਨ ਦੀ ਜਾਬ ਕਰਦੀ ਸੀ ਛੋਟੇ ਭਰਾ ਦੇ ਵਿਆਹ ਨੂੰ ਕਾਫੀ ਵਰ੍ਹੇ ਬੀਤ ਗਏ ਸਨ ਪਰ ਪਤਾ ਨਹੀਂ ਕਿਸ ਕਾਰਨ ਉਨ੍ਹਾਂ ਦੇ ਘਰ ਬੱਚਾ ਪੈਦਾ ਨਹੀਂ ਸੀ ਹੋ ਰਿਹਾ ਛੋਟੇ ਭਰਾ ਨੇ ਆਪਣੇ ਘਰ ਵਿੱਚ ਮਾਈ ਅੱਤਿਆ ਦੀ ਚੌਕੀ ਲਵਾਉਣ ਦਾ ਫੈਸਲਾ ਕੀਤਾ ਕਿ ਸ਼ਾਇਦ ਚੌਕੀ ਨਾਲ ਹੀ ਘਰ ਵਿੱਚ ਬੱਚੇ ਦੀਆਂ ਕਿਲਕਾਰੀਆਂ ਪੈਣ ਲੱਗ ਜਾਣ ਵੱਡੇ ਭਰਾ ਨੂੰ ਵੀ ਇਸ ਸੁਭ ਮੌਕੇ ਤੇ ਬੁਲਾਵਾ ਆ ਗਿਆ ਚੌਕੀ ਸਮੇਂ ਹੀ ਮਾਈ ਅੱਤਿਆ ਨੇ ਹੁਕਮ ਚਾੜ ਦਿੱਤਾ ਕਿ ਹਰਬੰਸ ਆਪਣੀ ਪਤਨੀ ਗੁਰਿੰਦਰ ਨੂੰ ਵੀ ਚੌਕੀ ਵਿੱਚ ਲੈ ਕੇ ਹਾਜ਼ਰ ਹੋਵੇ ਮਰਦਾ ਕੀ ਨਾ ਕਰਦਾ, ਬਾਬਿਆਂ ਦਾ ਹੁਕਮ ਸਿਰ ਮੱਥੇ ’ਤੇ ਮੰਨਦਾ ਹੋਇਆ ਹਰਬੰਸ ਆਪਣੀ ਪਤਨੀ ਗੁਰਿੰਦਰ ਨੂੰ ਚੌਕੀ ਤੇ ਲੈ ਕੇ ਹਾਜ਼ਰ ਹੋ ਗਿਆ।
ਮਹਿੰਦਰ ਦਾ ਵਿਆਹ 1977 ਵਿੱਚ ਹਰਬੰਸ ਨਾਲ ਹੋਇਆ ਸੀ ਵਿਆਹ ਤੋਂ ਪਹਿਲਾਂ ਉਸਨੇ ਆਪਣੇ ਪਿੰਡ ਦੇ ਸਕੂਲ ਤੋਂ ਦਸਵੀਂ ਪਾਸ ਕੀਤੀ ਸੀ ਬਚਪਨ ਵਿੱਚ ਉਸ ਨੂੰ ਬਾਲਕ ਨਾਥ ਵਿੱਚ ਡੂੰਘੀ ਸ਼ਰਧਾ ਸੀ ਹਰ ਸਮੇਂ ਆਪਣੇ ਖਿਆਲਾਂ ਵਿੱਚ ਬਾਲਕ ਨਾਥ ਨੂੰ ਸਮਾਈ ਉਹ ਕੈਨੇਡਾ ਦੀ ਧਰਤੀ ਆਪਣੇ ਪਤੀ ਦੀ ਉਗਲੀ ਫੜ ਆ ਉਤਰੀ ਪੰਦਰਾਂ ਸਾਲ ਆਪਣੇ ਪਤੀ ਨਾਲ ਹੱਥ ਵਟਾਉਦੀ ਉਹ ਤਿੰਨ ਧੀਆਂ ਦੀ ਮਾਂ ਵੀ ਬਣ ਗਈ ਇਨੇ ਸਮੇਂ ਦੌਰਾਨ ਉਸਨੂੰ ਬਾਲਕ ਨਾਥ ਦਾ ਕਦੇ ਸੁਪਨਾ ਵੀ ਨਾ ਆਇਆ ਜਿਸ ਦਿਨ ਉਹ ਚੌਕੀ ਵਿੱਚ ਆ ਵੜੀ ਤਾਂ ਬਾਲਕ ਨਾਥ ਉਸਦੇ ਅੰਦਰ ਅਜਿਹਾ ਵੜਿਆ ਕਿ ਉਥੇ ਹੀ ਘਰ ਵਸਾ ਕੇ ਬੈਠ ਗਿਆ।
ਬਾਲਕ ਨਾਥ ਕੀ ਕਰਦਾ ਸੀ : ਬਾਲਕ ਨਾਥ ਨੇ ਉਸ ਦਿਨ ਆਉਦਿਆਂ ਹੀ ਹੁਕਮ ਚਾੜ ਦਿੱਤਾ ਕਿ ਸ਼ਹੀਦਾਂ ਦੀ ਜਗਾਹ ਬਣਾਉ ਹਰ ਐਤਵਾਰ ਨੂੰ ਚੌਕੀ ਭਰਨ ਦੇ ਹੁਕਮ ਵੀ ਇਸੇ ਦਿਨ ਚਾੜ ਦਿੱਤਾ ਗਿਆ ਬੱਸ ਫਿਰ ਕੀ ਸੀ ਹਰ ਐਤਵਾਰ ਨੂੰ ਸੁਵੱਖਤੇ ਹੀ ਕੰਮ ਛੱਡ ਕੇ ਆ ਜਾਣਾ ਤੇ ਦਿਨ ਭਰ ਮਾਈ ਅਤਿਆ ਦੀ ਚੌਕੀ ਭਰੀ ਜਾਣੀ ਤੇ ਭੰਡਾਰੇ ਕਰੀ ਜਾਣਾ ਸਾਰਾ ਪਰਿਵਾਰ ਹੀ ਅਜਿਹਾ ਕੁਝ ਕਰਦਾ ਰਹਿੰਦਾ ਕਦੇ ਕਦੇ ਭੰਡਾਰਾ ਕਰਨ ਦਾ ਹੁਕਮ ਵੀ ਆ ਜਾਂਦਾ ਦੋ-ਚਾਰ ਹਜ਼ਾਰ ਡਾਲਰ ਖਰਚ ਕਰਕੇ ਮਾਈ ਅੱਤਿਆ ਦਾ ਭੰਡਾਰਾ ਵੀ ਕੀਤਾ ਜਾਂਦਾ।
ਹੌਲੀ ਹੌਲੀ ਇਹ ਵਰਤਾਰਾ ਵੱਧਦਾ ਹੀ ਗਿਆ ਬਾਕੀ ਦਿਨ ਘਰੇ ਵੀ ਬਾਲਕ ਨਾਥ ਦੇ ਹੀ ਗੁਣ ਗਾਣ ਹੁੰਦੇ ਰਹਿੰਦੇ ਦਿਨੋ ਦਿਨ ਮਨ ਵਿੱਚ ਡਰ ਵੀ ਘਰ ਕਰਦਾ ਗਿਆ ਕੰਮ ਤੇ ਜਾ ਕੇ ਵੀ ਡਰੀ ਜਾਣਾ ਹਾਲਾਤ ਹੋਰ ਵੀ ਵਿਗੜਦੇ ਗਏ ਹੁਣ ਹਾਲਤ ਇਹ ਹੋ ਗਈ ਜੇ ਚਾਹ ਪੀਣੀ ਸ਼ੁਰੂ ਕਰ ਦੇਣੀ ਤਾਂ ਚਾਹ ਹੀ ਪੀਂਦੇ ਜਾਣਾ ਦਿਨ ਵਿੱਚ ਤੀਹ ਚਾਲੀ ਕੱਪ ਚਾਹ ਦੇ ਹੀ ਪੀ ਜਾਣਾ ਨਾੜਾਂ ਕਸੀਆਂ ਜਾਂਦੀਆਂ ਰਹੀਆਂ ਹੌਲੀ ਹੌਲੀ ਅਸਰ ਅੱਖਾਂ ’ਤੇ ਵੀ ਹੋਣ ਲੱਗ ਪਿਆ।
ਮਹਿੰਦਰ ਦਾ ਬੱਚਿਆਂ ਨਾਲ ਵੀ ਮੋਹ ਘੱਟ ਗਿਆ ਪਤੀ ਨਾਲ ਪਤੀ ਪਤਨੀ ਵਾਲੇ ਸਬੰਧ ਖਤਮ ਹੋ ਗਏ
ਹਰਬੰਸ ਅਨਪੜ੍ਹ ਹੋਣ ਕਰਕੇ ਉਸਦੇ ਵੀ ਮੁੱਕੀਆਂ ਵੱਜਦੀਆਂ ਸਨ ਕਦੀ ਕਦੀ ਪਸਲੀ ਵਿੱਚ ਵੀ ਗੁੱਝਾ ਬਝਦੀਆਂ ਸਨ ਸਰੀਰ ਵਿੱਚੋਂ ਤਾਕਤ ਚਲੀ ਗਈ ਸੀ ਉਸਨੂੰ 6 ਲੰਬੇ ਨਾਗ ਵੀ ਦਿਸਣ ਲੱਗ ਪਏ ਸਨ ਇਹ ਨਾਗ ਇਕੱਲੇ ਹਰਬੰਸ ਨੂੰ ਹੀ ਨਹੀਂ ਸਨ ਦਿਸਦੇ ਬਲਕਿ ਪਰਿਵਾਰ ਦੀਆਂ ਧੀਆਂ ਨੂੰ ਵੀ ਤੰਗ ਕਰਦੇ ਸਨ।
ਦੋ ਵਾਰ ਤਾਂ ਮਹਿੰਦਰ ਤੋਂ ਕਾਰ ਦਾ ਐਕਸੀਡੈਂਟ ਵੀ ਇਨ੍ਹਾਂ ਗੱਲਾਂ ਨਾਲ ਹੋ ਗਿਆ ਇੱਕ ਵਾਰ ਤਾਂ ਉਹ ਆਪਣੇ ਪੇਕਿਆਂ ਦੇ ਘਰ ਨਵੀਂ ਕਾਰ ਲੈ ਕੇ ਗਈ ਹੀ ਸੀ ਗੈਰਾਜ ਵਿੱਚ ਹੀ ਪੈਰ ਬਰੇਕਾਂ ਦੀ ਵਜਾਏ ਰੇਸ ਤੇ ਟਿਕ ਗਿਆ ਤੇ ਕਾਰ ਕੰਧ ਟੱਪ ਕੇ ਗੁਸਲਖਾਨੇ ਵਿੱਚ ਜਾ ਵੜੀ ਬੈਲਟ ਲੱਗੀ ਹੋਣ ਕਰਕੇ ਮਹਿੰਦਰ ਤਾਂ ਸੱਟਾਂ ਤੋਂ ਬਚ ਗਈ ਪਰ ਕਾਰ ਤੇ ਮਕਾਨ ਦਾ ਨੁਕਸਾਨ ਲੱਖਾਂ ਵਿੱਚ ਹੋ ਗਿਆ ਇੱਕ ਦਿਨ ਵਿਚਕਾਰਲੀ ਕੁੜੀ ਛੋਟੀ ਨੂੰ ਨਾਲ ਲੈ ਕੇ ਜਾ ਰਹੀ ਸੀ ਕਿ ਕਾਰ ਉਲਟ ਕੇ ਖੱਡ ਵਿੱਚ ਜਾ ਡਿੱਗੀ ਇਸ ਤਰ੍ਹਾਂ ਬਾਕੀ ਦੋ ਹੋਰ ਐਕਸੀਡੈਂਟ ਵੀ ਹੋ ਗਏ।
ਹੁਣ ਹਰਬੰਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਉਸਨੇ ਆਪਣੇ ਘਰ ਦਾ ਇਲਾਜ ਕਰਾਉਣ ਲਈ ਵੱਖ-ਵੱਖ ਸਿਆਣਿਆਂ ਤੱਕ ਪਹੁੰਚ ਸ਼ੁਰੂ ਕਰ ਦਿੱਤੀ ਇਸ ਕੰਮ ਲਈ ਦੋਹਾਂ ਜੀਆਂ ਨੇ 10-15 ਚੱਕਰ ਤਾਂ ਪੰਜਾਬ ਦੇ ਲਾ ਦਿੱਤੇ ‘ਸਿਆਣਿਆਂ’ ਦੀ ਕਹੀ ਹਰ ਗੱਲ ਤੇ ਫੁੱਲ ਚੜਾਏ ਗਏ ਕਿਸੇ ਸਿਆਣੇ ਨੇ ਕਿਹਾ ਚੌਕੀਆਂ ਭਰੋ ਅਸੀਂ ਭਰੀਆਂ ਕਿਸੇ ਨੇ ਕਿਹਾ ਸਧਾਰਣ ਪਾਠ ਕਰਵਾਉ ਅਸੀਂ ਕਰਵਾਏ ਕਿਸੇ ਨੇ ਕਿਹਾ ਚਰਚ ਵਾਲੇ ਨੂੰ ਬੁਲਾਓ ਅਸੀਂ ਲੈ ਆਏ।
ਕਿਸੇ ਸਿਆਣੇ ਦੇ ਕਹਿਣ ਤੇ ਅਸੀਂ ਵੱਡੀ ਕੁੜੀ ਦਾ ਵਿਆਹ ਵੀ ਕੁੜੀ ਦੀ ਮਰਜ਼ੀ ਦੇ ਖਿਲਾਫ਼ ਕਰ ਦਿੱਤਾ ਵਧੀਆ ਘਰ ਮਿਲ ਗਿਆ ਪਰ ਕੁੜੀ ਨੂੰ ਤਿੰਨ ਦਿਨਾਂ ਬਾਅਦ ਹੀ ਨਾਗ ਦਿਸਣ ਲੱਗ ਪਏ ਉਹ ਖੇਡਣ ਲੱਗ ਪਈ ਉਸਦੀ “ ਵਾਲੀ ਥਾਂ ’ਤੇ ਫੋੜਾ ਨਿਕਲ ਆਇਆ ਉਪਰੇਸ਼ਨ ਕਰਵਾਉਣਾ ਪਿਆ ਤਿੰਨ ਦਿਨਾਂ ਬਾਅਦ ਹੀ ਤਲਾਕ ਹੋ ਗਿਆ ਕੁੜੀ ਘਰ ਬੈਠ ਗਈ।
ਬੰਗੇ (ਪੰਜਾਬ) ਗੁਰੂ ਵੀ ਧਾਰਨ ਕੀਤਾ ਹਾਲਤ ਵਿੱਚ ਕੋਈ ਵੀ ਫਰਕ ਨਾ ਪਿਆ ਲਗਭਗ ਛੇ ਲੱਖ ਡਾਲਰ ਜਿਸਦਾ ਭਾਰਤ ਕਰੰਸੀ ਵਿੱਚ ਮੁਲ ਦੋ ਕਰੋੜ ਤੋਂ ਉਪਰ ਬਣਦਾ ਹੈ ਖਰਚ ਹੋ ਗਏ ਇੱਕ ਘਰ ਗਿਆ ਦੂਜੇ ਤੇ ਚੁੱਕ ਲਈ ਹੈ।
ਸਾਡੇ ਤੱਕ ਪਹੁੰਚ : ਪਰਿਵਾਰ ਦੇ ਬੇਨਤੀ ਕਰਨ ਤੇ ਸਾਡੇ ਦੋ ਵਿਅਕਤੀਆਂ ਦੀ ਟੀਮ ਉਸ ਘਰ ਪੁੱਜ ਗਈ ਚਾਹ ਪਾਣੀ ਪੀਣ ਤੋਂ ਬਾਅਦ ਅਸੀਂ ਪਹਿਲਾਂ ਮਹਿੰਦਰ ਨਾਲ ਗੱਲਬਾਤ ਕੀਤੀ ਤੇ ਫਿਰ ਪੁੱਛ ਪੜਤਾਲ ਉਸਦੇ ਪਤੀ ਤੋਂ ਕੀਤੀ ਪਰਿਵਾਰ ਨੇ ਬਾਕੀ ਗੱਲਾਂ ਦੀ ਜਾਣਕਾਰੀ ਤਾਂ ਸਾਨੂੰ ਪੂਰੀ ਤਰ੍ਹਾਂ ਦਿੱਤੀ ਪਰ ਕੁੜੀਆਂ ਨੂੰ ਮਿਲਵਾਉਣ ਤੋਂ ਇਨਕਾਰ ਕਰ ਦਿੱਤਾ।
ਇਸ ਤੋਂ ਬਾਅਦ ਅਸੀਂ ਦੋਹਾਂ ਜੀਆਂ ਨੂੰ ਇਕੱਠੇ ਬਿਠਾ ਲਿਆ ਤੇ ਉਨ੍ਹਾਂ ਦੇ ਦਿਮਾਗਾਂ ਵਿੱਚੋਂ ਭੂਤਾਂ ਪ੍ਰੇਤਾਂ ਦਾ ਡਰ ਕੱਢਣ ਲਈ ਉਨ੍ਹਾਂ ਨੂੰ ਸਾਡੇ ਦੁਆਰਾ ਕੀਤੇ ਕੰਮਾਂ ਦੀ ਜਾਣਕਾਰੀ ਦਿੱਤੀ ਗਈ ਲਗਭਗ ਇੱਕ ਘੰਟੇ ਦੀ ਗੱਲਬਾਤ ਨਾਲ ਅਸੀਂ ਕੁਝ ਹੱਦ ਤੱਕ ਤਾਂ ਉਨ੍ਹਾਂ ਦੇ ਭਰਮ ਭੁਲੇਖੇ ਮੁਕਾ ਦਿੱਤੇ ਇਸ ਤੋਂ ਬਾਅਦ ਅਸੀਂ ਮਹਿੰਦਰ ਨੂੰ ਹਿਪਨੋਟਿਜ਼ਮ ਕਰਨ ਦਾ ਫੈਸਲਾ ਕੀਤਾ ਅਤੇ ਉਸਨੂੰ ਜਾਣ ਲਈ ਕਿਹਾ।
ਵਾਛ ਰੂਮ ਵਿੱਚੋਂ ਬਾਹਰ ਆਉਣ ਤੇ ਗੁਰਿੰਦਰ ਨੇ ਆਪਣੇ ਢਿੱਡ ਤੇ ਦੁਹੱਥੜ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਪੌੜੀਆਂ ਚੜ੍ਹਨ ਲੱਗ ਪਈ ਕਿਉਕਿ ਉਹ ਬੈੱਡ ਰੂਮ ਜਿਸ ਵਿੱਚ ਉਹਨੂੰ ਹਿਪਨੋਟਾਈਜ਼ ਕਰਨਾ ਸੀ ਉਹ ਉਪਰ ਸੀ ਉਸਦਾ ਘਰ ਵਾਲਾ ਹਰਬੰਸ ਤੇ ਅਸੀਂ ਉਪਰ ਹੀ ਜਾ ਪਹੁੰਚੇ ਮਹਿੰਦਰ ਬੈੱਡਰੂਮ ਦੇ ਫਰਸ਼ ਤੇ ਹੀ ਲਿਟੀ ਹੋਈ ਸੀ ਤੇ ਉਸਦਾ ਘਰ ਵਾਲਾ ਉਸਦੇ ਨਜ਼ਦੀਕ ਹੋਇਆ ਹੀ ਸੀ ਕਿ ਉਸਤੇ ਮੁੱਕੀਆਂ ਤੇ ਥੱਪੜਾਂ ਦੀ ਬਰਸਾਤ ਹੋਣੀ ਸ਼ੁਰੂ ਹੋ ਗਈ ਘਰ ਵਾਲੇ ਨੇ ਮਸਾਂ ਆਪਣੀ ਜਾਨ ਬਚਾਈ ਉਸਦੇ ਜਾਣ ਦੀ ਦੇਰ ਸੀ ਕਿ ਅਸੀਂ ਉਸਨੂੰ ਹਿਪਨੋਟਾਈਜ਼ ਕਰਨਾ ਸ਼ੁਰੂ ਕਰ ਦਿੱਤਾ ਛੇਤੀ ਹੀ ਉਹ ਸਾਡੇ ਪ੍ਰਭਾਵ ਵਿੱਚ ਆ ਗਈ ਵਾਰ ਵਾਰ ਸਾਡੇ ਸੁਝਾਵਾਂ ਨੇ ਉਸ ਵਿਚੋਂ ਬਾਲਕ ਨਾਥ ਨੂੰ ਸਦਾ ਲਈ ਕੱਢ ਦਿੱਤਾ।
ਸਾਡੇ ਦੁਆਰਾ ਦਿੱਤੀਆਂ ਕਿਤਾਬਾਂ ਨੇ ਪਰਿਵਾਰ ਦੀ ਜ਼ਿੰਦਗੀ ਮੁੜ ਲੀਹ ’ਤੇ ਲਿਆ ਦਿੱਤੀ।