ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੱਛਮੀ ਦਿੱਲੀ ਦੇ ਤਿਲਕ ਨਗਰ ਥਾਣੇ ਦੇ ਬਾਹਰ 1984 ਦੇ ਸਿੱਖ ਦੰਗਿਆਂ ਦੇ ਮੁੱਖ ਦੋਸ਼ੀ ਸਜਣ ਕੁਮਾਰ ਨੂੰ ਦਿੱਲੀ ਦੀ ਕੜਕੜਡੂੰਮਾ ਕੋਰਟ ਵੱਲੋਂ ਬਰੀ ਕੀਤੇ ਜਾਣ ਦੇ ਖਿਲਾਫ਼ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਵੱਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਕੇ ਚੱਕਾ ਜਾਮ ਕੀਤਾ ਗਿਆ। ਚੌਖੰਡੀ ਬਾਜ਼ਾਰ ਤੋਂ ਪ੍ਰਦਰਸ਼ਨਕਾਰੀਆਂ ਨੇ ਤਿਲਕ ਨਗਰ ਥਾਣੇ ਵੱਲ ਕਾਂਗਰਸ ਸਰਕਾਰ ਅਤੇ ਸਜਣ ਕੁਮਾਰ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਰੁੱਖ ਕੀਤਾ ਤਾਂ ਪੁਲਿਸ ਵੱਲੋਂ ਉਨ੍ਹਾਂ ਨੂੰ ਬੈਰੀਅਰ ਲਗਾ ਕੇ ਰੋਕਣ ਦਾ ਯਤਨ ਕੀਤਾ ਗਿਆ। ਵਿਖਾਵਾਕਾਰੀਆਂ ਦੇ ਜੋਸ਼ ਅਤੇ ਗੁਸੇ ਨੂੰ ਵੇਖਦੇ ਹੋਏ ਪੁਲਿਸ ਬਲ ਉਨ੍ਹਾਂ ਨੂੰ ਰੋਕਣ ਵਿੱਚ ਨਾਕਾਮ ਰਹੇ।ਵਿਖਾਵਾਕਾਰੀਆਂ ਨੇ ਤਿਲਕ ਨਗਰ ਚੌਂਕ ਤੇ ਚੱਕਾ ਜਾਮ ਕਰਨ ਤੋਂ ਬਾਅਦ ਸੁਭਾਸ਼ ਨਗਰ ਮੈਟਰੋ ਸਟੇਸ਼ਨ ਤੇ ਜੋਰਦਾਰ ਹੰਗਾਮਾ ਕਰਦੇ ਹੋਏ ਦੁਆਰਕਾ-ਆਨੰਦ ਵਿਹਾਰ ਮੈਟਰੋ ਸੇਵਾ ਅਤੇ ਦੁਆਰਕਾ-ਨੋਇਡਾ ਸੇਵਾ ਨੂੰ ਲੱਗਭੱਗ ਇੱਕ ਘੰਟੇ ਲਈ ਠੱਪ ਕਰ ਦਿੱਤਾ।ਪ੍ਰਦਰਸ਼ਨਕਾਰੀਆਂ ਨੇ ਪਟੜੀ ਤੇ ਬੈਠ ਕੇ 5 ਚੌਪਈ ਸਾਹਿਬ ਦੇ ਪਾਠ ਕੀਤੇ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਤੇ ਮੈਟਰੋ ਕਰਮਚਾਰੀਆਂ ਵੱਲੋਂ ਬੇਨਤੀ ਕੀਤੇ ਜਾਣ ਤੋਂ ਬਾਅਦ ਵਿਖਾਵਾਕਾਰੀ ਪਟੜੀ ਤੋਂ ਹੱਟੇ।
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਕਿਹਾ ਕਿ ਸਰਕਾਰ ਸਿੱਖਾਂ ਨਾਲ ਧੱਕਾ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਅੱਜ ਐਲਾਨ ਕਰਦਾ ਹਾਂ ਕਿ ਦਿੱਲੀ ਕਮੇਟੀ ਦਾ ਜਨਰਲ ਹਾਊਸ ਬੁਲਾ ਕੇ ਜਲਦ ਹੀ ਨਵੰਬਰ 84 ਦੇ ਕਤਲੇਆਮ ਦੌਰਾਨ ਹੋਏ ਸ਼ਹੀਦ ਹੋਏ ਸਿੱਖਾਂ ਦੀ ਯਾਦ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਜਾਂ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਯਾਦਗਰ ਬਣਾਈ ਜਾਵੇਗੀ।ਪ੍ਰਦਰਸ਼ਨ ਦੌਰਾਨ ਦਿੱਲੀ ਪੁਲਿਸ ਨੇ ਕੁਝ ਨੇਤਾਵਾਂ ਨੂੰ ਹਿਰਾਸਤ ਵਿੱਚ ਲੈ ਲਿਆ, ਜਿਸ ਤੇ ਸੜਕ ਤੇ ਹੀ ਟਾਇਰ ਸਾੜ ਕੇ ਰੋਸ ਜਾਹਿਰ ਕੀਤਾ ਗਿਆ ਅਤੇ ਸੜਕ ਤੇ ਹੀ ਦਰੀਆਂ ਵਿਛਾ ਕੇ ਗੁਰੂ ਦਾ ਲੰਗਰ ਛੱਕਿਆ ਗਿਆ। ਦਿੱਲੀ ਪੁਲਿਸ ਨੇ ਭੀੜ੍ਹ ਨੂੰ ਹਟਾਉਣ ਲਈ ਹਲਕਾ ਲਾਠੀਚਾਰਜ ਵੀ ਕੀਤਾ।