ਅਕਾਲ ਤਖ਼ਤ ਸਾਹਿਬ ਦੇ ਨੇੜੇ 1984 ਦੇ ਸਾਕੇ ਸਬੰਧੀ ਯਾਦਗਾਰ ‘ਤੇ ਲੱਗੇ ਬੋਰਡ ਅਤੇ ਸਲੈਬਾਂ ਸਿੱਖ ਤਵਾਰੀਖ਼ ਦਾ ਰੇਪ ਹਨ। ਹੈ। ਇਕ ਗੱਲ ਸਮਝ ਲੈਣੀ ਚਾਹੀ ਦੀ ਹੈ ਕਿ ਇਸ ਨੂੰ ਰੇਪ ਕਹਿਣ ਦਾ ਕਾਰਨ ਇਸ ‘ਤੇ ਲੋਕ ਨਾਇਕ ਪੰਥ ਰਤਨ ਬਾਬਾ ਜਰਨੈਲ ਸਿੰਘ ਦਾ ਨਾਂ ‘ਤੇ ਇਤਰਾਜ਼ ਕਰਨਾ ਨਹੀਂ ਹੈ।
ਇਸ ਸਾਕੇ ਵਿਚ ਸੈਂਕੜੇ ਜੁਝਾਰੂ ਜੂਝੇ ਸਨ; ਇਸ ਦੀ ਅਗਵਾਈ ਬਾਬਾ ਜਰਨੈਲ ਸਿੰਘ, ਜਨਰਲ ਸੁਬੇਗ ਸਿੰਘ ਤੇ ਹੋਰਨਾਂ ਨੇ ਕੀਤੀ ਸੀ। ਇਸ ਵਿਚ ਕਮਾਲ ਦਾ ਮੋਰਚਾ ਭਾਈ ਅਮਰਜੀਤ ਸਿੰਘ ਖੇਮਕਰਨੀ (ਜਥੇਦਾਰ ਤਲਵਿੰਦਰ ਸਿੰਘ ਦੇ ਬਬਰ ਖਾਲਸਾ ਦੇ ਮੋਢੀ ਮੈਂਬਰਾਂ ਵਿਚੋਂ ਇਕ ਅਤੇ ਸ ਸਿਮਰਨਜੀਤ ਸਿੰਘ ਮਾਨ ਦਾ ਇਕ ਸਾਥੀ) ਦਾ ਸੀ, ਜਿਸ ਨੇ ਭਾਰਤੀ ਫ਼ੌਜ ਦੇ ਹਮਲੇ ਦਾ ਮੁਕਾਬਲਾ ਕਰਨ ਵਿਚ ਸਭ ਤੋਂ ਵਧ ਰੋਲ ਅਦਾ ਕੀਤਾ ਸੀ। ਇਸ ਵਿਚ ਬੀਬੀ ਉਪਕਾਰ ਕੌਰ ਅਤੇ ਬੀਬੀ ਪਰਮਜੀਤ ਕੌਰ ਸੰਧੂ ਵਰਗੀਆਂ ਸ਼ੇਰਨੀਆਂ ਵੀ ਡਟ ਕੇ ਲੜੀਆਂ ਸਨ। ਨਾਗੋਕੇ ਦੇ ਸਿੰਘਾਂ ਦੇ ਜਥੇ ਦਾ ਇਸ ਵਿਚ ਅਹਿਮ ਰੋਲ ਸੀ। ਇਨ੍ਹਾਂ ਜੁਝਾਰੂਆਂ ਅਤੇ ਸ਼ਹੀਦਾਂ ਵਿਚੋਂ ਬਹੁਤ ਸਾਰਿਆਂ ਦੇ ਨਾਂ ਅਤੇ ਤਸਵੀਰਾਂ ਮੈਂ 1991 ਵਿਚ ਕਨੇਡਾ ਤੋਂ ਛਪੀ ਕਿਤਾਬ (ਸਫ਼ਾ 7 ਤੋਂ 27) ਵਿਚ ਦੇ ਚੁਕਾ ਸੀ। ਮਗਰੋਂ ਦਲ ਖਾਲਸਾ ਨੇ ਵੀ ਸਵਾ ਡੇਢ ਸੌ ਨਾਂਵਾਂ ਦੀ ਡਾਇਰੈਕਟਰੀ ਛਾਪੀ ਸੀ।
ਪਰ, ਇਹ ਯਾਦਗਾਰ ਸਿਰਫ਼ ਉਨ੍ਹਾਂ ਦੀ ਹੀ ਨਹੀਂ ਜਿਨ੍ਹਾਂ ਨੇ ਹਮਲਾਵਰ ਭਾਰਤੀ ਫ਼ੌਜ ਦਾ ਟਾਕਰਾ ਕੀਤਾ ਸੀ। ਇਸ ਮੌਕੇ ‘ਤੇ ਹਜ਼ਾਰਾਂ ਬੇਗੁਨਾਹ ਸਿੱਖ ਮਰਦ, ਔਰਤਾਂ ਤੇ ਬੱਚੇ ਭਾਰਤੀ ਫ਼ੌਜ ਦੀ ਦਰਿੰਦਗੀ ਦਾ ਸ਼ਿਕਾਰ ਹੋਏ ਸਨ। ਚਾਰ ਜੂਨ ਤੋਂ 7 ਜੂਨ 1984 ਤਕ ਦਰਬਾਰ ਸਾਹਿਬ ਕੰਪਲੈਕਸ ਵਿਚ ਭਾਰਤੀ ਫ਼ੌਜ ਨੇ ਦਰਿੰਦਗੀ ਦਾ ਨੰਗਾ ਨਾਚ ਨੱਚਿਆ ਸੀ ਅਤੇ ਬੇਗੁਨਾਹ ਸਿੱਖਾਂ ‘ਤੇ ਦੁਨੀਆਂ ਭਰ ਦਾ ਜ਼ੁਲਮ ਢਾਹਿਆ ਸੀ।
ਸ਼੍ਰੋਮਣੀ ਕਮੇਟੀ ਨੇ 3 ਮਈ 2012 ਦੀ ਮਟਿੰਗ ਵਿਚ ਇਹ ਯਾਦਗਾਰ ਬਣਾਉਣ ਵਾਸਤੇ ਹਰਨਾਮ ਸਿੰਘ ਧੁੰਮਾਂ ਨੂੰ ਹੱਕ ਦੇਣ ਦਾ ਮਤਾ ਪਾਸ ਕੀਤਾ ਸੀ। ਕਿਸੇ ਇਕ ਡੇਰੇ ਨੂੰ ਇਹ ਸੇਵਾ ਦੇਣਾ ਗ਼ਲਤ ਸੀ ਅਤੇ ਸਾਰਿਆਂ ਨੇ ਇਸ ਦਾ ਭਰਵਾਂ ਵਿਰੋਧ ਕੀਤਾ ਸੀ। ਪਰ ਬਾਦਲ ਤੇ ਧੁੰਮਾ ਦੀ ਨਵੀਂ ਯਾਰੀ ਕਾਰਨ ਸ਼੍ਰੋਮਣੀ ਕਮੇਟੀ ਅੜੀ ਰਹੀ ਅਤੇ ਇਸ ਦਾ ਜੋ ਨਤੀਜਾ ਸਾਹਮਣੇ ਆਇਆ ਹੈ ਹੁਣ ਆਪਣੇ ਐਕਸ਼ਨ ‘ਤੇ ਸ਼੍ਰੋਮਣੀ ਕਮੇਟੀ ਖ਼ੁਦ ਪਛਤਾ ਰਹੀ ਹੈ। ਆਪੇ ਫਾਥੜੀਏ ਤੈਨੂੰ ਕੌਣ ਛੁਡਾਵੇ!
ਇਸ ਮੌਕੇ ‘ਤੇ ਕੁਝ ਲੋਕ ਹਰਨਾਮ ਸਿੰਘ ਧੁਮੰਾ ਅਤੇ ਚੌਕ ਮਹਿਤਾ ਡੇਰਾ ਦੀ ਹਿਮਾਇਤ ਵਿਚ ਖੜ੍ਹੇ ਹੋਏ ਹਨ ਕਿ ਬਾਬਾ ਜਰਨੈਲ ਸਿੰਘ ਤੇ ਹੋਰ ਤਿਮਂ ਨਾਂ ਦੇਣੇ ਸਹੀ ਹਨ। ਉਨ੍ਹਾਂ ਨੂੰ ਸ਼ਾਇਦ ਪਤਾ ਨਹੀਂ ਕਿ ਉਹ ਕੀ ਕਹਿ ਰਹੇ ਹਨ। ਮੇਰੇ ਵੀਰ ਸ ਹਰਚਰਨ ਸਿੰਘ ਧਾਮੀ (ਦਲ ਖਾਲਸਾ) ਨੇ ਸ਼੍ਰੋਮਣੀ ਕਮੇਟੀ ਵੱਲੋਂ 1984 ਦੀ ਯਾਦਗਾਰ ਦੇ ਮਤੇ ਦੀ ਕਾਪੀ ਪ੍ਰੈਸ ਨੂੰ ਰਲੀਜ਼ ਕਰਦਿਆਂ ਕਿਹਾ ਹੈ ਕਿ ਬਾਬਾ ਜਰਨੈਲ ਸਿੰਘ ਦਾ ਨਾਂ ਲਿਖਣ ਦੀ ਮਨਜ਼ੂਰੀ ਸ਼੍ਰੋਮਣੀ ਕਮੇਟੀ ਨੇ ਦਿੱਤੀ ਸੀ। ਮੈਂ ਉਹ ਚਿੱਠੀ ਪੜ੍ਹੀ ਹੈ; ਉਸ ਵਿਚ ਕਿਤੇ ਨਹੀਂ ਲਿਖਿਆ ਕਿ ਗੇਟ ‘ਤੇ ਉਨ੍ਹਾਂ ਦਾ ਨਾਂ ਲਿਖਿਆ ਜਾਣਾ ਹੈ ਤੇ ਅਖੌਤੀ ਦਮਦਮੀ ਟਕਸਾਲ ਦੇ ਮੁਖੀ ਦੇ ਨਾਂ ਹੇਠ ਇਹ ਯਾਦਗਾਰ ਬਣਨੀ ਹੈ।
ਸਿਰਫ਼ ਯਾਦਗਾਰ ਗੇਟ ਦੇ ਬੋਰਡ ਹੀ ਨਹੀਂ ਬਲਕਿ ਜੋ ਤਿੰਨ ਸਲੈਬ (ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਵਿਚ) ਖੜ੍ਹੀਆਂ ਕੀਤੀਆਂ ਗਈਆਂ ਹਨ ਉਨ੍ਹਾਂ ਵਿਚ ਸਿੱਖ ਤਵਾਰੀਖ਼ ਨੂੰ ਹੋਰ ਵੀ ਜ਼ਿਆਦਾ ਵਿਗਾੜਿਆ ਗਿਆ ਹੈ। ਇਹ ਤਵਾਰੀਖ਼ ਸੱਚ ਹੈ ਕਿ 1977 ਤਕ (ਅਖੌਤੀ) ਦਮਦਮੀ ਟਕਸਾਲ ਨਾਂ ਦੀ ਕੋਈ ਜਮਾਤ ਕਾਇਮ ਨਹੀਂ ਸੀ। ਇਨ੍ਹਾਂ ਬੋਰਡਾਂ ‘ਤੇ ਅਖੌਤੀ ਦਮਦਮੀ ਟਕਸਾਲ ਨੂੰ ਇਕ ਪੁਰਾਤਨ ਪੰਥਕ ਜਮਾਤ ਵਜੋਂ ਪੇਸ਼ ਕਰ ਕੇ ਉਸ ਦੀ ਨਕਲੀ ਤਵਾਰੀਖ਼ ਕਾਇਮ ਕਰ ਦਿੱਤੀ ਗਈ ਹੈ ਅਤੇ ਇਸ ਨਾਲ ਬਾਬਾ ਦੀਪ ਸਿੰਘ ਅਤੇ ਬਾਬਾ ਗੁਰਬਖ਼ਸ਼ ਸਿੰਘ ਲੀਲ੍ਹ ਦਾ ਨਾਂ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਸਾਡਾ ਚੈਲੰਜ ਹੈ ਕਿ ਕਿਸੇ ਇਕ ਤਵਾਰੀਖ਼ੀ ਸੋਮੇ ਤੋਂ ਇਸ ਅਖੋਤੀ ਟਕਸਾਲ ਦੇ 1977 ਤੋਂ ਪਹਿਲਾਂ ਦੇ ਵਜੂਦ ਵਿਚ ਹੋਣ ਦਾ ਸਬੂਤ ਪੇਸ਼ ਕੀਤਾ ਜਾਵੇ ਤਾਂ ਸਾਨੂੰ ਇਨ੍ਹਾਂ ਬੋਰਡਾਂ ‘ਤੇ ਕੋਈ ਇਤਰਾਜ਼ ਨਹੀਂ ਹੋਵੇਗਾ। ਇਹ ਬੋਰਡ ਤਾਂ ਇਕ ਡੇਰੇ ਨੂੰ ਕਾਇਮ ਕਰਨ ਵਾਸਤੇ ਲਾਏ ਗਏ ਹਨ। ਹੋਰ ਤਾਂ ਹੋਰ ਇਨ੍ਹਾਂ ਸਲੈਬਾਂ ਵਿਚ ਹਰਨਾਮ ਸਿੰਘ ਧੁੰਮਾ ਨੂੰ ਕਾਇਮ ਕਰਨ ਵਾਸਤੇ ਉਸ ਦਾ ਨਾਂ ਵੀ ਲਿਖਿਆ ਹੋਇਆ ਹੈ।। ਅਸੀਂ ਇਹ ਵੀ ਜਾਣਦੇ ਹਾਂ ਕਿ ਹਰਨਾਮ ਸਿੰਘ ਧੁੰਮਾ ਨਾ ਤਾਂ ਬਾਬ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਹਿਮਾਇਤੀ ਹੈ ਅਤੇ ਨਾ ਹੀ ਉਨ੍ਹਾਂ ਨਾਲ ਕੋਈ ਸਿਧਾਂਤਕ ਸਾਂਝ ਰਖਦਾ ਹੈ, ਸਗੋਂ ਉਹ ਉਨ੍ਹਾਂ ਦਾ ਵਿਰੋਧੀ ਹੈ। ਉਹ ਤਾਂ ਸਿਰਫ਼ ਉਨ੍ਹਾ ਦਾ ਨਾਂ ਵਰਤ ਕੇ ਸਿੱਖਾਂ ਨੂੰ ਭੇਲੇਖੇ ਵਿਚ ਪਾਉਣਾ ਚਾਹੁੰਦਾ ਹੈ। ਇਸ ਕਰ ਕੇ ਅਸੀਂ ਕਹਿੰਦੇ ਹਾਂ ਕਿ ਇਹ ਲਿਖਤਾਂ ਸਿੱਖ ਤਵਾਰੀਖ਼ ਦਾ ਰੇਪ ਹਨ।
ਅਸੀਂ ਚਾਹੁੰਦੇ ਹਾਂ ਕਿ ਇਸ ਸਾਰੇ ਨੂੰ ਉਥੋਂ ਹਟਾ ਕੇ ਅਸਲ ਤਵਾਰੀਖ਼ ਲਿਖੀ ਜਾਣੀ ਚਾਹੀਦੀ ਹੈ। ਸਾਡਾ ਲੋਕ ਨਾਇਕ ਪੰਥ ਰਤਨ ਬਾਬਾ ਜਰਨੈਲ ਸਿੰਘ ਦੇ ਨਾਂ ਨਾਲ ਕੋਈ ਵਿਰੋਧ ਨਹੀਂ। ਸਗੋਂ ਅਸੀਂ ਸਮਝਦੇ ਹਾਂ ਕਿ ਉਹ ਸਿੱਖਾਂ ਦੇ ਲੋਕ ਨਾਇਕ ਸਨ। ਅਸੀਂ ਸਮਝਦੇ ਹਾਂ ਕਿ ਸ਼ਹੀਦਾਂ ਦੇ ਨਾਂ ਲਿਖੇ ਜਾਣੇ ਚਾਹੀਦੇ ਹਨ ਅਤੇ ਜੇ ਨਾਂ ਲਿਖਣੇ ਹਨ ਤਾਂ ਇਕ ਵਖਰੇ ਬੋਰਡ ‘ਤੇ ਸਾਰਿਆਂ ਸ਼ਹੀਦਾਂ ਦੇ ਨਾਂ (ਪਿਤਾ ਦੇ ਨਾਂ ਤੇ ਪਿੰਡਾਂ ਦੇ ਨਾਂ) ਲਿਖੇ ਜਾਣ।