ਨਵੀਂ ਦਿੱਲੀ- ਪੰਜਾਬ ਦੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਆਪਣੀ ਦਿੱਲੀ ਫੇਰੀ ਦੌਰਾਨ ਦੇਸ਼ ਦੇ ਰਾਸ਼ਟਰਪਤੀ ਪ੍ਰਣਬ ਮੁੱਖਰ ਜੀ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਗ੍ਰਹਿ ਮੰਤਰੀ ਸਿੰਦੇ ਨਾਲ 1984 ਦੰਗਿਆਂ ਵਿੱਚ ਸੱਜਣ ਕੁਮਾਰ ਨੂੰ ਬਰੀ ਕਰਨ ਦੇ ਖਿਲਾਫ਼ ਬੀਬੀ ਨਿਰਪ੍ਰੀਤ ਕੌਰ ਵੱਲੋਂ ਜੰਤਰ ਮੰਤਰ ਤੇ 6ਵੇਂ ਦਿਨ ਚੱਲ ਰਹੀ ਅਣਮਿੱਥੀ ਭੁੱਖ ਹੜਤਾਲ ਵੱਲ ਦਿਵਾਉਂਦੇ ਹੋਏ ਮੁਲਾਕਾਤ ਕੀਤੀ। ਇਸ ਮੌਕੇ ਕਾਂਗਰਸ ਨੂੰ ਛੱਡ ਕੇ ਲੱਗਭੱਗ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਉਨ੍ਹਾਂ ਦੇ ਨਾਲ ਸਨ। ਇਸ ਤੋਂ ਬਾਅਦ ਬਾਦਲ ਜੰਤਰ ਮਤਰ ਤੇ ਰੱਖੀ ਗਈ ਰੈਲੀ ਵਿੱਚ ਪੁੱਜੇ,ਜਿੱਥੇ ਉਨ੍ਹਾਂ ਨੇ ਡਾਕਟਰਾਂ ਕੋਲੋਂ ਬੀਬੀ ਨਿਰਪ੍ਰੀਤ ਕੌਰ ਦੀ ਸਿਹਤ ਸਬੰਧੀ ਜਾਣਕਾਰੀ ਲਈ ਅਤੇ ਫਿਰ ਰੈਲੀ ਨੂੰ ਸੰਬੋਧਨ ਕੀਤਾ।ਉਨ੍ਹਾਂ ਨੇ ਕਿਹਾ ਕਿ ਅੱਜ ਸਾਡੇ ਇੱਥੇ ਆਉਣ ਦਾ ਮਕਸਦ 1984 ਦੀ ਸਿੱਖ ਨਸਲਕੁਸ਼ੀ ਦੌਰਾਨ ਸ਼ਹੀਦ ਹੋਏ ਸਿੱਖ ਪਰੀਵਾਰਾਂ ਵਾਸਤੇ ਇਨਸਾਫ਼ ਦੀ ਆਵਾਜ਼ ਬੁਲੰਦ ਕਰਨ ਦਾ ਹੈ।ਇਸ ਵਾਸਤੇ ਅਕਾਲੀ ਦਲ ਨੂੰ ਜੋ ਵੀ ਕੁਰਬਾਨੀ ਦੇਣੀ ਪਵੇਗੀ, ਅਸੀਂ ਉਸ ਲਈ ਤਿਆਰ ਹਾਂ।
ਜੰਤਰ ਮੰਤਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਗੁਰਬੱਚਨ ਸਿੰਘ ਨੇ ਕਿਹਾ ਕਿ ਊਹ ਸਾਰੀਆਂ ਜੱਥੇਬੰਦੀਆਂ ਦੇ ਅਤਿ ਧੰਨਵਾਦੀ ਹਨ ਜਿੰਨ੍ਹਾਂ ਨੇ ਬੀਬੀ ਨਿਰਪ੍ਰੀਤ ਕੌਰ ਦੀ ਇਨਸਾਫ਼ ਦੀ ਮੰਗ ਦਾ ਸਮਰਥਣ ਕੀਤਾ ਹੈ।ਬੀਬੀ ਨਿਰਪ੍ਰੀਤ ਕੌਰ ਕੌਮ ਦੀ ਬੱਚੀ ਹੈ ਅਤੇ ਮੈਂ ਆਪਣੀ ਬੱਚੀ ਸਮਝ ਕੇ ਇਹ ਸਲਾਹ ਦੇਵਾਂਗੇ ਕਿ ਗੁਰਮਿਤ ਅਨੁਸਾਰ ਅੰਨ ਛੱਡਣਾ ਠੀਕ ਨਹੀਂ ਹੈ।ਅੰਂ ਛੱਡਣ ਦੀ ਬਜਾਏ ਜੁਝਾਰੂ ਬੀਬੀ ਦੀ ਤਰ੍ਹਾਂ ਕੌਮ ਦੇ ਸਹਿਯੋਗ ਨਾਲ ਕਾਤਲਾਂ ਦੇ ਖਿਲਾਫ਼ ਉਦੋਂ ਤੱਕ ਲੜਾਈ ਲੜੇ ਜਦੋਂ ਤੱਕ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਨਹੀਂ ਹੋ ਜਾਂਦੀ। ਅੱਜ ਸਾਡੀ ਕੌਮ 1984 ਵਿੱਚ ਵਾਪਰੇ ਦੁਖਾਂਤ ਦਾ ਇਨਸਾਫ਼ ਲੈਣ ਵਾਸਤੇ ਭਟਕ ਰਹੀ ਹੈ ਅਤੇ ਦੂਜੇ ਪਾਸੇ ਸਰਕਾਰੀ ਅੱਤਵਾਦ ਦਾ ਸਿ਼ਕਾਰ ਹੋਏ ਨੌਜਵਾਨ ਜੇਲ੍ਹਾਂ ਵਿੱਚ ਇਨਸਾਫ ਦਾ ਇੰਤਜ਼ਾਰ ਕਰ ਰਹੇ ਹਨ।
ਜੱਥੇਦਾਰ ਦੇ ਸੰਬੋਧਨ ਤੋਂ ਬਾਅਦ ਬੀਬੀ ਨਿਰਪ੍ਰੀਤ ਕੌਰ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਤੋਂ ਆਏ ਹਰ ਹੁਕਮ ਨੂੰ ਮੰਨਣਾ ਹਰ ਸਿੱਖ ਦਾ ਮੁੱਢਲਾ ਫਰਜ਼ ਹੈ। ਇਸ ਲਈ ਜੱਥੇਦਾਰ ਜੀ ਦੇ ਆਦੇਸ਼ ਅਨੁਸਾਰ ਮੈਂ ਆਪਣੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਨੂੰ ਸਮਾਪਤ ਕਰਦੀ ਹਾਂ ਅਤੇ ਨਾਲ ਹੀ ਸਮੁੱਚੇ ਪੰਥ ਦੀ ਸ਼ੁਕਰਗੁਜ਼ਾਰ ਹਾਂ, ਜਿੰਨ੍ਹਾਂ ਨੇ ਮੇਰੀ ਇਸ ਲੜਾਈ ਵਿੱਚ ਮੈਨੂੰ ਪੂਰਾ ਸਹਿਯੋਗ ਦਿੱਤਾ ਹੈ। ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਹਰਮੀਤ ਸਿੰਘ ਕਾਲਕਾ ਨੇ ਸੁਚੱਜੇ ਢੰਗ ਨਾਲ ਨਿਭਾਈ।