ਅੰਮ੍ਰਿਤਸਰ – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸ: ਫ਼ਤਿਹਜੰਗ ਸਿੰਘ ਬਾਜਵਾ ਨੇ ਪੰਜਾਬ ਦੀ ਲਗਾਤਾਰ ਵਿਗੜ ਰਹੀ ਅਮਨ ਕਾਨੂੰਨ ਦੀ ਚਿੰਤਾਜਨਕ ਸਥਿਤੀ ਬਾਰੇ ਕਿਹਾ ਕਿ ਸ:ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੀ ਅਮਨ ਕਾਨੂੰਨ ਵਿਵਸਥਾ ਸਥਿਰ ਹੋਣ ਦੀ ਆਏ ਦਿਨ ਬਿਆਨ ਬਾਜੀ ਕਰ ਰਹੇ ਹਨ ਤੇ ਨਿੱਤ ਦਿਨ ਹੋ ਰਹੀਆਂ ਕਤਲਾਂ , ਲੁੱਟਾਂ ਖੋਹਾਂ ਨੂੰ ਅਚਨਚੇਤ ਘਟਨਾਵਾਂ ਕਿਹਾ ਜਾ ਰਿਹਾ ਹੈ
ਇਸ ਸੰਬੰਧੀ ਉਹਨਾਂ ਸ: ਬਾਦਲ ਨੂੰ ਸਵਾਲ ਕੀਤਾ ਕਿ ‘‘ ਜਦੋਂ ਤੁਹਾਡੇ ਅਕਾਲੀ ਲੀਡਰਾਂ ਵੱਲੋਂ ਲੋਕਾਂ ਨੂੰ ਮਰਨ ਮਾਰਨ ਤੁਰੇ ਹੋਣ, ਆਏ ਦਿਨ ਕਾਂਗਰਸੀ ਆਗੂਆਂ ’ਤੇ ਹਮਲੇ ਅਤੇ ਗੋਲੀਆਂ ਮਾਰ ਕੇ ਕਤਲ ਕਰ ਦੇਣ ਅਤੇ ਇੱਥੋਂਤਕ ਕਿ ਪੁਲਿਸ ਅਧਿਕਾਰੀਆਂ ਨੂੰ ਵੀ ਬਖਸ਼ਿਆ ਨਾ ਜਾ ਰਿਹਾ ਹੋਵੇ ਕੀ ਇਹ ਪੰਜਾਬ ਦਾ ਮਾਹੌਲ ਵਿਗਾੜਨ ਲਈ ਕਾਫ਼ੀ ਨਹੀਂ ਹਨ ? ਇਹ ਸੱਚ ਨਹੀਂ ਕਿ ਅਕਾਲੀਆਂ ਨੂੰ ਕਾਨੂੰਨ ਦਾ ਕੋਈ ਡਰ ਖੌਫ਼ ਨਹੀਂ ਤੇ ਥਾਣਿਆਂ ’ਚ ਜਥੇਦਾਰਾਂ ਦਾ ਹੀ ਹੁਕਮ ਚਲ ਰਿਹਾ ਹੈ ?
ਉਹਨਾਂ ਕਿਹਾ ਕਿ ਅੱਜ ਪੰਜਾਬ ਦੀਆਂ ਧੀਆਂ ਭੈਣਾਂ ਦੀ ਆਬਰੂ ਖ਼ਤਰੇ ਵਿੱਚ ਹੈ, ਕਈ ਅਕਾਲੀ ਆਗੂ ਡਾਕੇ ਮਾਰ ਰਹੇ ਹਨ। ਗੁਰਦਾਸਪੁਰ ਪੁਲਿਸ ਨੇ ਬੀਤੇ ਦਿਨੀਂ ਦੋ ਅਕਾਲੀ ਸਰਪੰਚਾਂ ਨੂੰ ਡਾਕੇ ਦੌਰਾਨ ਫੜਿਆ। ਅੰਮ੍ਰਿਤਸਰ ਵਿੱਚ ਥਾਣੇਦਾਰ ਆਪਣੀ ਧੀ ਦੀ ਇੱਜ਼ਤ ਆਬਰੂਬਚਾਉਂਦਿਆਂ ਅਕਾਲੀਆਂ ਦੀ ਗੋਲੀ ਨਾਲ ਮਾਰਿਆ ਗਿਆ। ਲੁਧਿਆਣਾ ਵਿੱਚ ਆਈ ਜੀ ਰੈਕ ਦਾ ਪੁਲਿਸ ਅਫ਼ਸਰ ਅਕਾਲੀਆਂ ਤੋਂਲੱਤਾਂ ਤੁੜਵਾ ਬੈਠਾ। ਬੀਤੇ ਦਿਨੀਂ ਕਾਂਗਰਸੀ ਵਿਧਾਇਕ ’ਤੇ ਜਾਨਲੇਵਾ ਹਮਲਾ ਤੇ ਹੁਣ ਹਲਕਾ ਪੱਟੀ ਦੇ ਯੂਥ ਕਾਂਗਰਸ ਦੇ ਬਲਾਕ ਪ੍ਰਧਾਨ ਸੁਖਰਾਜ ਸਿੰਘ ਭਗੂਪੁਰ ਦੀ ਸਿਆਸੀ ਸ਼ਹਿ ’ਤੇ ਬੇਰਹਿਮੀ ਨਾਲ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ । ਪੰਜਾਬ ਵਿੱਚ ਲੋਕਤੰਤਰ ਤੇ ਕਾਨੂੰਨ ਦਾ ਰਾਜ ਕਿੱਥੇ ਹੈ।
ਕਾਂਗਰਸ ਜਨਰਲ ਸਕੱਤਰ ਫਤਹਿਜੰਗ ਸਿੰਘ ਬਾਜਵਾ ਨੇ ਕਿਹਾ ਸੁਖਰਾਜ ਸਿੰਘ ਭਗੂਪੁਰ ਦੀ ਹੱਤਿਆ ਨੂੰ ਬੁਜਦਿਲਾਨਾ ਕਾਰਾ ਗਰਦਾਨਿਆ ਤੇ ਇਸ ਸਿਆਸੀ ਕਤਲ ਦੀ ਪੁਰਜ਼ੋਰ ਸ਼ਬਦਾਂ ਨਾਲ ਨਿੰਦਾ ਕੀਤੀ । ਉਹਨਾਂ ਮ੍ਰਿਤਕ ਪਰਿਵਾਰ ਨਾਲ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਤੇ ਕਿਹਾ ਕਿ ਸੁਖਰਾਜ ਇੱਕ ਇਮਾਨਦਾਰ ਮਿਹਨਤੀ ਆਗੂ ਸੀ ਤੇ ਉਸ ਨੂੰ ਬਲਾਕ ਸੰਮਤੀ ਚੋਣਾਂ ’ਚ ਅਕਾਲੀਆਂ ਵੱਲੋਂ ਹਰਾਇਆ ਜਾਣਾ ਨਾ ਮੁਮਕਿਨ ਸੀ ਜਿਸ ਕਰਕੇ ਅਕਾਲੀਆਂ ਨੇ ਸ਼ਰੇਆਮ ਬੇਰਹਿਮੀ ਨਾਲ ਉਸ ਦਾ ਕਤਲ ਕਰਦਿਤਾ। ਉਹਨਾਂ ਦੋਸ਼ ਲਾਇਆ ਕਿ ਪੁਲਿਸ ਦੋਸ਼ੀਆਂ ਨੂੰ ਬਚਾਉਣ ’ਚ ਲੱਗੀ ਹੋਈ ਹੈ। ਉਹਨਾਂ ਇਹ ਵੀ ਦੋਸ਼ ਲਾਇਆ ਕਿ ਗਠਜੋੜ ਦੇ ਆਗੂ ਵਿਰੋਧੀਆਂ ਨੂੰ ਮੌਜੂਦਾ ਚੋਣਾਂ ਵਿਚ ਹਿਸਾ ਨਾ ਲੈਣ ਲਈ ਪ੍ਰਸ਼ਾਸਨ ਅਧਿਕਾਰੀਆਂ ਰਾਹੀਂ ਦਬਾਅ ਪਾ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰ ਵਲੋਂ ਜਿਨਾਂ ਕਾਂਗਰਸੀ ਆਗੂਆਂ ਅਤੇ ਵਿਧਾਇਕਾਂ ਤੋਂ ਸੁਰਖਿਆ ਵਾਪਸ ਲੈ ਰਹੀ ਹੈ ਉਹਨਾਂ ਦੇ ਜਾਨ ਮਾਲ ਦੀ ਸੁਰਖਿਆ ਦੀ ਜਿਮੇਵਾਰ ਕਿਸ ਦੀ ਹੈ?
ਸ: ਫਤਿਹਜੰਗ ਸਿੰਘ ਬਾਜਵਾ ਨੇ ‘‘ ਜੁਦਾ ਹੋ ਦੀਨ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇਜ਼ੀ’’ ਦਾ ਹਵਾਲਾ ਦਿੰਦਿਆਂ ਕਿਹਾ ਕਿ ਅੱਜ ਅਕਾਲੀ ਦਲ ਨੇ ਸਿਧਾਂਤਾਂ ਤੇ ਰਵਾਇਤਾਂ ਨੂੰ ਤਿਲਾਂਜਲੀ ਦੇ ਦਿੱਤੀ ਹੈ ਤੇ ਜਿਸ ’ਤੇ ਲੋਕਾਂ ਦੀ ਰੱਖਿਆ ਦੀ ਜ਼ਿੰਮੇਵਾਰੀ ਹੈ ਉਹ ਸ: ਪ੍ਰਕਾਸ਼ ਸਿੰਘ ਬਾਦਲ ਖੁਦ ਚੰਗੇਜ਼ ਖਾਂ ਤੇ ਹਿਟਲਰ ਵਰਗੇ ਰਾਜਿਆਂ ਦੀ ਕਤਾਰ ਵਿੱਚ ਖਲੋ ਗਿਆ ਹੈ ਅਤੇ ਪੁੱਤਰ ਮੋਹ ਵਸ ਧ੍ਰਿਤਰਾਸ਼ਟਰ ਬਣਕੇ ਅਨਿਆਈ ਤੇ ਅੰਨ੍ਹਾ ਵੀ ਬਣ ਗਿਆ ਹੈ, ਜਿਸ ਕਰਕੇ ਉਹਨਾਂ ਨੂੰ ਹੁਣ ਕੁਝ ਵੀ ਦਿਖਾਈ ਨਹੀਂ ਦੇ ਰਿਹਾ। ਸ: ਫਤਿਹਜੰਗ ਸਿੰਘ ਬਾਜਵਾ ਨ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਲਗਦਾ ਹੈ ਕਿ ਚਾਪਲੂਸਾਂ ਵਿੱਚ ਘਿਰੇ ਉਪ ਮੁਖ ਮੰਤਰੀ ਸੁਖਬੀਰ ਬਾਦਲ ਨੇ ਅਕਾਲੀਆਂ ਨੂੰ 25 ਸਾਲ ਰਾਜ ਕਰਨ ਦੀ ਆਸ ਅਤੇ ਮਕਸਦ ਨਾਲ ਵਿਰੋਧੀ ਪਾਰਟੀ ਕਾਂਗਰਸੀ ਵਰਕਰਾਂ ਨੂੰ ਜਾਨੋਂ ਮਾਰਨ ਦੀ ਖੁੱਲ ਦੇ ਦਿੱਤੀ ਹੈ।
ਪੰਜਾਬ ਦੀ ਮੌਜੂਦਾ ਸਥਿਤੀ ਬਾਰੇ ਗਲ ਕਰਦਿਆਂ ਉਹਨਾਂ ਦੋਸ਼ ਲਾਇਆ ਕਿ ਸਰਕਾਰੀ ਦਫ਼ਤਰਾਂ ਤੇ ਥਾਣਿਆਂ ਵਿੱਚ ਲੋਕਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਨੌਜਵਾਨ ਨਸ਼ਿਆਂ ਦਾ ਆਦੀ ਹੋ ਰਿਹਾ ਹੈ। ਬੇਰੁਜ਼ਗਾਰੀ ਦਾ ਕੋਈ ਹਲ ਨਹੀਂ ਕੱਢਿਆ ਜਾ ਰਿਹਾ । ਭ੍ਰਿਸ਼ਟਾਚਾਰ ਖੁਲੇਆਮ ਜਾਰੀ ਹੈ ਤੇ ਕੁਦਰਤੀ ਸਾਧਨਾਂ ’ਤੇ ਸਤਾਧਿਰ ਨੇ ਕਬਜ਼ਾ ਜਮਾ ਲਿਆ ਹੈ। ਸਤਾ ਧਿਰਾਂ ਖੁਦ ਕਾਨੂੰਨ ਤੋੜ ਰਹੇ ਹਨ ਤੇ ਸਮੁੱਚਾ ਪ੍ਰਸ਼ਾਸਨਿਕ ਢਾਂਚਾ ਤਹਿਸ ਨਹਿਸ ਹੋ ਚੁੱਕਿਆ ਹੈ। ਰਾਜ ਦੀ ਵੱਡੀ ਵਸੋਂ ਰਹਿਣ ਲਈ ਮਕਾਨ ਅਤੇ ਰੋਟੀ ਲਈ ਆਤੁਰ ਹੋ ਗਈ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਤੋਂ ਲੋਕ ਅਤਿ ਦੁਖੀ ਹਨ ਤੇ ਗੱਠਜੋੜ ਨੂੰ ਸਤਾ ਤੋਂ ਪਾਸੇ ਲਈ ਸਮੇਂ ਦੀ ਉਡੀਕ ’ਚ ਹਨ।
ਕਾਂਗਰਸ ਜਨਰਲ ਸਕੱਤਰ ਸ: ਫਤਿਹਜੰਗ ਸਿੰਘ ਬਾਜਵਾ ਨੇ ਕਰਨਾਟਕ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਹੁੰਝਾ ਫੇਰੂ ਜਿੱਤਸੰਬੰਧੀ ਗਲ ਕਰਦਿਆਂ ਕਿਹਾ ਕਿ ਕਰਨਾਟਕ ਵਿੱਚ ਕਾਂਗਰਸ ਦੀ ਵਾਪਸੀ ਨਾਲ ਐਨਡੀਏ ਭਾਈਵਾਲਾਂ ਦੀ 2014 ਵਿੱਚ ਕੇਂਦਰ ਵਿੱਚ ਸਰਕਾਰ ਬਣਾਉਣ ਦਾ ਸੁਪਨਾ ਪੂਰੀ ਤਰਾਂ ਚਕਨਾਚੂਰ ਹੋਇਆ ਹੈ। ਉਹਨਾਂ ਕਿਹਾ ਕਿ ਉੱਥੇ ਲੋਕਾਂ ਨੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ’ਚ ਪੂਰਨ ਭਰੋਸਾ ਤੇ ਵਿਸ਼ਵਾਸ ਨੂੰ ਹੋਰ ਪੱਕਿਆਂ ਕੀਤਾ ਹੈ।