ਨਵੀਂ ਦਿੱਲੀ- ਪਾਕਿਸਤਾਨ ਵਿੱਚ ਹਾਲ ਹੀ ਵਿੱਚ ਹੋਈਆਂ ਚੋਣਾਂ ਵਿੱਚ ਪਾਕਿਸਤਾਨ ਮੁਸਲਿਮ ਲੀਗ ਦੇ ਨੇਤਾ ਨਵਾਜ਼ ਸ਼ਰੀਫ਼ ਨੂੰ ਭਾਰੀ ਜਿੱਤ ਪ੍ਰਾਪਤ ਕਰਨ ਤੇ ਭਾਰਤ ਦੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਵਧਾਈ ਦਿੰਦੇ ਹੋਏ ਭਾਰਤ ਆਉਣ ਦਾ ਨਿਓਤਾ ਵੀ ਦਿੱਤਾ ਹੈ।
ਪ੍ਰਧਾਨਮੰਤਰੀ ਨੇ ਟਵੀਟ ਕਰਦੇ ਹੋਏ ਲਿਖਿਆ, “ਪਾਕਿਸਤਾਨ ਚੋਣਾਂ ਵਿੱਚ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੀ ਪਾਰਟੀ ਨੂੰ ਸ਼ਾਨਦਾਰ ਜਿੱਤ ਤੇ ਵਧਾਈ।” ਵਧਾਈ ਦੇਣ ਦੇ ਨਾਲ ਹੀ ਉਨ੍ਹਾਂ ਨੇ ਨਵਾਜ ਸ਼ਰੀਫ਼ ਨੂੰ ਇੰਡੀਆ ਆਉਣ ਲਈ ਵੀ ਕਿਹਾ ਹੈ।ਡਾ: ਮਨਮੋਹਨ ਸਿੰਘ ਨੇ ਪਾਕਿਸਤਾਨੀ ਲੋਕਾਂ ਦੇ ਭਾਰੀ ਸੰਖਿਆ ਵਿੱਚ ਚੋਣਾਂ ਵਿੱਚ ਹਿੱਸਾ ਲੈਣ ਤੇ ਲੋਕਾਂ ਅਤੇ ਨੇਤਾਵਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਨੂੰ ਅੱਗੇ ਵਧਾਉਣ ਦੇ ਲਈ ਪਾਕਿਸਤਾਨ ਦੀ ਨਵੀਂ ਸਰਕਾਰ ਦੇ ਨਾਲ ਮਿਲ ਕੇ ਕੰਮ ਕਰਨ ਦੀ ਭਾਰਤ ਦੀ ਇੱਛਾ ਵੀ ਜਾਹਿਰ ਕੀਤੀ।
ਭਾਰਤ ਦੇ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਵੀ ਇਹ ਉਮੀਦ ਜਾਹਿਰ ਕੀਤੀ ਹੈ ਕਿ ਸ਼ਰੀਫ਼ ਦੇ ਸੱਤਾ ਵਿੱਚ ਵਾਪਿਸ ਆਉਣ ਨਾਲ ਭਾਰਤ ਅਤੇ ਪਾਕਿਸਤਾਨ ਦਰਮਿਆਨ ਬੇਹਤਰ ਰਿਸ਼ਤੇ ਸਥਾਪਤ ਹੋਣਗੇ।ਉਨ੍ਹਾਂ ਨੇ ਕਿਹਾ ਕਿ ਲੋਕਤੰਤਰਿਕ ਢੰਗ ਨਾਲ ਹੋਈ ਇਸ ਚੋਣ ਦਾ ਭਾਰਤ ਸਵਾਗਤ ਕਰਦਾ ਹੈ।ਉਨ੍ਹਾਂ ਨੇ ਵੀ ਇਹ ਉਮੀਦ ਜਤਾਈ ਕਿ ਆਉਣ ਵਾਲੇ ਸਮੇਂ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਸਬੰਧ ਹੋਰ ਵੀ ਚੰਗੇ ਹੋਣਗੇ।