ਫ਼ਤਹਿਗੜ੍ਹ ਸਾਹਿਬ:- ਸ੍ਰੀ ਗੁਰੂ ਗੋਬਿੰਦ ਸਿੰਘ ਤੋਂ ਥਾਪੜਾ ਪ੍ਰਾਪਤ, ਸਿੱਖ ਰਾਜ ਦੇ ਪਹਿਲੇ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਕੀਤੀ ਸਰਹਿੰਦ ਫ਼ਤਹਿ ਨੂੰ ਸਮਰਪਿਤ ਫ਼ਤਹਿ ਦਿਵਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਹੀਦਾਂ ਦੀ ਧਰਤੀ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ। ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਹਰਪਾਲ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਨੇ ਅਰਦਾਸ ਕੀਤੀ ਤੇ ਦੀਵਾਨ ਟੋਡਰ ਮੱਲ ਹਾਲ ਵਿਖੇ ਭਾਈ ਇੰਦਰਜੀਤ ਸਿੰਘ ਬੰਬੇ ਵਾਲੇ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਜਥੇ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਸਿੱਖ ਇਤਿਹਾਸ ਵਿੱਚ ਅਹਿਮ ਰੋਲ ਸਬੰਧੀ ਦੱਸਦਿਆਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਇਤਿਹਾਸ ਦਾ ਉਹ ਸੂਰਬੀਰ ਯੋਧਾ ਹੈ, ਜਿਸ ਦੀ ਅਗਵਾਈ ਵਿੱਚ ਖ਼ਾਲਸਾ ਪੰਥ ਨੇ ਪੰਜਾਬ ਵਿੱਚ ਸਿੱਖ ਰਾਜ ਕਾਇਮ ਕਰਕੇ ਨਵਾਂ ਇਤਿਹਾਸ ਸਿਰਜਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਥਾਪੜਾ ਲੈ ਕੇ ਫ਼ਤਹਿ ਨੂੰ ਪੱਲੇ ਬੰਨ੍ਹ ਜਦ ਉਹ ਨੰਦੇੜ ਤੋਂ ਪੰਜਾਬ ਵੱਲ ਰਵਾਨਾ ਹੋਇਆ ਤਾਂ ਸੋਨੀਪਤ, ਕੈਥਲ, ਸਮਾਣਾ, ਕਪੂਰੀ ਅਤੇ ਸਢੌਰੇ ਨੂੰ ਪੈਰਾਂ ਥੱਲੇ ਲਿਤਾੜ ਕੇ ਮੁਗਲਾਂ ਦੇ ਅਹਿਮ ਕੇਂਦਰ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਉਂਦਿਆਂ ਢਹਿ-ਢੇਰੀ ਕਰ ਦਿੱਤਾ ਤੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਵਰ ਸਿੰਘ, ਬਾਬਾ ਫਤਹਿ ਸਿੰਘ ਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਦਾ ਬਦਲਾ ਲੈ ਕੇ ਫ਼ਤਹਿ ਦੇ ਖ਼ਾਲਸਈ ਨਿਸ਼ਾਨ ਝੁਲਾ ਦਿੱਤੇ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲੀ ਫ਼ਤਹਿ ਦੀ ਅਸੀਸ ਸਦਕਾ ਪੰਜਾਬ ਵਿੱਚ ਅਜਿਹਾ ਇਨਕਲਾਬ ਪੈਦਾ ਹੋਇਆ ਕਿ ਕੁਝ ਹੀ ਸਮੇਂ ਵਿੱਚ ਮੁਗਲ ਰਾਜ ਦੇ ਮਹਿਲ ਢਹਿ-ਢੇਰੀ ਹੋ ਗਏ।
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ 12 ਮਈ 1710 ਈ: ਨੂੰ ਚੱਪੜਚਿੜੀ ਦੇ ਮੈਦਾਨ ‘ਚ ਦੋਨਾਂ ਦਲਾਂ ਵਿੱਚ ਜ਼ੋਰਦਾਰ ਮੁਕਾਬਲਾ ਹੋਇਆ। ਇਸ ਭਿਆਨਕ ਲੜਾਈ ਵਿੱਚ ਸੂਬੇਦਾਰ ਵਜ਼ੀਦ ਖਾਨ ਮਾਰਿਆ ਗਿਆ। ਵਜ਼ੀਦ ਖਾਨ ਦੇ ਮਰਨ ਨਾਲ ਬਾਕੀ ਮੁਗਲ ਫ਼ੌਜਾਂ ਮੈਦਾਨ ਛੱਡ ਕੇ ਦੌੜ ਗਈਆਂ ਤੇ ਸਰਹਿੰਦ ਫ਼ਤਹਿ ਹੋ ਗਈ। ਇਸ ਫ਼ਤਹਿ ਨੂੰ ਉਹ ਵਾਹਿਗੁਰੂ ਦੀ ਬਖਸ਼ਿਸ਼ ਸਮਝਦੇ ਸਨ। ਉਨ੍ਹਾਂ ਕਿਹਾ ਕਿ 14 ਮਈ 1710 ਈ: ਨੂੰ ਖ਼ਾਲਸਾਈ ਫੌਜਾਂ ਸਰਹਿੰਦ ਸ਼ਹਿਰ ਅੰਦਰ ਦਾਖਲ ਹੋ ਗਈਆਂ। ਖਾਲਸੇ ਦੇ ਮਨਾਂ ਵਿੱਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਯਾਦ ਤਾਜਾ ਹੋ ਉੱਠੀ, ਇਸ ਹਾਲਤ ਵਿੱਚ ਉਨ੍ਹਾਂ ਦੇ ਜਜ਼ਬਾਤਾਂ ਨੂੰ ਰੋਕ ਸਕਣਾ ਕੋਈ ਸੌਖੀ ਗੱਲ ਨਹੀ ਸੀ। ਸਰਹਿੰਦ ਮੁਗਲਾਂ ਦੀ ਤਾਕਤਵਰ ਸਤ੍ਹਾ ਦੇ ਕੇਂਦਰਾਂ ਵਿੱਚੋਂ ਇੱਕ ਅਹਿਮ ਕੇਂਦਰ ਸੀ। ਜਿਸ ਨੂੰ ਖ਼ਾਲਸੇ ਨੇ ਖਤਮ ਕਰ ਦਿੱਤਾ। ਜਥੇਦਾਰ ਅਵਤਾਰ ਸਿੰਘ ਨੇ ਇਤਿਹਾਸਕ ਹਵਾਲਿਆਂ ਦਾ ਜਿਕਰ ਕਰਦਿਆਂ ਕਿਹਾ ਕਿ ਪੰਜਾਬ ਵਾਸੀਆਂ ਵਿੱਚ ਰਾਜ ਕਰਨ ਦਾ ਜ਼ਜ਼ਬਾ ਪੈਦਾ ਕਰਨ ਲਈ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਵਿੱਚ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੇ ਨਾਮ ਦਾ ਸਿੱਕਾ ਜਾਰੀ ਕੀਤਾ। ਜਿਸ ਨਾਲ ਸਿੱਖ ਦੁਨੀਆਂ ਦੇ ਨਕਸ਼ੇ ਤੇ ਪਹਿਲੀ ਵਾਰ ਰਾਜਨੀਤਿਕ ਤਾਕਤ ਵਜੋਂ ਉਭਰ ਕੇ ਸਾਹਮਣੇ ਆਏ। ਉਹਨਾਂ ਕਿਹਾ ਕਿ ‘ਸਰਹਿੰਦ ਫ਼ਤਹਿ ਦਿਵਸ’ਖ਼ਾਲਸਾ ਪੰਥ ਵਿੱਚ ਜ਼ੁਲਮੀ ਤਾਕਤਾਂ ਖਿਲਾਫ਼ ਸੰਘਰਸ਼ ਕਰਨ ਦੀ ਚੇਤਨਾ ਪੈਦਾ ਕਰਨ ਦਾ ਅਹਿਮ ਅਵਸਰ ਹੈ। ਉਨ੍ਹਾਂ ਕਿਹਾ ਕਿ 2016 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ 300 ਸਾਲਾ ਸ਼ਹੀਦ ਸ਼ਤਾਬਦੀ ਇਸੇ ਅਸਥਾਨ ਤੇ ਵੱਡੀ ਪੱਧਰ ਤੇ ਮਨਾਈ ਜਾਵੇਗੀ। ਇਸ ਸਬੰਧੀ ਨੰਦੇੜ ਸਾਹਿਬ ਤੋਂ ਸ੍ਰੀ ਫਤਹਿਗੜ੍ਹ ਸਾਹਿਬ ਤੀਕ ਅਤੇ ਗੜ੍ਹੀ ਗੁਰਦਾਸ ਨੰਗਲ ਤੋਂ ਦਿੱਲੀ ਤੀਕ ਨਗਰ ਕੀਰਤਨ ਕੱਢੇ ਜਾਣਗੇ। ਉਨਾਂ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਹੀ ਕੁਰਬਾਨੀਆਂ ਭਰਿਆ ਹੈ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਪਣੇ ਮਿਸ਼ਨ ਤੋਂ ਥਿੜਕਾਉਣ ਲਈ ਮੁਗਲਾਂ ਵੱਲੋਂ ਉਸ ਦਾ ਮਾਸ ਨੋਚਿਆ ਗਿਆ ਤੇ ਉਸ ਦੇ ਚਾਰ ਸਾਲਾ ਪੁੱਤਰ ਬਾਬਾ ਅਜੈ ਸਿੰਘ ਦਾ ਦਿਲ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਪਾਇਆ ਗਿਆ, ਪ੍ਰੰਤੂ ਗੁਰੂ ਦੇ ਸਿੰਘ ਨੇ ਸੀਅ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸਮਾਜ ਵਿੱਚੋਂ ਪਤਿਤਪੁਣਾ, ਨਸ਼ੇ ਅਤੇ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਲਈ ਸਮੂਹ ਧਿਰਾਂ ਨੂੰ ਪ੍ਰਬਲ ਲੋੜ ਹੈ। ਜਥੇ:ਅਵਤਾਰ ਸਿੰਘ ਨੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ, ਪ੍ਰਬੰਧਕਾਂ ਤੇ ਸਿੱਖ ਸੰਗਤਾਂ ਦਾ ਫਤਹਿ ਮਾਰਚ ਤੇ ਧਾਰਮਿਕ ਸਮਾਗਮ ‘ਚ ਸ਼ਾਮਲ ਹੋਣ ਕਰਕੇ ਧੰਨਵਾਦ ਵੀ ਕੀਤਾ।
ਇਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ, ਸਾਬਕਾ ਐਮ.ਪੀ. ਸ.ਪ੍ਰੇਮ ਸਿੰਘ ਚੰਦੂਮਾਜਰਾ ਆਦਿ ਨੇ ਵੀ ਸੰਬੋਧਨ ਕੀਤਾ। ਮੰਚ ਦੀ ਸੇਵਾ ਗਿਆਨੀ ਹਰਪਾਲ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਨੇ ਨਿਭਾਈ।