ਅੰਮ੍ਰਿਤਸਰ- ਸ਼ਹਿਰ ਵਿੱਚ ਮਾਲ ਰੋਡ ਤੇ ਖੋਲ੍ਹੇ ਗਏ ਪਾਸਪੋਰਟ ਦਫ਼ਤਰ ਤੋਂ ਕੋਈ ਵੀ ਕੰਮ ਕਰਵਾਉਣ ਲਈ ਅਪਆਇੰਟਮੈਂਟ ਲੈਣ ਲਈ ਲੋਕ ਏਜੰਟਾਂ ਦੇ ਹੱਥੋਂ ਬੁਰੀ ਤਰ੍ਹਾਂ ਲੁਟ ਦਾ ਸਿ਼ਕਾਰ ਹੋ ਰਹੇ ਹਨ। ਲੋਕਾਂ ਦੀ ਸਹੂਲਤ ਲਈ ਆਨਲਾਈਨ ਅਪਆਇੰਟਮੈਂਟ ਸਿਸਟਮ ਸ਼ੁਰੂ ਕੀਤਾ ਗਿਆ ਹੈ ਪਰ ਕਈ ਵਾਰ ਅਪਲਾਈ ਕਰਨ ਦੇ ਬਾਵਜੂਦ ਵੀ ਅਪਆਇੰਟਮੈਂਟ ਨਹੀਂ ਮਿਲਦੀ।ਆਨਲਾਈਨ ਅਪਲਾਈ ਕਰਨ ਤੇ ਕੋਈ ਵੀ ਫੀਸ ਨਹੀਂ ਲਗਦੀ ਪਰ ਏਜੰਟ ਚੰਗੀ ਕਮਾਈ ਕਰ ਰਹੇ ਹਨ। ਮਜਬੂਰੀ ਵਸ ਲੋਕਾਂ ਨੂੰ ਹਜ਼ਾਰਾਂ ਰੁਪੈ ਏਜੰਟਾਂ ਨੂੰ ਦੇਣੇ ਪੈ ਰਹੇ ਹਨ।
ਪਾਸਪੋਰਟ ਵਿਭਾਗ ਦੀ ਸਾਈਟ ਤੇ 500 ਲੋਕ ਪ੍ਰਤੀਦਿਨ ਅਪਆਇੰਟਮੈਂਟ ਲੈਂਦੇ ਹਨ। ਇਹ ਕੋਟਾ ਸ਼ਾਮ ਨੂੰ 6 ਵਜੇ ਖੁਲਦੀ ਸਾਈਟ ਤੇ ਪੰਜ ਮਿੰਟ ਵਿੱਚ ਪੂਰਾ ਹੋ ਜਾਂਦਾ ਹੈ। ਇਸ ਤੋਂ ਬਾਅਦ ਸਾਈਟ ਬੰਦ ਹੋ ਜਾਂਦੀ ਹੈ। ਏਜੰਟ ਲੋਕਾਂ ਦੀ ਮਜ਼ਬੂਰੀ ਦਾ ਫਾਇਦਾ ਚੁਕਦੇ ਹੋਏ ਮੋਟੀਆਂ ਰਕਮਾਂ ਵਸੂਲ ਕਰ ਰਹੇ ਹਨ। ਪਾਸਪੋਰਟ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਏਜੰਟਾਂ ਖਿਲਾਫ਼ ਕਈ ਵਾਰ ਕਾਰਵਾਈ ਕਰ ਚੁੱਕੇ ਹਾਂ ਪਰ ਥੋੜੇ ਦਿਨ ਠੀਕ ਰਹਿਣ ਤੋਂ ਬਾਅਦ ਜਲਦੀ ਹੀ ਹਾਲਾਤ ਫਿਰ ਤੋਂ ਪਹਿਲਾਂ ਵਰਗੇ ਹੋ ਜਾਂਦੇ ਹਨ।