ਤਬਾਹੀ
ਘਰੇਲੂ ਜੰਗ ਵਿਚ ਮਾਰੇ
ਇਨਸਾਨ ਦੀ
ਰੇਗਿਸਤਾਨ ਵਿਚ ਪਈ ਖੋਪੜੀ ਵਿਚ
ਜਮ੍ਹਾਂ ਹੋਏ,
ਮੀਂਹ ਦੇ ਪਾਣੀ ਵਾਂਗ,
ਕਦੇ ਵਰਦਾਨ
ਤੇ ਕਦੇ ਤਬਾਹੀ ਲੱਗਦੀ ਹੈਂ ਤੂੰ!
……………
ਚੁੱਪ ਸਰਦ ਰਾਤ
ਟਿਕੀ ਅਤੇ ਚੁੱਪ ਸਰਦ ਰਾਤ,
ਟਿਮਕਦੇ ਤਾਰੇ,
ਚਮਕ ਰਿਹਾ ਚੰਦਰਮਾਂ,
ਭੌਂਕ ਰਹੇ ਕੁੱਤੇ,
ਕਿਤੇ ਬੋਲਦਾ ਉੱਲੂ,
ਦੂਰ ਕਿਤੇ ਬੋਲਦੀ ਟਟ੍ਹੀਹਰੀ,
ਵਗਦੀ ਸੀਤ ਪੌਣ,
ਨਿੱਘ ਵਿਚ ਘੂਕ ਸੁੱਤਾ ਜੱਗ,
ਸੁਪਨਿਆਂ ਵਿਚ ਗੁਆਚੀ ਦੁਨੀਆਂ,
ਸੁੰਨ ਵਰਤੀ ਪਈ ਹੈ ਚਾਰੇ ਪਾਸੇ,
ਮੇਰੇ ਦਿਲ ਦੇ ਮੌਸਮ ਵਾਂਗ!
………………….
ਵਿਸ਼ਵਾਸ
ਕੋਈ ਗ਼ਿਲਾ ਨਹੀਂ ਮੈਨੂੰ ਤੇਰੇ ‘ਤੇ
ਕੋਈ ਦੋਸ਼ ਨਹੀਂ ਤੇਰਾ!
ਬੇਫ਼ਿਕਰ ਹੋ ਕੇ ਬੈਠ,
ਕਿਸੇ ਗੱਲੋਂ ਆਪਣੇ ਆਪ ਨੂੰ
ਦੋਸ਼ੀ ਨਾ ਮੰਨ!!
ਦੋਸ਼ ਹੈ ਮੇਰੇ ਵਿਸ਼ਵਾਸ ਦਾ!