ਹਰੇਕ ਧਰਮ ਵਿਚ ਪ੍ਰਵੇਸ਼ ਕਰਨ ਲਈ ਦੀਕਸ਼ਾ ਦਾ ਆਪਣਾ ਵਿਧੀ ਵਿਧਾਨ ਹੈ।ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਸਿੱਖ ਧਰਮ ਵਿਚ ਚਰਨਾਮ੍ਰਿਤ ਰਾਹੀਂ ਦੀਕਸ਼ਾ ਦੇਣ ਦੀ ਮਰਿਆਦਾ ਸੀ ,ਭਾਵ ਜਲ ਨੂੰ ਗੁਰੂ ਪਾਤਸ਼ਾਹ ਦੇ ਚਰਨਾ ਨਾਲ ਛੁਹਾਕੇ ਪ੍ਰਦਾਨ ਕੀਤਾ ਜਾਂਦਾ ਸੀ : ‘ਚਰਨ ਧੋਇ ਰਹਿਰਾਸ ਕਰਿ ਚਰਨਾਮ੍ਰਿਤ ਸਿੱਖਾਂ ਪਿਲਾਇਆ’। ਸਰਬੰਸ ਦਾਨੀ ਦਸਮ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਮੁਬਾਰਕ ਵਿਸਾਖੀ ਨੂੰ ਦੀਕਸ਼ਾ ਦੇ ਚਰਨਾਮ੍ਰਿਤ ਦੇ ਇਸੇ ਵਿਧੀ ਵਿਧਾਨ ਨੂੰ ਖੰਡੇ ਬਾਟੇ ਦੇ ਅੰਮ੍ਰਿਤ ਦਾ ਰੂਪ ਬਖਸ਼ ਦਿੱਤਾ ।ਪੰਜ ਕਕਾਰੀ ਰਹਿਤ ਅਤੇ ਚਾਰ ਕੁਰਹਿਤਾਂ ਰਾਹੀਂ ਆਦਰਸ਼ਕ ਅਥਵਾ ਗੁਰਮੁਖ ਨੂੰ ਖਾਲਸੇ ਦੇ ਰੂਪ ਵਿਚ ਪ੍ਰਗਟ ਕਰ ਗੁਰੂ ਨਾਨਕ ਸਾਹਿਬ ਵਲੋਂ ਰੱਬੀ ਆਦੇਸ਼ ਅਨੁਸਾਰ ਆਰੰਭੇ ਸਿਖ ਧਰਮ ਨੂੰ ਸੰਪੂਰਣਤਾ ਬਖਸ਼ੀ ।ਤਤਕਾਲੀਨ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰੀ ਗੁਪਤਚਰਾਂ ਦੀਆਂ ਰਿਪੋਰਟਾਂ ਅਨੁਸਾਰ 1699 ਦੀ ਇਸ ਇਤਿਹਾਸਕ ਵੈਸਾਖੀ ਮੌਕੇ ਕੋਈ 80 ਹਜਾਰ ਸਿੱਖ ਆਨੰਦਪੁਰ ਸਾਹਿਬ ਪੁਜੇ ਸਨ ।ਦਸਮੇਸ਼ ਪਿਤਾ ਵਲੋਂ ਸੀਸ ਭੇਟ ਕੀਤੇ ਜਾਣ ਦੀ ਮੰਗ ਕਰਨ ਤੇ ਇਕ ਇਕ ਕਰਕੇ ਪੰਜ ਸਿੱਖ ਸਾਹਮਣੇ ਆਏ :ਸਤਿਗੁਰੂ ਆਗੈ ਸੀਸ ਭੇਟ ਦੇਓ ਜੇ ਸਤਿਗੁਰ ਸਾਚੇ ਭਾਵੈ’।
ਸੀਸ ਭੇਟ ਦੇਓ ਦੀ ਇਸ ਰਮਜ ਅਤੇ ਰਹੱਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਗੁਰਬਾਣੀ ਰਾਹੀਂ ਹੀ ਖੋਲਿਆ ਜਾ ਸਕਦਾ ਹੈ ।ਸੀਸ ਭੇਟ ਕਰਨ ਦਾ ਮਤਲਬ ਮਨੁੱਖੀ ‘ਮੈਂ ਮੇਰੀ ਤੇ ਅਹੰਕਾਰ’ ਨੂੰ ਤੱਜ ਦੇਣਾ ਹੈ ।ਜਦੋਂ ਅਸੀਂ ਗੁਰੂ ਪਾਤਸ਼ਾਹ ਦੇ ਸਨਮੁਖ ਸੀਸ ਝੁਕਾ ਮੱਥਾ ਟੇਕਦੇ ਹਾਂ ਤਾਂ ਉਸਦਾ ਗੁਹਜ ਅਰਥ ਇਹੀ ਹੈ ਕਿ ,ਪਾਤਸ਼ਾਹ ਸਾਡੀ ਮਨਮਤਿ ਲੈਕੇ ਸਾਡੇ ਮੱਥੇ ਵਿਚ ਗੁਰਮਤਿ ਦੀ ਬਖਸ਼ਿਸ਼ ਕਰਨ ।ਗੁਰੂ ਨੂੰ ਕੋਈ ਦੁਨਿਆਵੀ ਪਦਾਰਥ ਨਹੀ, ਸੀਸ ਹੀ ਭੇਟ ਕੀਤਾ ਜਾ ਸਕਦਾ।
ਦੂਸਰਾ ਮਨੁਖੀ ਸਮਾਜ ਵਿਚ ਆ ਰਹੀਆਂ ਕੁਰੀਤੀਆਂ ,ਮਜਹਬੀ ਵਖਰੇਵੇ ,ਰਾਜਸੀ ਤੇ ਆਰਥਿਕ ਬੇਇਨਸਾਫੀ ਤੇ ਹੁਕਮਰਾਨਾ ਦੇ ਜ਼ਬਰ ਜੁਲਮ ਨੂੰ ਰੋਕਣ ਲਈ ਗੁਰੂ ਨਾਨਕ ਦੇਵ ਜੀ ਨੇ ਹੀ ਤਲੀ ਤੇ ਸਿਰ ਰੱਖ ਕੇ ਸਿੱਖੀ ਮਾਰਗ ਵਿਚ ਪ੍ਰਵੇਸ਼ ਕਰਨ ਦੀ ਗਲ ਕਹੀ ਸੀ ।ਭਾਵੇਂ ਮਨੁਖੀ ਹੱਕਾਂ ਦੀ ਰਾਖੀ ਲਈ ਅਗਵਾਈ ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਜਾਬਰ ਅਤੇ ਪਾਪ ਕੀ ਜੰਝ ਕਹਿ ਕੇ ਕਰ ਦਿੱਤੀ ਸੀ ਲੇਕਿਨ ਸੀਸ ਭੇਟ ਕਰਨ ਦੀ ਪ੍ਰਤੱਖ ਉਦਾਹਰਣ ਪੰਜਵੀ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਨੇ ਲਾਹੌਰ ਵਿਚ ਤੱਤੀ ਤਵੀ ਤੇ ਬੈਠਕੇ ਅਤੇ ਨੌਂਵੇ ਗੁਰਦੇਵ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਲੀ ਦੇ ਚਾਂਦਨੀ ਚੌਕ ਵਿਖੇ ਕੇ ਸੀਸ ਕਟਵਾ ਕੇ ਪ੍ਰਸਤੁਤ ਕੀਤੀ । ਵੈਸਾਖੀ ਵਾਲੇ ਦਿਨ ਦਸਮੇਸ਼ ਪਿਤਾ ਵਲੋਂ ਸੀਸ ਭੇਟ ਦੀ ਮੰਗ ਕੀਤੇ ਜਾਣਾ ਇਹੀ ਦ੍ਰਿੜ ਕਰਾਂਉਂਦੀ ਹੈ ਕਿ ਹੰਕਾਰ ਤੱਜ ਕੇ ਹੀ ਗੁਰੂ ਪ੍ਰਤੀ ਸਮਰਪਣ ਪੂਰਾ ਹੁੰਦਾ ਹੈ।ਅੰਮ੍ਰਿਤ ਦਾ ਪ੍ਰਾਰਥੀ ਹੋਣ ਸਮੇਂ ਸਿੱਖ ਆਪਣੇ ਆਪ ਨੂੰ ਗੁਰੂ ਹੁਕਮਾਂ ਪ੍ਰਤੀ ਪੂਰੀ ਤਰ੍ਹਾ ਸਮਰਪਿਤ ਕਰਦਾ ਹੈ । ਇਹ ਮਨੁਖੀ ਸਮਾਜ ਦੇ ਉਚੇਰੀਆਂ ਕੀਮਤਾਂ ਲਈ ਸੀਸ ਭੇਟ ਕਰ ਦੇਣ ਦਾ ਐਲਾਨ ਹੈ ।
ਖੰਡੇ ਬਾਟੇ ਦੇ ਅੰਮ੍ਰਿਤ ਨੂੰ ਤਿਆਰ ਕਰਨ ਦਾ ਵਿਧੀ ਵਿਧਾਨ, ਪੰਜ ਕਕਾਰੀ ਰਹਿਤ ਤੇ ਚਾਰ ਕੁਰਹਿਤਾਂ ਡੂੰਘੇ ਅਰਥਾਂ ਦਾ ਲਖਾਇਕ ਹੈ, ਜਿਸ ਰਾਹੀਂ ਰੱਬੀ ਹੁਕਮ ਅਨੁਸਾਰ ਪੰਥ ਪ੍ਰਗਟ ਕੀਤਾ ।
ਸਰਬ ਲੋਹ ਦੇ ਬਾਟੇ ਵਿੱਚ ਦੋ ਧਾਰਾ, ਖੰਡਾ ਅਕਾਲ ਪੁਰਖ ਦੀ ਦੈਵੀ ਸ਼ਕਤੀ ਦ੍ਰਿੜ ਕਰਵਾਉਂਦਾ ਹੈ ਜਿਸ ਰਾਹੀਂ ਇਸ ਸੰਸਾਰ ਦੀ ਸਾਜਨਾ ਹੋਈ ਤੇ ਪ੍ਰਤੀਪਾਲਨਾ ਹੋ ਰਹੀ ਹੈ ਪ੍ਰਥਮੈ ਖੰਡਾ ਸਾਜਿ ਕੈ ਸਭ ਸੰਸਾਰ ਉਪਾਇਆ।ਸਿੱਖ ਅਰਦਾਸ ਦਾ ਆਰੰਭ ਜਿਸ ਭਗਉਤੀ ਤੋਂ ਹੁੰਦਾ ਹੈ ‘ਪ੍ਰਿਥਮ ਭਗਉਤੀ ਸਿਮਰਕੈ’ ਉਹ ਖੰਡੇ ਦਾ ਹੀ ਨਾਮ ਹੈ।ਗੁਰੂ ਹਰਗੋਬਿੰਦ ਸਾਹਿਬ ਵਲੋਂ ਪਹਿਨੀਆਂ ਮੀਰੀ ਪੀਰੀ ਅਥਵਾ, ਨਿਰੰਕਾਰ- ਸੰਸਾਰ, ਪ੍ਰਮਾਰਥ-ਪਦਾਰਥ, ਭਗਤੀ ਤੇ ਸ਼ਕਤੀ ਦੀਆਂ ਲਖਾਇਕ ਦੋ ਤਲਵਾਰਾਂ ਨੂੰ ਦਸਮ ਪਾਤਸ਼ਾਹ ਨੇ ਦੋਧਾਰੇ ਖੰਡੇ ਦੇ ਰੂਪ ਵਿਚ ਏਕਾਕਾਰ ਸਰੂਪ ਬਖਸ਼ਿਆ ਜਿਸ ਵਿਚ ਮੀਰੀ ਅਤੇ ਪੀਰੀ ਦੀ ਇਕਸਾਰਤਾ, ਇਕਸੁਰਤਾ ਅਤੇ ਇਕਰੂਪਤਾ ਹੈ।ਇਸ ਤਰ੍ਹਾ ਖਾਲਸੇ ਨੂੰ ਆਤਮਿਕ ਬਲ ਪ੍ਰਾਪਤ ਕਰਨ ਦੇ ਨਾਲ ਨਾਲ ਸੰਸਾਰ ਪ੍ਰਤੀ ਜਿੰਮੇਵਾਰ ਵੀ ਬਣਾਇਆ।
ਅੰਮ੍ਰਿਤ ਤਿਆਰ ਕਰਨ ਲਈ ਸਰਬ ਲੋਹ ਦੇ ਬਾਟੇ ਵਿਚ ਸ਼ੁਧ ਜਲ ਪਾਇਆ ਜਾਂਦਾ ਹੈ ,ਜਿਸ ਜਲ ਬਾਰੇ ਗੁਰੂ ਪਾਤਿਸ਼ਾਹ ਦਾ ਫੁਰਮਾਨ ਹੈ,ਪਹਿਲਾ ਪਾਣੀ ਜੀਉ ਹੈ ਜਿਤਿ ਹਰਿਆ ਸਭਿ ਕੋਇ ……ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤ..। ਜਲ ਜੀਵਨ ਦੀ ਸ਼ੁਧਤਾ, ਪਵਿੱਤਰਤਾ ਅਤੇ ਨਿਰੰਤਰਤਾ ਦਾ ਸੂਚਕ ਹੈ।ਅੱਜ ਵੀ ਭਾਰਤ ਦਾ ਹਰ ਵੱਡਾ ਤੀਰਥ ਅਸਥਾਨ ਦਰਿਆ, ਨਦੀ, ਸਰੋਵਰ ਜਾਂ ਸਮੁੰਦਰ ਕੰਢੇ ਹੈ ।
ਜਲ ਵਿੱਚ ਪਾਏ ਗਏ ਪਤਾਸੇ ਹਰ ਅਭਿਲਾਖੀ ਨੂੰ ਜੀਵਨ ਵਿਚ ਮਿਠਤ ਨੀਵੀਂ ਦਾ ਅਨੁਸਾਰੀ ਬਣਾਉਂਦੇ ਹਨ‘ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤੁ’। ਇਹ ਪਤਾਸੇ ਦੂਸਰੇ ਮਿਠਿਆਂ ਨਾਲੋਂ ਵੱਖਰੀ ਅਹਿਮੀਅਤ ਇਸ ਲਈ ਵੀ ਰੱਖਦੇ ਹਨ ਕਿ ਇਹ ਵੱਡੇ ਛੋਟੇ ਦੇ ਅਕਾਰ ਨੂੰ ਕੋਈ ਮਹੱਤਵ ਨਹੀ ਦਿੰਦੇ। ਸਰਬ ਲੋਹ ਦੇ ਬਾਟੇ ਵਿਚ ਦੋਧਾਰੇ ਖੰਡੇ ਨਾਲ ਜਲ ਅੰਦਰ ਮਿਸ਼ਰਤ ਹੋਏ ਪਤਾਸੇ ਇਕ ਸਮ ਅਤੇ ਇਕ ਸਾਰ ਹੋ ਜਾਦੇ ਹਨ ਜੋ ਮਨੁਖੀ ਜੀਵਨ ਵਿਚ ਰਾਜਾ ਰੰਕ ਅਤੇ ਉਚ ਜਾਤੀਆਂ ਤੇ ਲਘੂ ਜਾਤੀਆਂ ਦਾ ਫਰਕ ਮਿਟਾਉਣ ਦਾ ਪ੍ਰਤੀਕ ਹਨ ।
ਅੰਮ੍ਰਿਤ ਤਿਆਰ ਕਰਨ ਲਈ ਸਭ ਤੋਂ ਅਹਿਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜਰੀ ਹਜੂਰੀ ਤੇ ਪ੍ਰਕਾਸ਼ ਹੈ।ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਸ਼ਬਦ ਰੂਪੀ ਅੰਮ੍ਰਿਤ ਹੈ
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ….ਵਾਹੁ ਵਾਹੁ ਬਾਣੀ ਨਿਰੰਕਾਰ ਹੈ ਗੁਰਬਾਣੀ ਬਣੀਐ
ਇੱਕ ਉਜਵਲ ਮੁੱਖੀ ਗੁਰਸਿੱਖ ਸਤਿਗੁਰ ਦੀ ਤਾਬਿਆ ਬੈਠਦਾ ਹੈ ਅਤੇ ਪੰਜ ਗੁਰਸਿੱਖ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਦੇ ਹਨ, ਜੋ 1699 ਦੀ ਵੈਸਾਖੀ ਮੌਕੇ ਪਰ ਪਹਿਲੀ ਵਾਰੀ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਨੇ ਤਿਆਰ ਕੀਤਾ ਤੇ ਪੰਜ ਪਿਆਰਿਆਂ ਨੂੰ ਛਕਾਇਆ। ਅੰਮ੍ਰਿਤ ਦੀ ਇਹ ਇਲਾਹੀ ਦਾਤ ਪ੍ਰਾਪਤ ਕਰਨ ਵਾਲਾ ਪਾਤਰ ਕਿਸੇ ਵੀ ਜਾਤ, ਦੇਸ਼, ਰੰਗ-ਰੂਪ, ਨਸਲ ਅਤੇ ਇਸਤਰੀ ਪੁਰਖ ਹੋ ਸਕਦਾ ਹੈ। ਹਰ ਯੋਗ ਪਾਤਰ ਦੀ ਪੰਥ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਪ੍ਰਵਾਨ ਕੀਤੀ ਜਾˆਦੀ ਹੈ ।ਅੰਮ੍ਰਿਤ ਤਿਆਰ ਕਰਦੇ ਸਮੇਂ ਕਰਮਵਾਰ ਜਪੁ ਜੀ ਸਾਹਿਬ, ਜਾਪੁ ਸਾਹਿਬ, ਸੁਧਾ ਸਵੈਯਾ, ਕਬਯੋ ਬਾਚ ਬੇਨਤੀ ਚੋਪਈ ਅਤੇ ਅਨੰਦ ਸਾਹਿਬ ਦਾ ਪਾਠ ਵਾਰੋ ਵਾਰੀ ਕਰਮਵਾਰ ਇਕ ਇਕ ਪਿਆਰਾ ਕਰਦਾ ਹੈ ।ਸਰਬ-ਲੋਹ ਦੇ ਬਾਟੇ ਦੇ ਪਦਾਰਥਾਂ ਵਿਚ ਖੰਡੇ ਰਾਹੀਂ ਗੁਰਬਾਣੀ ਦੇ ਅੰਮ੍ਰਿਤ ਨਾਲ ਸਮਿਸ਼ਰਣ ਹੁੰਦਾ ਹੈ ।
ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਹਰ ਸਿਖ ਦਾ ਜਨਮ ਸਤਿਗੁਰੂ ਦੇ ਗ੍ਰਹਿ ਵਿਚ ਹੁੰਦਾ ਹੈ ਸਤਿਗੁਰ ਕੇ ਜਨਮੇ ਗਵਣ ਮਿਟਾਇਆ ਪਿਛਲੇ ਜਨਮ, ਜਾਤ, ਕਰਮ, ਧਰਮ, ਕੁਲ ਦਾ ਨਾਸ਼ ਕਰ ਸਿੰਘ ਜਾਂ ਕੌਰ ਦਾ ਲਕਬ ਬਖਸ਼ਿਆ ਜਾਂਦਾ ਹੈ।
ਧਰਮ ਦੀ ਦੁਨੀਆਂ ਵਿਚ ਅੱਜ ਵੀ ਗੁਰੂ ਤੇ ਚੇਲੇ ਦਰਮਿਆਨ ਵਿਤਕਰਾ ਬਾਦਸਤੂਰ ਜਾਰੀ ਹੈ ਲੇਕਿਨ ਸਿਖੀ ਨੇ ਆਰੰਭ ਤੋਂ ਹੀ ਗੁਰੂ ਚੇਲੇ ਦਾ ਵਿਤਕਰਾ ਮੁਕਾ ਦਿੱਤਾ ਸੀ-ਗੁਰੂ ਸਿਖ ਸਿਖ ਗੁਰੂ ਹੈ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾਂ ਪੰਜ ਪਿਆਰਿਆਂ ਨੂੰ ਅੰਮ੍ਰਿਤ ਦੀ ਬਖਸ਼ ਤੇ ਫਿਰ ਉਨ੍ਹਾਂ ਪੰਜ ਪਿਆਰਿਆਂ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਗੁਰੂ ਤੇ ਚੇਲੇ ਦੇ ਫਾਸਲੇ ਨੂੰ ਸਦਾ ਲਈ ਖਤਮ ਕਰ ਦਿੱਤਾ ;
ਵਾਹਿ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਇਕੇਲਾ।
ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ।
ਖੰਡੇ ਬਾਟੇ ਦੇ ਅੰਮ੍ਰਿਤ ਦੇ ਸਿਧਾਂਤ ਦਾ ਰਹੱਸ ਤੇ ਰਮਜ ਦੀ ਜਿਨ੍ਹਾਂ ਨੂੰ ਸਮਝ ਨਹੀ ਆਈ ਅਤੇ ਜੋ ਇਸੇ ਅਗੰਮੀ ਰਸ ਦਾ ਅਨੁਭਵ ਕਰਨ ਤੋਂ ਵਾਂਝੇ ਕਈ ਅਖੌਤੀ ਦੇਹ ਧਾਰੀ ਗੁਰੂ ਕਹਿੰਦੇ ਹਨ ਕਿ ਅੰਮ੍ਰਿਤ ਤਾਂ ਇਕ ਹੈ ਤੇ ਉਹ ਧੁਰ ਅੰਦਰ ਵੱਸਦਾ ਹੈ ਇਸ ਲਈ ਖੰਡੇ ਬਾਟੇ ਦੇ ਅੰਮ੍ਰਿਤ ਦੀ ਕੀ ਜਰੂਰਤ ਹੈ। ਹਰ ਮਨੁਖ ਦੇ ਹਿਰਦੇ ਵਿਚ ਰੱਬੀ ਗੁਣਾ ਦੇ ਅੰਮ੍ਰਿਤ ਮਈ ਜਲ ਦਾ ਕੁੰਡ ਮੌਜੂਦ ਹੈ, “ਅੰਤਰ ਕੂਹਟਾ ਅੰਮ੍ਰਿਤ ਭਰਿਆ”। ਲੇਕਿਨ ਇਸ ਅੰਮ੍ਰਿਤ ਰੂਪੀ ਗੁਣ ਚੰਗਿਅਈਆਂ ਦੇ ਤਤ ਨੂੰ ਮਨੁਖੀ ਸਰੀਰ ਵਿਚ ਕਿਸੇ ਵਸੀਲੇ ਰਾਹੀ ਹੀ ਪ੍ਰਗਟ ਕੀਤਾ ਜਾ ਸਕਦਾ ਹੈ ।ਇਕ ਦੁਨਿਆਵੀ ੳਦਾਹਰਣ ਦੇਣੀ ਉਚਿਤ ਹੋਵੇਗੀ- ਜਿਵੇਂ ਹੱਥ ਨਲਕੇ ਜਾਂ ਖੂਹ ਦਾ ਪਾਣੀ ਜਦੋ ਗਤੀ ਹੀਨ ਹੋ ਜਾਵੇ ਤਾਂ ਉਸ ਵਿਚ ਬਾਹਰੋ ਜਲ ਪਾਇਆ ਜਾਂਦਾ ਹੈ ਤੇ ਫਿਰ ਉਸ ਨਲਕੇ ਦਾ ਪਾਣੀ ਆਪੇ ਹੀ ਚਲ ਪੈਂਦਾ ਹੈ। ਇਸੇ ਤਰਾ ਅੰਤਰ ਆਤਮੇ ਵਿਚ ਸਮਾਏ ਅੰਮ੍ਰਿਤ ਜਲ ਨੂੰ ਸ਼ਬਦ ਬਾਣੀ ਦੀ ਲੱਜ ਨਾਲ ਹੀ ਕੱਢਿਆ ਜਾ ਸਕਦਾ। ‘ਸ਼ਬਦ ਕਾਢਿ ਪੀਏ ਪਨਿਹਾਰੀ’।ਖੰਡੇ ਬਾਟੇ ਦਾ ਅੰਮ੍ਰਿਤ ਧੁਰ ਅੰਦਰ ਦੇ ਅੰਮ੍ਰਿਤ ਨੂੰ ਹਰਕਤ ਵਿਚ ਲਿਆ ਸਰੀਰ ਵਿਚ ਪ੍ਰਗਟ ਕਰਦਾ ਹੈ ।
ਜਿਸ ਸਰੀਰ ਰੂਪੀ ਭਾˆਡੇ ਦੇ ਵਿੱਚ ਇਸ ਅੰਮ੍ਰਿਤ ਨੇ ਪ੍ਰਵੇਸ਼ ਕਰਨਾ ਹੈ ਉਹ ਭਾਂਡਾ ਸਵੱਛ ਤੇ ਸਾਫ ਜਰੂਰ ਹੋਣਾ ਚਾਹੀਦਾ ਹੈ, ਠੀਕ ਉਸੇ ਤਰ੍ਹਾਂ ਜਿਵੇਂ ਦੁਧ ਕਿਸੇ ਸਾਫ ਬਰਤਨ ਵਿਚ ਹੀ ਚੋਇਆ ਤੇ ਰੱਖਿਆ ਜਾ ਸਕਦਾ ਹੈ ਬਰਤਨ ਦੀ ਅਸ਼ੁਧਤਾ ਨਾਲ ਦੁਧ ਫਿੱਟ ਜਾਦਾ ਹੈ ਭਾਂਡਾ ਧੋਇ ਬੈਸਿ ਧੂਪੁ ਦੇਵਹੁ ਤਉ ਦੂਧੈ ਕਉ ਜਾਵਹ॥ ਦੂਧੁ ਕਰਮ ਫੁਨਿ ਸੁਰਤਿ ਸਮਾਇਣੁ ਹੋਇ ਨਿਰਾਸ ਜਮਾਵਹੁ। ਖੰਡੇ ਬਾਟੇ ਦੇ ਅੰਮ੍ਰਿਤ ਦੀ ਰਹਤਿ ਮਨੁਖ ਦੇ ਸਰੀਰੀ ਜਾਮੇ ਨੂੰ ਸ਼ੁਧ ਤੇ ਪਵਿੱਤਰ ਕਰਦੀ ਹੈ ।
ਅੰਮ੍ਰਿਤ ਤਾਂ ਜੀਵਨ ਦਾ ਬੰਧਨ ਹੈ ਲੇਕਿਨ ਬੰਧਨ ਮੁਕਤ ਤਾਂ ਮਨੁਖੀ ਜੀਵਨ ਹੋ ਹੀ ਨਹੀ ਸਕਦਾ, ਹਾਂ ਪਸ਼ੂਤਾ ਲਈ ਕਿਸੇ ਬੰਧਨ ਦੀ ਲੋੜ ਨਹੀ ਹੈ।ਕਿਉਂਕਿ ਪਸ਼ੂਆਂ ਲਈ ਬੰਧਨ ਦਾ ਕੋਈ ਨਿਯਮ ਨਹੀ ਇਸ ਲਈ ਉਨ੍ਹਾ ਨੂੰ ਬਾਹਰੋਂ ਸੰਗਲਾਂ,ਰੱਸੀਆਂ ਨਾਲ ਜਕੜਿਆ ਜਾਂਦਾ ਹੈ ।ਬੰਧਨ ਤੋਂ ਬਿਨਾਂ ਸਮਾਜਿਕ ਤੇ ਸਭਿਅਕ ਜੀਵਨ ਨਹੀ ਹੋ ਸਕਦਾ ਫਿਰ ਤਾਂ ਜੰਗਲ ਦਾ ਰਾਜ ਅਤੇ ਜਿਸਕੀ ਲਾਠੀ ਉਸਕੀ ਬੈਂਸ ਵਾਲਾ ਹਿਸਾਬ ਹੋ ਸਕਦਾ ਹੈ ।
ਹਰ ਦੇਸ਼ ਦੇ ਵਿਧਾਨ ਵਿਚ ਅਜੋਕੇ ਸਮੇ ਵਿਚ ਮਨੁੱਖ ਦੇ ਮੁਢਲੇ ਅਧਿਕਾਰ ਹਨ ਤਾਂ ਨਾਲ ਹੀ ਕਾਨੂੰਨ ਦਾ ਬੰਧਨ ਹੈ। ਸਮਾਜ ਦੇ ਕਾਨੂੰਨ ਬੰਧਨ ਹਨ। ਮਨੁੱਖ ਨੂੰ ਜਿਥੇ ਮੁਢਲੇ ਅਧਿਕਾਰ ਦਿੱਤੇ ਹਨ ਉਥੇ ਨਾਲ ਹੀ ਉਨ੍ਹਾ ਦੀ ਪਾਲਣਾ ਲਈ ਕਾਨੂੰਨ ਦਾ ਬੰਧਨ ਹਰ ਸ਼ਹਿਰੀ ਦਾ ਫਰਜ ਹੈ । ਜੇ ਮਨੁਖੀ ਜੀਵਨ ਦੀ ਗਾਰੰਟੀ ਤੇ ਜੀਉਣ ਦਾ ਅਧਿਕਾਰ ਹੈ ਤਾਂ ਇਹ ਬੰਧਨ ਵੀ ਹੈ ਕਿ ਉਹ ਕਿਸੇ ਹੋਰ ਦਾ ਜੀਵਨ ਖਤਮ ਨਹੀ ਕਰ ਸਕਦਾ ,ਉਲੰਘਣਾ ਕਰਨ ਵਾਲੇ ਲਈ ਮੋਤ ਦੀ ਸਜਾ ਵੀ ਹੈ ।ਇਕ ਸਭਿਅਕ ਸਮਾਜੀ ਮਨੁਖੀ ਜੀਵਨ ਲਈ ਅਨੁਸ਼ਾਸ਼ਨ ਦੀ ਪਾਬੰਦੀ ਹੀ ਆਜਾਦੀ ਦੀ ਗਾਰੰਟੀ ਹੈ ।ਕਿਸੇ ਸ਼ਾਇਰ ਨੇ ਠੀਕ ਲਿਖਿਆ ਹੈ ;
“ਤੂ ਰਾਜ ਏ ਮੁਹੱਬਤ ਕੋ ਸਮਝਾ ਹੀ ਨਹੀˆ ਗਾਫਿਲ,ਪਾਬੰਦੀ ਏ ਇਨਸਾਨ ਹੀ ਆਜਾਦੀਏ ਇਨਸਾ ਹੈ”
ਮਨੁਖੀ ਸਮਾਜ ਤਾ ਕੀ ਇਹ ਸਾਰਾ ਦ੍ਰਿਸਟਮਾਨ ਸੰਸਾਰ ਅਥਵਾ ਕਾਇਨਾਤ ਰੱਬੀ ਹੁਕਮ ਦੇ ਬੰਧਨ ਵਿਚ ਹੈ, “ਭੈਅ ਵਿਚ ਸੂਰਜ ਭੈਅ ਵਿਚ ਚੰਦ ਕੋਹ ਕਰੋੜੀ ਚਲਤ ਨਾ ਅੰਤ”। ਜਲ ਮਨੁਖੀ ਜੀਵਨ ਦਾ ਆਧਾਰ ਹੈ ਅਤੇ ਜਦ ਕਦੇ ਵੀ ਇਸ ਜਲ ਦੇ ਸਰੋਤ ਨਦੀ ਨਾਲੇ ਜਾਂ ਸਮੁੰਦਰ ਅਨੁਸ਼ਸ਼ਾਨ ਦੀ ਉਲੰਘਣਾ ਕਰ ਆਪਣੀਆਂ ਹੱਦਾਂ/ਕੰਢੇ ਪਾਰ ਕਰਦੇ ਹਨ ਤਾਂ ਧਰਤੀ ਤੇ ਹੜ੍ਹ, ਸੁਨਾਮੀ ਤੀਕ ਆ ਜਾਂਦੇ ਹਨ ਜੋ ਮਨੁਖੀ ਤਬਾਹੀ ਦਾ ਕਾਰਣ ਬਣਦੇ ਹਨ ।ਹਵਾ ਮਨੁਖੀ ਜੀਵਨ ਲਈ ਅਹਿਮ ਹੈ, ਇਸ ਤੋਂ ਬਿਨ੍ਹਾਂ ਵੀ ਮਨੁਖ ਜੀਅ ਨਹੀ ਸਕਦਾ ਲੇਕਿਨ ਇਹੀ ਹਵਾ ਜਦੋਂ ਹਨੇਰੀ ਤੁਫਾਨ ਦਾ ਰੂਪ ਧਾਰਨ ਕਰਦੀ ਹੈ ਤਾਂ ਮਨੁਖੀ ਜੀਵਨ ਦਾ ਘਾਤ ਕਰਦੀ ਹੈ।ਭੈ ਵਿਚਿ ਪਵਣੁ ਵਹੈ ਸਦਿ ਵਾਉ॥ਭੈ ਵਿਚਿ ਚਲਹਿ ਲਖ ਦਰਿਆਉ॥ਧਰਤੀ ਆਪਣੇ ਧੁਰੇ ਤੋਂ ਥੋੜਾ ਜਿਹਾ ਵੀ ਹਿਲਦੀ ਹੈ ਤਾਂ ਭੁਚਾਲ ਆਉਂਦੇ ਹਨ ,ਜਵਾਲਾ ਮੁਖੀ ਫੱਟਦੇ ਹਨ ।ਗੁਰੂ ਸਾਹਿਬ ਨੇ ਸਪਸ਼ਟ ਕਿਹਾ ਕਿ ਇਹ ਧਰਤੀ, ਧਰਮ (ਜੋ ਦਇਆ ਦਾ ਪੁਤਰ ਹੈ ਅਤੇ ਸੰਤੋਖ )ਦੇ ਅਨੁਸ਼ਾਸ਼ਨ ਵਿਚ ਹੈ,ਧੌਲੁ ਧਰਮੁ ਦਇਆ ਕਾ ਪੂਤੁ ॥ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ॥
ਸਿਖ ਨੇ ਆਪਣਾ ਜੀਵਨ ਉਸ ਰੱਬੀ ਹੁਕਮ ਦੇ ਬੰਧਨ ਵਿਚ ਹੀ ਬਿਤਾਉਣਾ ਹੈ ‘ਜਿਵ ਜਿਵ ਹੁਕਮੁ ਤਿਵੈ ਤਿਵ ਕਾਰਿ’… ‘ਹੁਕਮਿ ਰਜਾਈ ਚਲਣਾ’, ਹੀ ਗੁਰੂ ਪਾਤਸ਼ਾਹਿ ਦਾ ਮੁਢਲਾ ਆਦੇਸ਼ ਹੈ। ਮਨੁਖ ਨੂੰ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਬੰਧਨ ਪਏ ਹਨ ਗੁਰੂ ਦਸ਼ਮੇਸ਼ ਦੇ ਖੰਡੇ ਬਾਟੇ ਦਾ ਅੰਮ੍ਰਿਤ ਤਾਂ ਉਨ੍ਹਾਂ ਤੋਂ ਆਜਾਦੀ ਦਿਵਾਉਂਦਾ ਹੈ।ਸਿੱਖ ਇਤਿਹਾਸ ਦਾ ਤਰਜਮਾ ਕਰਨ ਵਾਲਾ ਮਹਾਨ ਇਤਿਹਾਸਕਾਰ ਮੈਕਾਲਿਫ ਖਾਲਸੇ ਦੀ ਸਿਰਜਨਾ ਬਾਰੇ ਆਪਣੀ ਕਿਤਾਬ ਦੇ ਸ਼ੁਰੂ ਵਿਚ ਹੀ ਗੁਰਬਾਣੀ ਦਾ ਫੁਰਮਾਨ ਦਰਜ ਕਰਦਾ ਹੈ :
ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪਰਗਾਸੁ॥ ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬੰਦਿ ਖਲਾਸੁ
ਅੰਮ੍ਰਿਤ ਦੀਆਂ ਸ਼ਰਤਾਂ, ਰਹਿਤ, ਕਕਾਰ, ਕੁਦਰਤੀ ਨਿਯਮ ਹਨ ਅਤੇ ਹੁਕਮ ਦੀ ਸਚੀ ਕਾਰ ਵਿਚ ਸਹਾਇਕ ਹਨ।ਅੰਮ੍ਰਿਤ ਪ੍ਰਤੀਕ ਹੈ ਗੁਰ ਪ੍ਰਸਾਦਿ, ਗੁਰ ਬਖਸ਼ਿਸ ਹੈ ਦਾ ਜੋ ਅੰਮ੍ਰਿਤ ਧਾਰੀ ਦੀਆਂ ਅੱਖਾਂ, ਦਿਮਾਗ ਤੇ ਮਨ ਵਿਚੋਂ ਡਰ ਭੈਅ, ਗੁਲਾਮੀ, ਜਾਤ ਵਰਣ ,ਊਚ ਨੀਚ, ਇਸਤਰੀ ਪੁਰਖ, ਕਾਲੇ ਗੋਰੇ ਦਾ ਵਿਤਕਰਾ ਖਤਮ ਕਰ ਦਿੰਦਾ ਹੈ ।
ਕੇਸ ਰੱਖਣੇ ਜਿਥੇ ਪਹਿਲੀ ਰਹਿਤ ਹੈ ਉਥੇ ਕੇਸ ਕੱਟਣੇ ਪਹਿਲੀ ਕੁਰਹਿਤ ਵੀ ਹੈ ।ਇਹ ਕੇਸ ਰੱਖਣੇ ਭਾਵੇ ਗੁਰੂ ਨਾਨਕ ਸਾਹਿਬ ਦੇ ਸਮੇ ਤੋਂ ਹੀ ਲਾਜਮੀ ਸ਼ਰਤ ਸੀ ,ਗੁਰੂ ਸਾਹਿਬ ਨੇ ਜਗਤ ਉਧਾਰ ਲਈ ਉਦਾਸੀਆਂ ਆਰੰਭ ਕਰਨ ਤੋ ਪਹਿਲਾਂ ਜਦੌਂ ਭਾਈ ਮਰਦਾਨੇ ਨੂੰ ਨਾਲ ਲਿਆ ਤਾਂ ਮੁਢਲੀ ਸ਼ਰਤ ਹੀ ਇਹ ਸੀ ਕਿ ਉਹ ਕੇਸਾ ਧਾਰੀ ਹੋਏਗਾ।ਕੇਸਾਂ ਤੇ ਦਸਤਾਰ ਤੋਂ ਬਿਨ੍ਹਾ ਸਿੱਖ ਦੀ ਕਲਪਨਾ ਵੀ ਨਹੀ ਕੀਤੀ ਜਾ ਸਕਦੀ ।ਗੁਰੂ ਪਾਤਸ਼ਾਹ ਦੇ ਸ਼ਰਧਾਲੂ ਤਾਂ ਕੇਸਾਂ ਬਿਨ੍ਹਾ ਵੀ ਸਨ ਲੇਕਿਨ ਜਿਨ੍ਹਾ ਇਸ ਸਿਖੀ ਵਿਚ ਪ੍ਰਵੇਸ਼ ਕੀਤਾ ਉਹ ਸਾਬਤ ਸੂਰਤ ਸਨ ।ਜੇਕਰ ਉਸ ਵੇਲੇ ਸ੍ਰੀ ਆਨੰਦਪੁਰ ਸਾਹਿਬ ਵਿਖੇ 80 ਹਜਾਰ ਲੋਕ ਮੌਜੂਦ ਸਨ ਤਾਂ 20 ਹਜਾਰ ਪ੍ਰਾਣੀਆਂ ਨੇ ਅੰਮ੍ਰਿਤ ਦੀ ਪਾਹੁਲ ਵੀ ਲਈ, ਉਨ੍ਹਾਂ ਉਸੇ ਦਿਨ ਕੇਸ ਨਹੀ ਸਨ ਰੱਖੇ, ਉਹ ਸਾਰੇ ਪਹਿਲਾਂ ਹੀ ਕੇਸਾਂ ਵਾਲੇ ਸਨ ।
ਮਨੁੱਖੀ ਜੀਵਨ ਦੇ ਦੋ ਕਰਮ ਹਨ ਪ੍ਰਵਿਰਤੀ ਤੇ ਨਿਵਿਰਤੀ। ਸੰਸਾਰੀ ਜੀਵਨ ਤਿਆਗ, ਜੰਗਲ ਵਿਚ ਜਾਣਾ ਨਵਿਰਤੀ ਕਰਮ ਹੈ ਜਿਸਦੀ ਗੁਰੂ ਇਜਾਜਤ ਨਹੀ ਦਿੰਦੇ ।ਕੇਸ ਭੱਦਨ ਜਾਂ ਸਿਰ ਮੰਡਾਉਣਾ, ਮੌਤ ਸੋਗ ਅਤੇ ਗਿਆਨ ਹੀਣਤਾ ਦੀ ਨਿਸ਼ਾਨੀ ਹਨ ।ਮਹਾਤਮਾ ਗੌਤਮ ਜਿਨ੍ਹਾ ਦਾ ਪਹਿਲਾ ਨਾਮ ਸਿਧਾਰਥ ਸੀ, ਜਦੋਂ ਮੌਤ ਬੁਢਾਪਾ ਤੇ ਬੀਮਾਰੀ ਦੇਖ ਜੰਗਲ ਵਿਚ ਗਏ ਤਾਂ ਸਿਰ ਮੁਨਾ ਘੋਨ ਮੋਨ ਹੋਏ, ਬਾਰਾਂ ਸਾਲ ਬਾਅਦ ਜਦ ਗਿਆਨ ਦੀ ਪ੍ਰਾਪਤੀ ਹੋਈ ਤਾਂ ਜੋ ਪਹਿਲੇ ਸ਼ਬਦ ਆਪਣੇ ਚਚੇਰੇ ਭਰਾ ਆਨੰਦ ਨੂੰ ਕਹੇ ‘ਮੇਰੇ ਕੇਸਾਂ ਦਾ ਜੂੜਾ ਕਰੋ’।ਕੇਸ ਗਿਆਨ ਨਿਰਵਾਣ ਦੀ ਪ੍ਰਾਪਤੀ ਅਤੇ ਜੀਵਨ ਦਾ ਚਿਂੰਨ ਹਨੈ ।ਹਰ ਸਿੱਖ ਦੇ ਕੇਸਾਂ ਦਾ ਜੂੜਾ ਗੁਰੂ ਦਸਮੇਸ਼ ਦਾ ‘ਕੇਸਗੜ’ ਹੈ।ਸਿਖ ਕਾਲ ਨੂੰ ਸਦਾ ਯਾਦ ਰੱਖਦਾ ਹੈ ਲੇਕਿਨ ਮੌਤ ਦਾ ਭੈਅ ਸਤਿਗੁਰੂ ਦੂਰ ਕਰ ਦਿੰਦੇ ਹਨ ।
ਸਿੱਖ ਦੇ ਕੇਸ ਸੰਨਿਆਸੀ/ਬਨਵਾਸੀ ਦੀਆਂ ਜਟਾਵਾਂ ਵੀ ਨਹੀ ਹਨ, ਇਸ ਲਈ ‘ਕੰਘਾ ਕੇਸਾਂ ਮੈਂ ਧਰਾ’।ਸਿੱਖ ਨੂੰ ਹੁਕਮ ਹੈ ਕਿ ਉਹ ਕੇਸਾਂ ਨੂੰ ਜਟਾਵਾਂ ਨਾ ਬਨਣ ਦੇਵੇ, ਸਾਫ ਸੁਥਰੇ ਰੱਖੇ, ਕੰਘਾ ਸਫਾਈ ਦਾ ਪ੍ਰਤੀਕ ਹੈ । ਕੋਈ ਗੁਰੂ ਦਾ ਸਿਦਕਵਾਨ ਸਿੱਖ ਹੀ ਕੇਸ, ਦਾਹੜੇ ਤੇ ਦਸਤਾਰ ਦੀ ਸੰਭਾਲ ਕਰ ਸਕਦਾ ਹੈ। ਕੇਸ ਭਗਤੀ ਗੁਰੂ ਭਗਤੀ ਦੀ ਨਿਸ਼ਾਨੀ ਹੈ।ਸਿੱਖ ਦੇ ਹੱਥ ਵਿਚ ਕੜਾ ਉਸ ਨੂੰ ਹਰ ਪਾਪ ਕਰਨ ਤੋ ਵਰਜਤ ਕਰਦਾ ਹੈ ਅਤੇ ਗੁਰੂ ਦੇ ਭੈਅ ਵਿਚ ਰਹਿਣ ਨੂੰ ਯਾਦ ਰੱਖਣ ਦੀ ਨਿਸ਼ਾਨੀ ਹੈ ।
ਅੱਜ ਦੁਨੀਆ ਵਿਚ ਨਗਨ ਅਤੇ ਅਰਧ ਨਗਨ ਹੋਣ ਦਾ ਰਿਵਾਜ ਹੋ ਗਿਆ ਹੈ ਜੋ ਕਿ ਮਨੁਖੀ ਸਭਿਆਚਾਰ ਦੇ ਪ੍ਰਤੀਕੂਲ ਹੈ, ਨਿਊਡ ਕਲੋਨੀਆਂ ਬਣ ਰਹੀਆਂ ਹਨ ਤਾਂ ਕਛਿਹਰਾ ਨਗਨਤਾ ਦਾ ਨਿਸ਼ੇਧ ਹੈ।ਕਛਿਹਰਾ ਹਮੇਸ਼ਾ ਸੀਤਾ ਹੁੰਦਾ ਹੈ,ਸਿਖ ਦੀ ਹਸਤੀ ਨੂੰ ਹਿੰਦੂ ਤੇ ਮੁਸਲਮਾਨ ਨਾਲੋ ਅੱਡਰੀ ਤੇ ਸੁਤੰਤਰ ਹੋਂਦ ਦਰਸਉਂਦਾ ਹੈ। ਹਿੰਦੂ ਰੀਤੀ ਦੇ ਕਿਸੇ ਹਵਨ ਯੱਗ ਜਾਂ ਵੇਦ ਮੰਤਰਾਂ ਦੇ ਪਾਠ ਸਮੇ ਸੀਤਾ ਕਪੜਾ ਨਹੀ ਪਾਇਆ ਜਾ ਸਕਦਾ,ਅਣਸੀਤੀ ਧੋਤੀ ਧਾਰਣ ਕਰਨੀ ਪੈਂਦੀ ਹੈ । ਇਸੇ ਤਰ੍ਹਾ ਹੱਜ ਕਰਨ ਵਾਲਾ ਹਰ ਮੁਸਲਮਾਨ ਅਣਸੀਤਾ ਤੰਬਾ ਪਹਿਨਦਾ ਹੈ। ਕਛਿਹਰਾ ਸਿਖ ਦੇ ਆਚਰਣ ਦਾ ਜਾਮਨ ਹੈ ।
ਹੁਜਤਾਂ ਕਰਨ ਵਾਲੇ ਤਾਂ ਇਹ ਵੀ ਕਹਿੰਦੇ ਹਨ ਕਿ ਅੱਜ ਯੁਗ ਬੰਦੂਕ ਤੇ ਬਾਰੂਦ ਦਾ ਹੈ ,ਕ੍ਰਿਪਾਨ ਦੀ ਕੀ ਲੋੜ ਹੈ। ਲੇਕਿਨ ਕ੍ਰਿਪਾਨ ਸਿਰਫ ਹਥਿਆਰ ਹੀ ਨਹੀ ਇਸ ਵਿਚ ਗੁਰੂ ਦੀ ਕ੍ਰਿਪਾ ਹੈ, ਇਹ ਮਨੁਖੀ ਸਨਮਾਨ, ਮਜਲੂਮ ਦੀ ਰੱਖਿਆ ਤੇ ਜਾਲਮ ਦੀ ਭੱਖਿਆ ਲਈ ਹੈ ,ਇਹ ਸਿਖ ਦੀ ਰਾਜਸੀ ਆਜਾਦੀ ਦਾ ਪ੍ਰਤੀਕ ਮੀਰੀ ਦਾ ਚਿੰਨ ਹੈ। ਸਿਖ ਕਿਸੇ ਦਾ ਗੁਲਾਮ ਨਹੀ ਬਣ ਸਕਦਾ ।ਅੱਜ ਭਾਵੇਂ ਰਾਜੇ ਮਹਾਰਾਜੇ ਖਤਮ ਹੋ ਗਏ ਹਨ ਲੇਕਿਨ ਜਿਥੇ ਵੀ ਦੁਨੀਆਂ ਵਿਚ ਰਾਜੇ ਹਨ ਉਥੇ ਕਿਸੇ ਰਾਜੇ ਦੀ ਤਾਜਪੋਸ਼ੀ ਦਾ ਚਿਂਨ ਕ੍ਰਿਪਾਨ ਹੀ ਹੁੰਦੀ ਹੈ ।ਇੰਗਲਂੈਡ ਦੇ ਇਤਿਹਾਸ ਵਿਚ ਰਾਜੇ ਦੀ ਹਰ ਤਾਜਪੋਸ਼ੀੇ ਕ੍ਰਿਪਾਨ ਧਾਰਣ ਨਾਲ ਹੀ ਮੁਕੰਮਲ ਹੰਦੀ ਹੈ, ਤੋਪ ਜਾਂ ਬੰਦੂਕ ਨਹੀ ਵਰਤੀ ਜਾਂਦੀ ।
ਕੁਠਾ ਕੁਰਾਨ ਦੀ ਆਇਤ ਪੜ੍ਹ ਕੇ ਜਬਰਦਸਤੀ ਰਾਜਸੀ ਹੁਕਮ ਨਾਲ ਖਵਾਇਆ ਜਾਂਦਾ ਹੈ ।ਗੁਰੂ ਪਾਤਸ਼ਾਹ ਨੇ ਭੋਜਨ ਦੀ ਗੁਲਾਮੀ ਵੀ ਉਤਾਰ ਦਿੱਤੀ ਤੇ ਕੁਠਾ ਮਾਸ ਖਾਣਾ ਕੁਰਹਿਤ ਦੱਸਿਆ ।।ਗੁਰੂ ਹਰਿ ਰਾਏ ਸਾਹਿਬ ਦੇ ਵੇਲੇ ਪੁਰਤਗਾਲ ਤੋਂ ਤਬਾਕੂ ਹਿੰਦੁਸਤਾਨ ਪੁਜਾ ਸੀ ਤਾਂ ਗੁਰਦੇਵ ਨੇ ਹਕੀਕਤ ਰਾਏ ਜੀ ਦੇ ਦਾਦਾ ਭਾਈ ਨੰਦ ਲਾਲ ਪੁਰੀ ਜੀ ਨੂੰ ਹਦਾਇਤ ਕੀਤੀ ਸੀ ਕਿ ਸਿੱਖ ਤਬਾਕੂਨੋਸ਼ੀ ਨਹੀ ਕਰੇਗਾ ।ਅੱਜ ਦੁਨੀਆਂ ਭਰ ਦੇ ਵਿਕਾਸ ਸ਼ੀਲ ਦੇਸ਼ ਕੈਂਸਰ ਅਤੇ ਮਾਨਸਿਕ ਪਾਗਲਪਨ ਲਈ ਤਬਾਕੂ ਨੂੰ ਜਿੰਮੇਵਾਰ ਠਹਿਰਾ ਚੁਕੇ ਹਨ ।ਜਨਤਕ ਥਾਵਾਂ ਤੇ ਤਬਾਕੂ ਦੇ ਸੇਵਨ ਅਤੇ ਇਸ਼ਿਤਿਹਾਰ ਬਾਜੀ ਪਾਬੰਦੀ ਤਾਂ ਲਗਾ ਹੀ ਦਿੱਤੀ ਗਈ ਹੈ ,ਇਸ ਤੋਂ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕਰਨ ਲਈ ਅਰਬਾਂ ਖਰਬਾਂ ਰੁਪਏ ਦੀ ਇਸ਼ਤਿਹਾਰ ਬਾਜੀ ਵੀ ਕੀਤੀ ਜਾ ਰਹੀ ਹੈ ।ਲੇਕਿਨ ਗੁਰੂ ਪਾਤਸ਼ਾਹ ਨੇ ਆਪਣੇ ਹੁਕਮ ਨਾਲ ਸਿਖਾਂ ਨੂੰ ਇਸ ਕੋਹੜ ਤੋ ਬਚਾ ਲਿਆ ।
ਕਕਾਰ ਸਿੱਖ ਦੀ ਗੁਰੂ ਭਗਤੀ ਪ੍ਰਤੀ ਦ੍ਰਿੜ ਆਸਥਾ ਦੇ ਪ੍ਰਤੀਕ ਹਨ। ਧਰਮ ਦੀ ਗਲ ਯੁੱਗਾਂ ਯੁੱਗਾਂ ਤੀਕ ਪ੍ਰਤੀਕਾਂ ਰਾਹੀ ਕੀਤੀ ਜਾਂਦੀ ਰਹੀ ਹੈ, ਰਚਿਆ ਗਿਆ ਸਾਹਿਤ, ਲਿਪੀ, ਭਾਸ਼ਾ, ਅੱਖਰ, ਹਿੰਦਸੇ, ਵੱਖ ਵੱਖ ਅਦਾਰਿਆਂ , ਕਿੱਤਿਆਂ, ਦੇਸ਼ਾ ਦੇ ਝੰਡੇ, ਖਤਰੇ, ਸ਼ਾਂਤੀ ਦੇ ਰੰਗ, ਇਥੋਂ ਤੀਕ ਕਿ ਸੜਕ ਤੇ ਰੇਲ ਰਾਸਤਿਆਂ ਲਈ ਵੀ ਚਿੰਨ, ਪ੍ਰਤੀਕ ਵਰਤੇ ਜਾਂਦੇ ਹਨ।ਠੀਕ ਉਸੇ ਤਰ੍ਹਾ ਕਕਾਰ ਵੀ ਚਿੰਨ, ਪ੍ਰਤੀਕ ਹਨ। ਅੰਮ੍ਰਿਤ ਦੀ ਰਹਿਤ ਮਰਿਆਦਾ ਤੇ ਕਕਾਰ ਸਿਖ ਧਰਮ ਸਿਧਾਂਤਾਂ ਨੂੰ ਦ੍ਰਿਸ਼ਟਮਾਨ ਕਰਦੇ ਹਨ। ਰਹਿਤਵਾਨ ਸਿੱਖ ਹਰੇਕ ਪ੍ਰਾਣੀ ਨੂੰ ਉਸ ਪਰਮਪਿਤਾ ਦੀ ਅੰਸ਼ ਮੰਨਦਾ ਹੈ ।ਗੁਰੂ ਦਾ ਸਿੱਖ ਕਿਸੇ ਬੁਤ, ਮੂਰਤੀ, ਸਮਾਧ, ਮੜੀ ਮਸਾਣ ਦਾ ਪੂਜਕ ਨਾ ਹੋਕੇ ਇਕ ਅਕਾਲ ਦਾ ਪੁਜਾਰੀ ਹੈ ।
ਜਾਗਤਿ ਜੋਤਿ ਜਪੈ ਨਿਸਿ ਬਾਸਰਿ ……..ਤਬਿ ਖਾਲਸ ਤਾਹਿ ਨਖਾਲਸ ਜਾਨੈ।
ਖੰਡੇ ਬਾਟੇ ਦੇ ਅੰਮ੍ਰਿਤ ਦੀ ਰਹਿਤ ਤੇ ਗੁਰੂ ਸਾਹਿਬਾਨ ਵਲੋਂ ਦ੍ਰਿੜਾਏ ਮਾਰਗ ਤੇ ਚਲਣ ਵਾਲਿਆਂ ਦੇ ਕਾਰਨਾਮਿਆਂ ਦਾ ਇਤਿਹਾਸ ਗਵਾਹ ਹੈ ਕਿ ਉਨ੍ਹਾਂ ਦੇ ਸਿਰ ਕਿਸੇ ਜਰਵਾਣੇ ਤੇ ਜ਼ਾਲਮ ਅੱਗੇ ਝੁੱਕੇ ਨਹੀਂ। ਜਿਨ੍ਹਾਂ ਅੱਖਾਂ ਵਿਚ ਖੰਡੇ ਬਾਟੇ ਦੇ ਅੰਮ੍ਰਿਤ ਦੇ ਛਿੱਟੇ ਪਾਏ ਗਏ, ਉਨ੍ਹਾਂ ਅੱਖਾਂ ਦੇ ਵਿੱਚ ਸ਼ਰਮ, ਹਯਾ ਅਤੇ ਬੀਰਤਾ ਰਹੀ।16-16 ਹਜਾਰ ਬੰਦੀ ਬਣਾਕੇ ਜ਼ਰਵਾਣਿਆਂ ਵਲੋਂ ਲਿਜਾਈਆਂ ਜਾ ਰਹੀਆਂ ਧੀਆਂ ਭੈਣਾਂ, ਜਿਨ੍ਹਾਂ ਦੀ ਇੱਜਤ ਟਕੇ ਟਕੇ ਨਿਲਾਮ ਹੋਣੀ ਸੀ ,ਜਰਵਾਣਿਆ ਪਾਸੋਂ ਛੁਡਾਕੇ ਭਾਰਤ ਦਾ ਸਵੈਮਾਣ ਵਾਪਸ ਲਿਆਂਦਾ ।ਜਿਸ ਮਨੁਖ ਨੇ ਇਹ ਪੰਜ ਘੁੱਟ ਅੰਮ੍ਰਿਤ ਦੇ ਪੀ ਲਏ ਉਸ ਦਾ ਸਰੀਰ ਸ਼ੁਧ ਤੇ ਆਤਮਾ ਬਲਵਾਨ ਹੋ ਗਈ ਜਿਨ੍ਹਾ ਦੇ ਕਿਰਦਾਰ ਬਾਰੇ ਕਾਜ਼ੀ ਨੂਰ ਮੁਹੰਮਦ ਜੋ ਆਪਣੀ ਲਿਖਤ ਵਿਚ ਸਿੱਖ ਨੂੰ ਸਗ (ਕੁਤਾ) ਲਿਖਦਾ ਹੈ, ਕਹਿੰਦਾ ਹੈ ਕਿ ਇਨ੍ਹਾ ਵਿਚ ਵਿਭਚਾਰ ਜਾਂ ਚੋਰੀ ਅਥਵਾ ਲਾਲਚ ਨਹੀ, ਪੂਰਾ ਜੀਵਨ ਗੁਰੂ ਪੰਥ ਨੂੰ ਸਮਰਪਿਤ ਹੈ ।
ਗੁਰਮਤਿ ਦੇ ਆਦਰਸ਼ਾਂ ਅਨੁਸਾਰ ਜੀਵਨ ਜਿਉਣ ਵਾਲੇ ਰਹਿਤਵਾਨ ਸਿੱਖ ਲਈ ਹੀ ਸਰਬੰਸਦਾਨੀ ਨੇ ਆਪਣਾ ਸਭ ਕੁਝ ਖਾਲਸੇ ’ਤੇ ਵਾਰ ਕੇ ਫੁਰਮਾਇਆ ’’ਰਹਿਤ ਪਿਆਰੀ ਮੁਝ ਕਉ ਸਿਖ ਪਿਆਰਾ ਨਾਹਿ’..’ਰਹਿਣੀ ਰਹੈ ਸੋਈ ਸਿਖ ਮੇਰਾ ਓਹ ਸਾਹਿਬ ਮੈˆ ਉਸਕਾ ਚੇਰਾ’।
ਇਕ ਅੰਗਰੇਜ ਮਿਸਟਰ ਪੈਲਗਰੀ ਦਸਮ ਪਿਤਾ ਦੇ ਸਾਬਤਿ ਸੂਰਤ ਸਿੱਖ ਦੀ ਤਾਰੀਫ ਵਰਨਣ ਕਰਦਿਆਂ ਲਿਖਦਾ ਹੈ ਕਿ ‘ਸੰਪੂਰਨ, ਸੋਹਣੀ ਦਿੱਖ, ੳਦਾਰਚਿਤ, ਸਹਿਜ, ਆਤਮ ਵਿਸ਼ਵਾਸ਼ੀ, ਖੁਲ ਦਿਲਾ, ਮਿਹਨਤੀ ਵਿਅਕਤੀ ਹੈ ਗੁਰੂ ਦਸਮੇਸ਼ ਦਾ ਖਾਲਸਾ’।
ਅੱਜ ਲੋੜ ਹੈ ਕਿ ਹਰ ਸਿੱਖ ਜਥੇਬੰਦੀ, ਧਰਮ ਪ੍ਰਚਾਰਕ, ਕਥਾ ਵਾਚਕ, ਵਿਦਵਾਨ, ਟਕਸਾਲਾਂ ਤੇ ਸਿਖ ਸੰਤ ਜਿਥੇ ਵੀ ਪ੍ਰਚਾਰ ਕਰਨ ਉਥੇ ਖੰਡੇ ਬਾਟੇ ਦੇ ਅੰਮ੍ਰਿਤ, ਪੰਜ ਕਕਾਰੀ ਰਹਿਤ, ਚਾਰ ਕੁਰਹਿਤਾ ਦਾ ਜਿਕਰ ਕਰਨ ਤੋਂ ਗੁਰੇਜ ਨਾ ਕਰਨ। ਧਰਮ ਪਰਚਾਰ ਅਤੇ ਪਰਸਾਰ ਦੇ ਨਵੀਨਤਮ ਸਾਧਨ ਅਪਨਾਏ ਜਾਣ, ਸਿੱਖੀ ਮਾਰਗ ਤੋਂ ਭਟਕ ਕੇ, ਨਸ਼ਿਆਂ ਦੀ ਦਲਦਲ ਵਿਚ ਗਲਤਾਨ ਅਤੇ ਪਤਿਤਪੁਣੇ ਦੇ ਰਾਹ ਪੈ ਚੁਕੇ ਨੌਜੁਆਨਾਂ ਨੂੰ ਮੋੜ ਲਿਆਉਣ ਲਈ ਯਤਨਸ਼ੀਲ ਹੋਈਏ ।